ਸਮੇਂ ਦੇ ਨਾਲ ਨਾਲ ਆਦਮੀ ਦੇ ਸ਼ੌਕ ਵੀ ਬਦਲਦੇ ਰਹਿੰਦੇ ਹਨ। ਕਈ ਵਾਰ ਤਾਂ ਇਹ ਸ਼ੌਕ ਜਨੂੰਨ ਦੀ ਹੱਦ ਤੱਕ ਪਹੁੰਚ ਜਾਂਦੇ ਹਨ। ਜਿਸ ਦੇ ਚਲਦੇ ਕਈ ਵਾਰ ਤਾਂ ਵੱਡੇ ਵਿਵਾਦ ਛਿੜ ਜਾਂਦੇ ਹਨ।
ਕੋਈ ਸਮਾਂ ਸੀ ਜਦੋਂ ਪੰਜਾਬੀ ਲੋਕ ਘੋੜੀਆਂ ਰੱਖਣ ਦੇ ਸ਼ੁਕੀਨ ਸਨ ਜਾਂ ਦੁੱਧ ਲਈ ਵਧੀਆ ਨਸਲ ਦੀਆਂ ਮੱਝਾਂ ਰੱਖੀਆਂ ਜਾਂਦੀਆਂ ਸਨ। ਖੇਤੀ ਬਾੜੀ ਲਈ ਵੀ ਚੰਗੇ ਬਲਦ ਰੱਖੇ ਜਾਂਦੇ ਸਨ।
ਕਿਸੇ ਕਿਸਾਨ ਕੋਲ ਜਿੰਨੀ ਨਰੋਈ ਬਲਦਾਂ ਦੀ ਜੋੜੀ ਹੁੰਦੀ ਸੀ, ਉਨੀ ਹੀ ਕਿਸਾਨ ਦੀ ਇਲਾਕੇ ਵਿੱਚ ਟੌਹਰ ਹੁੰਦੀ ਸੀ। ਅੱਜਕੱਲ੍ਹ ਲੋਕਾਂ ਨੂੰ ਵੱਖ ਵੱਖ ਕਿਸਮ ਦੇ ਕੁੱਤੇ ਰੱਖਣ ਦਾ ਸ਼ੌਕ ਹੈ।
ਇਨ੍ਹਾਂ ਕੁੱਤਿਆਂ ਦੇ ਮਾਲਕਾਂ ਦੇ ਮਨ ਵਿੱਚ ਕੁੱਤਿਆਂ ਪ੍ਰਤੀ ਇੰਨਾ ਪਿਆਰ ਹੈ ਕਿ ਉਹ ਕੁੱਤੇ ਨੂੰ ਕੁਝ ਹੋ ਜਾਣ ਤੇ ਕਿਸੇ ਵੀ ਹੱਦ ਤਕ ਜਾ ਸਕਦੇ ਹਨ। ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਇਸ ਦੀ ਮੂੰਹੋਂ ਬੋਲਦੀ ਉਦਾਹਰਣ ਹੈ। ਘਟਨਾ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਹਰਚੋਵਾਲ ਦੀ ਦੱਸੀ ਜਾਂਦੀ ਹੈ।
ਇੱਥੇ ਆਪਸ ਵਿੱਚ 2 ਕੁੱਤੇ ਖੇਡਦੇ ਹੋਏ ਇੱਕ ਦੂਜੇ ਦੇ ਪਿੱਛੇ ਭੱਜ ਰਹੇ ਸਨ। ਉਸੇ ਸਮੇਂ ਸੜਕ ਤੇ ਸਕੂਲ ਬੱਸ ਆ ਗਈ। ਬੱਸ ਦੇ ਅੱਗੇ ਕੁੱਤੇ ਆਉਣ ਕਾਰਨ ਬੱਸ ਇੱਕ ਕੁੱਤੇ ਦੇ ਉੱਤੋਂ ਲੰਘ ਗਈ।
ਜਿਸ ਨਾਲ ਕੁੱਤੇ ਦੀ ਜਾਨ ਚਲੀ ਗਈ। ਬਸ ਫੇਰ ਕੀ ਸੀ? ਕੁੱਤੇ ਦੇ ਮਾਲਕਾਂ ਨੇ ਆ ਕੇ ਸਕੂਲ ਦੀ ਬੱਸ ਘੇਰ ਲਈ। ਉਨ੍ਹਾਂ ਕੋਲ ਤਿੱਖੀਆਂ ਚੀਜ਼ਾਂ ਸਨ। ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਇਨ੍ਹਾਂ ਤਿੱਖੀਆਂ ਚੀਜ਼ਾਂ ਨਾਲ ਬੱਸ ਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ।
ਇਸ ਦ੍ਰਿਸ਼ ਨੂੰ ਦੇਖ ਕੇ ਬੱਚੇ ਰੋਣ ਲੱਗੇ। ਵੀਡੀਓ ਵਿੱਚ ਇਹ ਵੀ ਸੁਣਨ ਨੂੰ ਮਿਲਦਾ ਹੈ ਕਿ ਬੱਚਿਆਂ ਦੇ ਪੇਪਰ ਹੋ ਰਹੇ ਹਨ। ਰੌਲਾ ਰੱਪਾ ਸੁਣ ਕੇ ਬੱਚਿਆਂ ਦੇ ਪਰਿਵਾਰਾਂ ਦੇ ਜੀਅ ਵੀ ਪਹੁੰਚ ਗਏ।
ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। ਸੋਸ਼ਲ ਮੀਡੀਆ ਯੂਜ਼ਰ ਇਸ ਤੇ ਵੱਖੋ ਵੱਖਰੇ ਕੁਮੈੰਟ ਵੀ ਕਰ ਰਹੇ ਹਨ। ਕੁੱਤੇ ਦੇ ਮਾਲਕਾਂ ਮੁਤਾਬਕ ਕੁੱਤੇ ਦੀ ਕੀਮਤ 50 ਹਜ਼ਾਰ ਰੁਪਏ ਸੀ।
ਜੇਕਰ ਦੇਖਿਆ ਜਾਵੇ ਤਾਂ ਕੁੱਤੇ ਦੀ ਜਾਨ ਤਾਂ ਜਾ ਚੁੱਕੀ ਹੈ ਪਰ ਜੇਕਰ ਕਿਸੇ ਬੱਚੇ ਨੂੰ ਕੁਝ ਹੋ ਜਾਂਦਾ ਹੈ ਤਾਂ ਗੱਲ ਕਿੱਥੋਂ ਤਕ ਪਹੁੰਚੇਗੀ? ਫੇਰ ਇਸ ਮਾਮਲੇ ਤੇ ਕਿੰਨੀ ਰਕਮ ਖਰਚ ਆਵੇਗੀ?
ਕਈ ਵਾਰ ਆਦਮੀ ਆਪੇ ਤੋਂ ਬਾਹਰ ਹੋ ਕੇ ਅਜਿਹਾ ਕਦਮ ਚੁੱਕ ਬੈਠਦਾ ਹੈ, ਜਿਸ ਨੂੰ ਫੇਰ ਜਲਦੀ ਸੁਲਝਾਇਆ ਨਹੀਂ ਜਾ ਸਕਦਾ। ਪ੍ਰਸ਼ਾਸਨ ਨੂੰ ਇਸ ਮਾਮਲੇ ਵਿਚ ਗਲਤ ਬੰਦਿਆਂ ਤੇ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਲੋੜ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