ਟਰੰਪ ਨੇ ਭਾਰਤ ਨੂੰ ਦਿੱਤੀ ਧਮਕੀ, ਕਹਿੰਦਾ ਕਰੋ ਇਹ ਕੰਮ ਨਹੀਂ ਤਾਂ

Tags

ਅਮਰੀਕਾ ’ਚ ਕੋਰੋਨਾ ਵਾਇਰਸ ਦਾ ਸੰਕਟ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ। ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਪਰੀਖਣ ਵਜੋਂ ਭਾਰਤ ਤੋਂ ਦਵਾਈਆਂ ਦੀ ਸਪਲਾਈ ਆਸ ਰੱਖ ਰਹੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਆਪਣੀ ਮੰਗ ਦੁਹਰਾਈ ਹੈ। ਖ਼ਬਰ ਏਜੰਸੀ ਏਐੱਨਆਈ ਮੁਤਾਬਕ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਇਸ ਬਾਰੇ ਮੈਂ ਐਤਵਾਰ ਦੀ ਸਵੇਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕੀਤੀ ਤੇ ਮੈਂ ਕਿਹਾ ਕਿ ਜੇ ਤੁਸੀਂ ਸਾਡੀ ਹਾਈਡ੍ਰੋਕਸੀਕਲੋਰੋਕੁਈਨ ਦਵਾਈ ਦੀ ਸਪਲਾਈ ਦੀ ਇਜਾਜ਼ਤ ਦੇ ਰਹੇ ਹੋ, ਤਾਂ ਅਸੀਂ ਇਸ ਦੀ ਸ਼ਲਾਘਾ ਕਰਾਂਗੇ ਪਰ ਜੇ ਨਾ ਭੇਜੀ, ਤਾਂ ਸਾਡੇ ਤੋਂ ਵੀ ਉਹੋ ਜਿਹੇ ਪ੍ਰਤੀਕਰਮ ਦੀ ਆਸ ਰੱਖਿਓ।

ਭਾਰਤ ਨੇ ਅਮਰੀਕਾ ਨੂੰ ਸਪੱਸ਼ਟ ਤੌਰ ’ਤੇ ਦੱਸਿਆ ਕਿ ਅਸੀਂ ਆਪਣੀ 130 ਕਰੋੜ ਦੀ ਆਬਾਦੀ ਨੂੰ ਕੋਰੋਨਾ ਵਾਇਰਸ ਦੀ ਮਹਾਮਾਰੀ ਤੋਂ ਸੁਰੱਖਿਅਤ ਰੱਖਣ ਤੋਂ ਬਾਅਦ ਹੀ ਕੋਰੋਨਾ ਵਾਇਰਸ ਦੇ ਮਰੀਜ਼ਾਂ ਤੇ ਸਿਹਤ ਕਾਮਿਆਂ ਦੀ ਰੋਗ–ਨਿਵਾਰਕ ਦਵਾਈ ਹਾਈਡ੍ਰੋਕਸੀਕਲੋਰੋਕੁਈਨ ਦੀ ਸਪਲਾਈ ਕਰਾਂਗੇ। ਸ੍ਰੀ ਟਰੰਪ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇ ਭਾਰਤ ਹਾਈਡ੍ਰੋਕਸੀਕਲੋਰੋਕੁਈਨ ਦਵਾਈ ਦੇ ਆਰਡਰ ਦੀ ਸਪਲਾਈ ਕਰਨ ਦੀ ਮਨਜ਼ੂਰੀ ਦਿੰਦਾ ਹੈ, ਤਾਂ ਅਸੀਂ ਇਸ ਦੀ ਸ਼ਲਾਘਾ ਕਰਾਂਗੇ। ਜੇ ਅਜਿਹਾ ਨਹੀਂ ਹੁੰਦਾ ਹੈ, ਤਦ ਵੀ ਕੋਈ ਗੱਲ ਨਹੀਂ ਹੈ। ਇੱਥੇ ਵਰਨਣਯੋਗ ਹੈ ਕਿ ਹਾਈਡ੍ਰੋਕਸੀਕਲੋਰੋਕੁਈਨ ਦਵਾਈ ਮਲੇਰੀਆ ਰੋਗ ਨੂੰ ਠੀਕ ਕਰਨ ਲਈ ਹੁੰਦੀ ਹੈ; ਭਾਰਤ ਹੀ ਇਸ ਦਾ ਪ੍ਰਮੁੱਖ ਬਰਾਮਦਕਾਰ ਦੇਸ਼ ਹੈ।

ਦਰਅਸਲ, ਕੋਰੋਨਾ ਸੰਕਟ ਨਾਲ ਘਿਰੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹਾਈਡ੍ਰੋਕਸੀਕਲੋਰੋਕੁਈਨ ਦਵਾਈ ਦੇ ਆਰਡਰ ਦੀ ਸਪਲਾਈ ਕਰਨ ਦੀ ਅਪੀਲ ਉੱਤੇ ਭਾਰਤ ਨੇ ਕਿਹਾ ਕਿ ਇੱਕ ਜ਼ਿੰਮੇਵਾਰ ਦੇਸ਼ ਹੋਣ ਦੇ ਨਾਤੇ ਸਾਡੇ ਤੋਂ ਜਿੰਨਾ ਵੀ ਹੋ ਸਕੇਗਾ, ਅਸੀਂ ਮਦਦ ਕਰਾਂਗੇ। ਸ੍ਰੀ ਟਰੰਪ ਨੇ ਨਾਲ ਹੀ ਇਹ ਵੀ ਕਿਹਾ ਕਿ ਜੇ ਭਾਰਤ ਇਹ ਦਵਾਈ ਭੇਜਣ ਦੀ ਇਜਾਜ਼ਤ ਨਹੀਂ ਦਿੰਦਾ, ਤਦ ਵੀ ਕੋਈ ਗੱਲ ਨਹੀਂ। ਪਰ ਉਹ ਸਾਡੇ ਤੋਂ ਵੀ ਤਦ ਅਜਿਹੇ ਪ੍ਰਤੀਕਰਮ ਦੀ ਆਸ ਰੱਖਣ। ਇੰਝ ‘ਨਾਂਹ’ ਹੋਣ ਦੀ ਹਾਲਤ ’ਚ ਸ੍ਰੀ ਟਰੰਪ ਨੇ ਸਿੱਧੇ ਤੌਰ ’ਤੇ ‘ਜਵਾਬੀ ਕਾਰਵਾਈ’ ਕਰਨ ਦੀ ਅਸਿੱਧੀ ਚੇਤਾਵਨੀ ਦੇ ਦਿੱਤੀ ਹੈ।