ਸ੍ਰੀ ਦਰਬਾਰ ਸਾਹਿਬ ਪਹਿਲੀ ਵਾਰੀ ਅੰਦਰ ਬਿਜਲੀ ਕਿਵੇਂ ਆਈ

Tags

ਹਰਿਮੰਦਰ ਸਾਹਿਬ ਦਾ ਬਿਜਲੀਕਰਨ, ਇਕ ਸਮੱਸਿਆ ਦੇ ਤੌਰ ਤੇ 19ਵੀਂ ਸਦੀ ਦੇ ਅੰਤ ਵਿਚ ਸਾਮ੍ਹਣੇ ਆਇਆ ਸੀ । 19ਵੀਂ ਸਦੀ ਦੇ ਅੰਤ ਵਿਚ ਇਸ ਗੱਲ ਤੇ ਬਹੁਤ ਵਾਦ-ਵਿਵਾਦ ਹੋਇਆ ਕਿ ਹਰਿਮੰਦਰ ਸਾਹਿਬ ਦੇ ਖੇਤਰ ਵਿਚ ਬਿਜਲੀ ਲਗਾਈ ਜਾਵੇ ਜਾਂ ਨਾ ਲਗਾਈ ਜਾਵੇ । ਇਸ ਦੇ ਹੱਕ ਵਿਚ ਅਤੇ ਇਸ ਦੇ ਵਿਰੋਧ ਵਿਚ ਕਈ ਦ੍ਰਿਸ਼ਟੀਕੋਣ ਸਨ ਅਤੇ ਦੋਹਾਂ ਪਾਸਿਆਂ ਵੱਲੋਂ ਬਿਨਾਂ ਹਾਰ ਮੰਨਿਆਂ ਇਹ ਵਾਦ-ਵਿਵਾਦ ਘਮਸਾਨ ਵਰਗਾ ਚੱਲ ਰਿਹਾ ਸੀ । ਜਿਵੇਂ ਕਿ ਉਸ ਸਮੇਂ ਦਾ ਰਿਵਾਜ ਸੀ , ਧਾਰਮਿਕ ਅਤੇ ਸਮਾਜਿਕ ਮੱਤ-ਭੇਦਾਂ ਵਿਚ ਕੋਈ ਵੀ ਹੱਦ-ਬੰਨਾ ਅਤੇ ਵਾਦ-ਵਿਵਾਦ ਬਾਕੀ ਨਹੀਂ ਸੀ ਛੱਡਿਆ ਜਾਂਦਾ ਅਤੇ ਮਾਮਲੇ ਨੂੰ ਆਪਣੇ ਹੱਕ ਵਿਚ ਭੁਗਤਾਉਣ ਵਾਸਤੇ ਮਾੜੇ ਤੋਂ ਮਾੜਾ ਸ਼ਬਦ ਵਰਤਣ ਤੋਂ ਵੀ ਗੁਰੇਜ ਨਹੀਂ ਕੀਤਾ ਜਾਂਦਾ ਸੀ ।

ਵਿਰੋਧੀਆਂ ਵੱਲੋਂ ਜੇਕਰ ਪਰੰਪਰਾ ਅਤੇ ਪ੍ਰਯੋਗ ਆਪਣੇ ਹੱਕ ਵਿਚ ਭੁਗਤਾਇਆ ਜਾ ਰਿਹਾ ਸੀ ਤਾਂ ਜਿਹੜੇ ਇਸ ਗੱਲ ਦੇ ਪੈਰੋਕਾਰ ਸਨ ਉਹ ਸਮੇਂ ਨਾਲ ਚੱਲਣ ਦੀ ਦਲੀਲ ਦਿੰਦੇ ਸਨ ਅਤੇ ਉਹਨਾਂ ਨੂੰ ਵਿਅੰਗਰੂਪ ਵਿਚ ਬਿਜਲੀ-ਭਗਤ ਕਿਹਾ ਜਾਂਦਾ ਸੀ ।  ਸ੍ਰੀ ਗੁਰੂ ਸਿੰਘ ਸਭਾ , ਅੰਮ੍ਰਿਤਸਰ ਵੱਲੋਂ ਪਹਿਲਾਂ ਇਸ ਬਾਰੇ ਗੱਲ-ਬਾਤ ਸ਼ੁਰੂ ਕੀਤੀ ਗਈ । 26 ਜਨਵਰੀ 1896 ਨੂੰ ਆਪਣੇ 23ਵੇਂ ਇਜਲਾਸ ਵਿਚ ਸਭਾ ਨੇ ਇਕ ਪ੍ਰਸਤਾਵ ਪਾਸ ਕੀਤਾ ਜਿਸ ਵਿਚ ਹਰਿਮੰਦਰ ਸਾਹਿਬ ਵਿਚ ਬਿਜਲੀ ਲਗਾਏ ਜਾਣ ਦੀ ਸਿਫ਼ਾਰਸ਼ ਕੀਤੀ ਗਈ । ਸਰਦਾਰ ਸੁੰਦਰ ਸਿੰਘ ਮਜੀਠੀਆ ਨੇ ਸਰੋਤਿਆਂ ਨੂੰ ਕਿਹਾ ਕਿ ਸੁੰਦਰਤਾ ਵਿਚ ਸ੍ਰੀ ਹਰਿਮੰਦਰ ਸਾਹਿਬ ਦਿਨੇ ਬੈਕੁੰਠ ਦੀ ਤਰ੍ਹਾਂ ਸੁੰਦਰ ਦਿਖਾਈ ਦਿੰਦਾ ਹੈ ਪਰੰਤੂ ਰਾਤ ਨੂੰ ਹਨੇਰੇ ਵਿਚ ਢਕਿਆ ਜਾਂਦਾ ਹੈ ।

