ਬੱਬੂ ਮਾਨ ਫਸਿਆ ਕਸੂਤਾ, ਔਰਤਾਂ ਦਾ ਮਜ਼ਾਕ ਪਿਆ ਮਹਿੰਗਾ

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ ਕਾਰਨ ਪੰਜਾਬ ਦੇ ਪ੍ਰਸਿੱਧ ਗਾਇਕ ਅਦਾਕਾਰ ਲੇਖਕ ਸੰਗੀਤਕਾਰ ਅਤੇ ਨਿਰਮਾਤਾ ਤਜਿੰਦਰ ਸਿੰਘ ਉਰਫ ਬੱਬੂ ਮਾਨ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਇਸ ਗਾਇਕ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਨੇ ਜ਼ੋਰ ਫੜ ਲਿਆ ਹੈ। ਇਸ ਸਬੰਧੀ ਥਾਣਾ ਭਦੌੜ ਦੇ ਮੁਖੀ ਹਰਸਿਮਰਨਜੀਤ ਸਿੰਘ ਨੇ ਦੱਸਿਆ ਕਿ ਬੂਟਾ ਖਾਨ ਪੁੱਤਰ ਅਜ਼ੀਜ਼ ਖ਼ਾਨ ਵਾਸੀ ਭਦੌੜ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਪੰਜਾਬੀ ਗਾਇਕ ਅਤੇ ਫਿਲਮੀ ਅਦਾਕਾਰ ਬੱਬੂ ਮਾਨ ਨੇ ਆਪਣੀ ਨਿੱਜੀ ਟਿਕਟਾਕ ਤੋਂ ਇਕ ਵੀਡੀਓ ਅਪਲੋਡ ਕੀਤੀ ਹੈ ਜਿਸ ਵਿੱਚ ਮਰਾਸੀ ਬਰਾਦਰੀ (ਮੀਰ ਆਲਮ) ਦੀ ਔਰਤ ਨੂੰ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਕੇ ਪੂਰੀ ਦੁਨੀਆ ਵਿਚ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਸ਼ਿਕਾਇਤ ਦੇ 'ਤੇ ਪੜਤਾਲ ਕਰਨ ਉਪਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜ਼ਿਲ੍ਹਾ ਬਰਨਾਲਾ ਦੇ ਗਾਇਕ ਘਰਾਣਾ ਭਦੌੜ ਤੋਂ ਬੱਬੂ ਮਾਨ ਖ਼ਿਲਾਫ਼ ਥਾਣੇ 'ਚ ਸ਼ਿਕਾਇਤ ਦਰਜ ਹੋ ਚੁੱਕੀ ਹੈ। ਬੂਟਾ ਖ਼ਾਨ, ਬੱਬੂ ਖ਼ਾਨ, ਜ਼ੁਲਫੀਕਾਰ ਅਲੀ ਅਤੇ ਸ਼ਰੀਫ਼ ਅਲੀ ਨੇ ਦੱਸਿਆ ਕਿ ਪਹਿਲਾਂ ਵੀ ਗਾਇਕ ਅਤੇ ਅਦਾਕਾਰ ਤੇਜਿੰਦਰ ਸਿੰਘ ਉਰਫ ਬੱਬੂ ਮਾਨ ਨੇ ਸਟੇਜ ਤੋਂ ਮਾਇਕ ਤੇ ਗਾਇਕ ਸਾਰਥੀ ਕੇ ਦੇ ਜ਼ਰੀਏ ਵੀ ਸਾਡੀ ਜਾਤ-ਪਾਤ ਸਬੰਧੀ ਗਲਤ ਸ਼ਬਦ ਬੋਲੇ ਸਨ ਪਰ ਅਸੀਂ ਜ਼ਿਆਦਾ ਗ਼ੌਰ ਨਹੀਂ ਕੀਤੀ ਹੁਣ ਇੱਕ ਵਾਰ ਫੇਰ ਬੱਬੂ ਮਾਨ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਪਾ ਕੇ ਸਾਡੀ ਜਾਤ ਦੀਆਂ ਔਰਤਾਂ ਨੂੰ ਗ ਲ ਤ ਚਰਿੱਤਰ ਦੇ ਤੌਰ 'ਤੇ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਜੋ ਇੱਕ ਅਤਿ ਨਿੰਦਣਯੋਗ ਹਰਕਤ ਹੈ ਜਿਸ ਨੂੰ ਇਨਸਾਨੀਅਤ ਦੇ ਤੌਰ 'ਤੇ ਕਦੇ ਵੀ ਮਾਫ਼ ਨਹੀਂ ਕੀਤਾ ਜਾ ਸਕਦਾ ਜਿਸ ਦੇ ਸਬੰਧ ਵਿੱਚ ਉਨ੍ਹਾਂ ਆਪਣੀ ਬਰਾਦਰੀ ਵੱਲੋਂ ਇਕੱਠੇ ਹੋ ਕੇ ਥਾਣਾ ਭਦੌੜ ਦੇ ਐੱਸਐੱਚਓ ਹਰਸਿਮਰਨਜੀਤ ਸਿੰਘ ਨੂੰ ਗਾਇਕ ਖ਼ਿਲਾਫ਼ ਸ਼ਿਕਾਇਤ ਦੇ ਕੇ ਸਖ਼ਤ ਕਾਰਵਾਈ ਕਰਨ ਦੀ ਮੰਗ ਰੱਖੀ ਹੈ।