ਲੱਖੇ ਸਿਧਾਣੇ ਨੇ ਮੁਸਲਮਾਨ ਭਰਾਵਾਂ ਲਈ ਅਮਿਤ ਸ਼ਾਹ ਨਾਲ ਲਿਆ ਪੰਗਾ

Tags

ਬਠਿੰਡਾ ਵਿਚ ਦਲ ਖ਼ਾਲਸਾ ਤੇ ਹੋਰ ਸਿੱਖ ਜਥੇਬੰਦੀਆਂ ਵਲੋਂ ਇਕ ਸਾਂਝਾ ਰੋਸ ਮਾਰਚ ਕੀਤਾ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਦਲ ਖ਼ਾਲਸਾ ਦੇ ਆਗੂਆਂ ਨੇ ਫ਼ਿਰਕਾਪ੍ਰਸਤ ਮੋਦੀ ਹਕੂਮਤ ਦੇ 'ਕੈਬ' ਕਾਨੂੰਨ ਦੀ ਨਿੰਦਿਆ ਕਰਦਿਆਂ ਘੱਟ ਗਿਣਤੀਆਂ ਨੂੰ ਇਕ ਝੰਡੇ ਹੇਠ ਇਕੱਠੇ ਹੋਣ ਦੀ ਅਪੀਲ ਕੀਤੀ |  ਸਿੱਖ ਸਹਿਯੋਗੀ ਜਥੇਬੰਦੀਆਂ ਜਿਨ੍ਹਾਂ ਵਿਚ ਸ਼ੋ੍ਰਮਣੀ ਅਕਾਲੀ ਦਲ (ਅਮਿ੍ੰਤਸਰ), ਸਿੱਖ ਯੂਥ ਆਫ਼ ਪੰਜਾਬ, ਸਿੱਖ ਸਟੂਡੈਂਟਸ ਫੈਡਰੇਸ਼ਨ, ਪੰਜਾਬੀ ਮਾਂ ਬੋਲੀ ਸਤਿਕਾਰ ਸਭਾ ਵਲੋਂ ਰੋਸ ਮਾਰਚ ਕੀਤਾ ਗਿਆ | ਕਾਲੇ ਝੰਡੇ ਅਤੇ ਹੱਥਾਂ ਵਿਚ ਤਖ਼ਤੀਆਂ ਫੜ ਕੇ ਕੱਢਿਆ ਇਹ ਮਾਰਚ ਗੁਰਦੁਆਰਾ ਸਾਹਿਬ ਕਿਲ੍ਹਾ ਮੁਬਾਰਕ ਤੋਂ ਸ਼ੁਰੂ ਹੋ ਕੇ ਬਾਜ਼ਾਰਾਂ ਵਿਚੋਂ ਦੀ ਗੁਜ਼ਰਦਾ ਹੋਇਆ ਬੱਸ ਸਟੈਂਡ ਸਾਹਮਣੇ ਸਮਾਪਤ ਹੋ ਗਿਆ |

ਇਸ ਮੌਕੇ ਦਲ ਖ਼ਾਲਸਾ ਦੇ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਮਹਿਰਾਜ ਨੇ ਘੱਟ ਗਿਣਤੀ ਲੋਕਾਂ ਨੂੰ 'ਕੈਬ' ਵਰਗੇ ਖ਼ਤਰਨਾਕ ਕਾਨੂੰਨ ਵਿਰੁੱਧ ਸੜਕਾਂ 'ਤੇ ਕੇ ਆ ਕੇ ਵਿਰੋਧ ਕਰਨ ਦੀ ਅਪੀਲ ਕਰਦਿਆਂ 'ਕੈਬ' ਨੂੰ ਮੁਸਲਮਾਨਾਂ ਸਮੇਤ ਹਰ ਘੱਟ ਗਿਣਤੀ ਦੇ ਲੋਕਾਂ ਲਈ ਇਕ ਗਲਤ ਕਦਮ ਕਰਾਰ ਦਿੱਤਾ | ਜਥੇਬੰਦੀ ਦੇ ਕੇਂਦਰੀ ਵਰਕਿੰਗ ਕਮੇਟੀ ਮੈਂਬਰ ਭਾਈ ਗੁਰਵਿੰਦਰ ਸਿੰਘ ਬਠਿੰਡਾ ਨੇ ਸਿੱਖਾਂ ਨੂੰ ਮੁਸਲਿਮ ਭਾਈਚਾਰੇ ਦੀ ਖੁੱਲ੍ਹ ਕੇ ਹਮਾਇਤ ਦੀ ਅਪੀਲ ਕੀਤੀ, ਲਖਵੀਰ ਸਿੰਘ ਲੱਖਾ ਸਿਧਾਣਾ ਨੇ ਮੋਦੀ ਸਰਕਾਰ ਦੀਆਂ ਨੀਤੀਆਂ ਤੋਂ ਸੁਚੇਤ ਹੋਣ ਦਾ ਸੱਦਾ ਦਿੱਤਾ | ਸ਼੍ਰੋਮਣੀ ਅਕਾਲੀ ਦਲ (ਅਮਿ੍ੰਤਸਰ) ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਬਾਂਲਿਆਵਾਲੀ ਨੇ ਸਾਰੀਆਂ ਘੱਟ ਗਿਣਤੀਆਂ ਨੂੰ ਇਕ ਝੰਡੇ ਹੇਠ ਇਕੱਠੇ ਹੋਣ ਦੀ ਅਪੀਲ ਕੀਤੀ |