ਕਈ ਬਿਰਧ ਅਤੇ ਪਾਵਨ ਵਿਅਕਤੀ ਜਿਹੜੇ ਸ਼ਾਮ ਵੇਲੇ ਜਾਂ ਸਵੇਰੇ ਅੰਮ੍ਰਿਤ ਵੇਲੇ ਆਪਣੀ ਸ਼ਰਧਾ ਭੇਟ ਕਰਨ ਆਉਂਦੇ ਹਨ ਚਾਨਣ ਨਾ ਹੋਣ ਕਰਕੇ ਡਿੱਗ ਕੇ ਜ਼ਖ਼ਮੀ ਹੋ ਜਾਂਦੇ ਹਨ । ਸਰਦਾਰ ਸੁੰਦਰ ਸਿੰਘ ਨੇ ਸਿਫ਼ਾਰਸ਼ ਕੀਤੀ ਕਿ ਬਿਜਲੀ ਹਰਿਮੰਦਰ ਸਾਹਿਬ ਦੀ ਸ਼ੋਭਾ ਨੂੰ ਵਧਾਏਗੀ ਅਤੇ ਆਉਣ ਵਾਲੇ ਸ਼ਰਧਾਲੂਆਂ ਲਈ ਵਰਦਾਨ ਸਾਬਤ ਹੋਏਗੀ । ਦਰਬਾਰ ਸਾਹਿਬ ਦੇ ਮਨੇਜਰ ਕਰਨਲ ਸਰਦਾਰ ਜਵਾਲਾ ਸਿੰਘ ਅਤੇ ਖ਼ਾਲਸਾ ਹਾਈ ਸਕੂਲ , ਗੁਜਰਾਂਵਾਲਾ ਦੇ ਮਾਸਟਰ ਨਰੈਣ ਸਿੰਘ ਨੇ ਸਰਦਾਰ ਸੁੰਦਰ ਸਿੰਘ ਦੀ ਇਸ ਤਜਵੀਜ਼ ਦੀ ਪ੍ਰੋੜਤਾ ਕੀਤੀ । ਇਸ ਯੋਜਨਾ ਨੂੰ ਸਿਰੇ ਚੜ੍ਹਾਉਣ ਲਈ ਸਰਦਾਰ ਬਹਾਦਰ ਸਰਦਾਰ ਅਰਜਨ ਸਿੰਘ ਦੀ ਪ੍ਰਧਾਨਗੀ ਹੇਠ ਇਕ 11 ਮੈਂਬਰੀ ਕਮੇਟੀ ਬਣਾਈ ਗਈ । ਕਮੇਟੀ ਨੇ ਬਾਬਾ ਸਰ ਖੇਮ ਸਿੰਘ ਬੇਦੀ , ਰਾਇ ਬਹਾਦਰ ਸਰਦਾਰ ਸੁਜਾਨ ਸਿੰਘ ਰਾਵਲਪਿੰਡੀ ਅਤੇ ਅਟਾਰੀ ਦੇ ਸਰਦਾਰ ਬਲਵੰਤ ਸਿੰਘ ਵਰਗੇ ਕੌਮ ਦੇ ਪ੍ਰਭਾਵਸ਼ਾਲੀ ਵਿਅਕਤੀਆਂ ਦੀ ਹਿਮਾਇਤ ਪ੍ਰਾਪਤ ਕਰ ਲਈ ਸੀ । ਚੰਦੇ ਦੀਆਂ ਸੂਚੀਆਂ ਬਣ ਗਈਆਂ ਅਤੇ ਪਿੰਡਾਂ ਤੇ ਸ਼ਹਿਰਾਂ ਵਿਚ ਉਗਰਾਹੀ ਦਾ ਕੰਮ ਸ਼ੁਰੂ ਹੋ ਗਿਆ । 

ਬਿਜਲੀਕਰਨ-ਕਮੇਟੀ ਨੇ ਫ਼ਰੀਦਕੋਟ ਦੇ ਰਾਜਾ ਬਿਕਰਮ ਸਿੰਘ ਕੋਲ ਕੁਝ ਵਿਅਕਤੀਆਂ ਦਾ ਸਮੂਹ ਭੇਜਿਆ । ਰਾਜਾ ਬਿਕਰਮ ਸਿੰਘ ਅੰਮ੍ਰਿਤਸਰ ਖ਼ਾਲਸਾ ਦੀਵਾਨ ਦੇ ਸਰਪ੍ਰਸਤ ਸਨ ਅਤੇ ਧਾਰਮਿਕ ਅਤੇ ਜਨਤਿਕ ਕੰਮਾਂ ਵਿਚ ਖੁੱਲ੍ਹੇ ਹੱਥ ਨਾਲ ਮਦਦ ਕਰਦੇ ਸਨ । ਗਰੁੱਪ ਦੀ ਅਗਵਾਈ ਕਰਨ ਵਾਲੇ ਕਰਨਲ ਜਵਾਲਾ ਸਿੰਘ ਅਤੇ ਸਰਦਾਰ ਸੁੰਦਰ ਸਿੰਘ ਮਜੀਠੀਆ ਧਨ ਦੀ ਮਦਦ ਦਾ ਮਹਾਰਾਜੇ ਵੱਲੋਂ ਭਰੋਸਾ ਲੈ ਕੇ ਵਾਪਸ ਆ ਗਏ ।