ਦਰਾਣੀ ਜਠਾਣੀ ਬਣੀਆਂ ਵੱਡੀਆਂ ਅਫਸਰ, ਇੱਕ DSP ਤੇ ਦੂਜੀ Principal

Tags

ਪ੍ਰਮਾਤਮਾ ਵੀ ਉਨ੍ਹਾਂ ਦੇ ਨਾਲ ਖੜ੍ਹਦਾ ਹੈ, ਜਿਹੜੇ ਡਟ ਕੇ ਮਿਹਨਤ ਕਰਦੇ ਹਨ। ਭਾਵ ਸਖ਼ਤ ਮਿਹਨਤ ਕਰਕੇ ਕਿਸੇ ਵੀ ਰੁਤਬੇ ਤੇ ਪਹੁੰਚਿਆ ਜਾ ਸਕਦਾ ਹੈ। ਇਸੇ ਲਈ ਤਾਂ ਮਿਹਨਤ ਨੂੰ ਸਫਲਤਾ ਦੀ ਕੂੰਜੀ ਕਿਹਾ ਜਾਂਦਾ ਹੈ।

ਸਾਲ 2018 ਵਿੱਚ ਰਾਜਸਥਾਨ ਦੇ ਇੱਕ ਗਰੀਬ ਪਰਿਵਾਰ ਦੀ ਲੜਕੀ ਸੋਨਲ ਸ਼ਰਮਾ ਨੇ ਜੁਡੀਸ਼ੀਅਲ ਸਰਵਿਸ ਦੀ ਪ੍ਰੀਖਿਆ ਪਾਸ ਕਰਕੇ ਜੱਜ ਦੇ ਰੁਤਬੇ ਤੱਕ ਪਹੁੰਚਣ ਦੀ ਹਿੰਮਤ ਦਿਖਾਈ ਸੀ।

ਸੋਨਲ ਸ਼ਰਮਾ ਨੂੰ ਪੜ੍ਹਾਈ ਕਰਨ ਲਈ ਸਾਈਕਲ ਤੇ ਕਾਲਜ ਜਾਣਾ ਪੈਂਦਾ ਸੀ। ਅੱਜ ਅਸੀਂ ਅਜਿਹੀਆਂ ਹੀ 2 ਹੋਰ ਔਰਤਾਂ ਦਾ ਜ਼ਿਕਰ ਕਰਦੇ ਹਾਂ। ਜਿਨ੍ਹਾਂ ਨੇ 2018 ਦੀ ਉੱਤਰ ਪ੍ਰਦੇਸ਼ ਦੀ ਪੀ ਸੀ ਐੱਸ ਦੀ ਪ੍ਰੀਖਿਆ ਪਾਸ ਕਰ ਲਈ।

ਇਨ੍ਹਾਂ ਦੇ ਨਾਮ ਸ਼ਾਲਿਨੀ ਸ੍ਰੀਵਾਸਤਵ ਪਤਨੀ ਸੌਰਵ ਸਿਨਹਾ ਅਤੇ ਨਮਿਤਾ ਸ਼ਰਣ ਪਤਨੀ ਸ਼ਿਸ਼ਿਰ ਕੁਮਾਰ ਸਿਨਹਾ ਹਨ। ਦੋਵੇਂ ਇੱਕ ਹੀ ਪਰਿਵਾਰ ਨਾਲ ਸਬੰਧ ਰੱਖਦੀਆਂ ਹਨ।

ਨਮਿਤਾ ਸ਼ਰਣ ਦਰਾਣੀ ਹੈ ਅਤੇ ਸ਼ਾਲਿਨੀ ਸ੍ਰੀਵਾਸਤਵ ਜਠਾਣੀ ਹੈ। ਇਨ੍ਹਾਂ ਦੇ ਸਹੁਰੇ ਦਾ ਨਾਮ ਡਾਕਟਰ ਓਮ ਪ੍ਰਕਾਸ਼ ਸਿਨਹਾ ਹੈ। ਜੋ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਬਲੀਆ ਦੇ ਹਲਕਾ ਸਿਕੰਦਰਪੁਰ ਦੇ ਬਨਹਰਾ ਦੇ ਰਹਿਣ ਵਾਲੇ ਹਨ।

ਨਮਿਤਾ ਸ਼ਰਣ ਨੇ 18ਵਾਂ ਰੈਂਕ ਹਾਸਲ ਕੀਤਾ। ਪ੍ਰੀਖਿਆ ਪਾਸ ਕਰਨ ਲਈ ਉਸ ਨੂੰ ਤੀਜੀ ਵਾਰ ਕੋਸ਼ਿਸ਼ ਕਰਨੀ ਪਈ। ਨਮਿਤਾ ਨੇ ਇਸ ਤੋਂ ਪਹਿਲਾਂ ਵੱਖ ਵੱਖ ਸਰਕਾਰੀ ਅਹੁਦਿਆਂ ਤੇ ਸੇਵਾ ਨਿਭਾਈ ਹੈ।

ਉਨ੍ਹਾਂ ਨੂੰ ਪੁਲਿਸ ਵਿਭਾਗ ਵਿੱਚ ਨੌਕਰੀ ਮਿਲੀ ਹੈ। ਸ਼ਾਲਿਨੀ ਸ੍ਰੀਵਾਸਤਵ ਇਹ ਪ੍ਰੀਖਿਆ ਦੇਣ ਸਮੇਂ ਵਾਰਾਣਾਸੀ ਦੇ ਰਾਮ ਨਗਰ ਸਥਿਤ ਰਾਧਾ ਕਿਸ਼ੋਰੀ ਸਰਕਾਰੀ ਗਰਲਜ਼ ਇੰਟਰ ਕਾਲਜ ਵਿੱਚ ਸਹਾਇਕ ਅਧਿਆਪਕਾ ਵਜੋਂ ਸਰਵਿਸ ਕਰਦੀ ਸੀ।

ਇਸ ਤੋਂ ਪਹਿਲਾਂ ਉਹ ਜ਼ਿਲ੍ਹਾ ਬਲੀਆ ਵਿੱਚ ਰਜੌਲੀ ਦੇ ਸਰਕਾਰੀ ਸਕੂਲ ਵਿੱਚ ਅਧਿਆਪਕਾ ਦੀ ਸੇਵਾ ਨਿਭਾਅ ਚੁੱਕੀ ਹੈ। ਇਸ ਤਰਾਂ 10 ਸਾਲ ਉਹ ਅਧਿਆਪਨ ਦੇ ਕਿੱਤੇ ਨਾਲ ਜੁੜੀ ਰਹੀ ਹੈ।

ਸ਼ਾਲਿਨੀ ਨੂੰ ਇਹ ਪ੍ਰੀਖਿਆ ਪਾਸ ਕਰਨ ਲਈ 2 ਵਾਰ ਕੋਸ਼ਿਸ਼ ਕਰਨੀ ਪਈ। ਦਰਾਣੀ-ਜਠਾਣੀ ਦੋਵੇਂ ਹੀ ਆਪਣੀ ਇਸ ਸਫਲਤਾ ਪਿੱਛੇ ਆਪਣੇ ਮਾਤਾ-ਪਿਤਾ, ਸੱਸ-ਸਹੁਰੇ ਅਤੇ ਪਤੀ ਦਾ ਹੱਥ ਮੰਨਦੀਆਂ ਹਨ।