2 ਸਾਲਾ ਧੀ ਸਣੇ 4 ਬੱਚਿਆਂ ਨੂੰ ਟਰੇਨ ‘ਚ ਛੱਡ ਕੇ ਪਿਤਾ ਗਾਇਬ

Tags

ਇਕ ਪਿਤਾ ਆਪਣੇ ਚਾਰ ਬੱਚਿਆਂ ਨੂੰ ਜਲੰਧਰ ਤੋਂ ਰੇਲਗੱਡੀ ਵਿਚ ਬਿਠਾ ਕੇ ਖੁਦ ਗਾਇਬ ਹੋ ਗਿਆ। ਬੱਚਿਆਂ ਨੂੰ ਲਾਵਾਰਸ ਹਾਲਤ 'ਚ ਦੇਖ ਕੇ ਟੀਟੀਈ ਸਮੇਤ ਹੋਰ ਯਾਤਰੀਆਂ ਨੇ ਦੂਜੇ ਡੱਬਿਆਂ 'ਚ ਉਹਨਾਂ ਦੇ ਪਿਤਾ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹ ਕਿਸੇ ਬੋਗੀ 'ਚ ਨਹੀਂ ਮਿਲਿਆ। ਜਦੋਂ ਟਰੇਨ ਲੁਧਿਆਣਾ ਪਹੁੰਚੀ ਤਾਂ ਇਹਨਾਂ ਚਾਰਾਂ ਬੱਚਿਆਂ ਨੂੰ ਰੇਲਵੇ ਚਾਈਲਡਲਾਈਨ ਦੇ ਹਵਾਲੇ ਕਰ ਦਿੱਤਾ ਗਿਆ। ਇਹਨਾਂ ਵਿਚ ਇਕ ਲੜਕਾ ਅਤੇ 3 ਲੜਕੀਆਂ ਹਨ। ਇਕ ਲੜਕੀ ਦੀ ਉਮਰ ਸਿਰਫ਼ ਦੋ ਸਾਲ ਹੈ। ਸਾਰੇ ਬੱਚਿਆਂ ਦੀ ਉਮਰ 2 ਸਾਲ, 8 ਸਾਲ (ਲੜਕਾ), 9 ਸਾਲ ਅਤੇ 10 ਸਾਲ ਹੈ।

ਜਾਣਕਾਰੀ ਅਨੁਸਾਰ ਇਹ ਬੱਚੇ ਐਤਵਾਰ ਰਾਤ 7.30 ਵਜੇ ਅੰਮ੍ਰਿਤਸਰ ਚੰਡੀਗੜ੍ਹ ਐਕਸਪ੍ਰੈਸ ਦੀ ਬੋਗੀ ਨੰਬਰ ਅੱਠ ਵਿਚ ਮਿਲੇ ਸਨ। ਇਹਨਾਂ ਕੋਲ ਇਕ ਬੋਰੀ ਵਿਚ ਦੋ ਕੰਬਲ ਅਤੇ ਕੱਪੜੇ ਸਨ। ਦੋ ਸਾਲ ਦੀ ਬੱਚੀ ਆਪਣੀ ਦਸ ਸਾਲ ਦੀ ਭੈਣ ਦੀ ਗੋਦ ਵਿਚ ਸੀ। ਟਰੇਨ 'ਚ ਬੱਚਿਆਂ ਨੂੰ ਲਾਵਾਰਸ ਹਾਲਤ 'ਚ ਦੇਖ ਕੇ ਟੀਟੀਈ ਨੇ ਹੋਰ ਬੋਗੀਆਂ ਵਿਚ ਇਹਨਾਂ ਦੇ ਪਿਤਾ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮਿਲਿਆ। ਜਦੋਂ ਟਰੇਨ ਲੁਧਿਆਣਾ ਪਹੁੰਚੀ ਤਾਂ ਇਹਨਾਂ ਬੱਚਿਆਂ ਨੂੰ ਰੇਲਵੇ ਚਾਈਲਡਲਾਈਨ ਦੇ ਹਵਾਲੇ ਕਰ ਦਿੱਤਾ ਗਿਆ। ਚਾਈਲਡਲਾਈਨ ਦੇ ਕੋਆਰਡੀਨੇਟਰ ਕੁਲਵਿੰਦਰ ਸਿੰਘ ਡਾਂਗੋ ਅਤੇ ਟੀਮ ਦੇ ਮੈਂਬਰ ਸੌਰਵ ਕੋਹਲੀ, ਮਨਵੀਰ ਸਿੰਘ ਅਤੇ ਆਰਤੀ ਨੇ ਬੱਚਿਆਂ ਦੀ ਦੇਖਭਾਲ ਕੀਤੀ।


ਜਿਸ ਤੋਂ ਬਾਅਦ ਮਾਮਲਾ ਬਾਲ ਭਲਾਈ ਕਮੇਟੀ ਦੇ ਚੇਅਰਮੈਨ ਗੁਰਜੀਤ ਸਿੰਘ ਰੋਮਾਣਾ ਅਤੇ ਮੈਂਬਰ ਐਡਵੋਕੇਟ ਆਦਰਸ਼ ਸ਼ਰਮਾ ਦੇ ਧਿਆਨ ਵਿਚ ਲਿਆਂਦਾ ਗਿਆ। ਦੇਰ ਰਾਤ ਬੱਚਿਆਂ ਨੂੰ ਸ਼੍ਰੀ ਬਾਲਾਜੀ ਪ੍ਰੇਮ ਆਸ਼ਰਮ ਅਤੇ ਨਿਖਿਲ ਵਿਦਿਆਲਿਆ ਵਿਚ ਰੱਖਿਆ ਗਿਆ। ਕੁਲਵਿੰਦਰ ਸਿੰਘ ਡਾਂਗੋ ਨੇ ਦੱਸਿਆ ਕਿ ਬੱਚਿਆਂ ਦਾ ਕਹਿਣਾ ਹੈ ਕਿ ਉਹ ਛੱਤੀਸਗੜ੍ਹ ਦੇ ਬਿਲਾਸਪੁਰ ਦੇ ਰਹਿਣ ਵਾਲੇ ਹਨ। ਉਹਨਾਂ ਦੀ ਮਾਂ ਦਾ ਦਿਹਾਂਤ ਹੋ ਗਿਆ ਹੈ ਅਤੇ ਪਿਤਾ ਵੱਖ-ਵੱਖ ਸ਼ਹਿਰਾਂ ਵਿਚ ਭੱਠੇ ’ਤੇ ਕੰਮ ਕਰਦੇ ਹਨ । ਐਤਵਾਰ ਰਾਤ ਉਹਨਾਂ ਨੇ ਆਪਣੇ ਪਿਤਾ ਨਾਲ ਚੰਡੀਗੜ੍ਹ ਨੇੜੇ ਮਨਸਾ ਦੇਵੀ ਜਾਣਾ ਸੀ। ਜਲੰਧਰ ਸਟੇਸ਼ਨ 'ਤੇ ਪਿਤਾ ਨੇ ਚਾਰਾਂ ਨੂੰ ਉਹਨਾਂ ਦੇ ਸਾਮਾਨ ਸਮੇਤ ਟਰੇਨ 'ਚ ਬਿਠਾਇਆ ਅਤੇ ਕਿਹਾ ਕਿ ਉਹ ਵੀ ਟਰੇਨ 'ਚ ਚੜ੍ਹ ਜਾਣਗੇ।