ਫਸ ਗਏ ਕੁੰਢੀਆਂ ਦੇ ਸਿੰਗ, ਲੜ ਪਏ ਮਨਪ੍ਰੀਤ ਬਾਦਲ ਤੇ ਰਵਨੀਤ ਬਿੱਟੂ

Tags

ਕੱਲ੍ਹ ਕਾਂਗਰਸ ਦੇ ਐਮਪੀ ਰਵਨੀਤ ਬਿੱਟੂ ਵੱਲੋਂ ਬਠਿੰਡੇ ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਪੰਜਾਬ ਦੇ ਵਿੱਤ ਮੰਤਰਾਲੇ 'ਤੇ ਕਈ ਸਵਾਲ ਚੁੱਕੇ ਸਨ। ਇਸ ਦੇ ਜਵਾਬ ਵਿੱਚ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਕਿਹਾ ਕਿ ਜੇਕਰ ਬਿੱਟੂ ਨੂੰ ਮੇਰੇ 'ਤੇ ਵਿਸ਼ਵਾਸ ਨਹੀਂ ਤਾਂ ਉਹ ਪੰਜਾਬ ਪ੍ਰਦੇਸ਼ ਦੇ ਪ੍ਰਧਾਨ ਸੁਨੀਲ ਜਾਖੜ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਕਰਨ। ਵਿੱਤ ਮੰਤਰੀ ਮੁਤਾਬਕ ਪੰਜਾਬ ਦੇ ਖ਼ਜ਼ਾਨੇ ਦੀ ਹਰ ਸਾਲ ਸ਼ਾਸਨ ਤੇ ਡਿਬੇਟ ਹੁੰਦੀ ਹੈ ਤੇ ਆਡੀਟਰ ਜਨਰਲ ਦੀ ਰਿਪੋਰਟ ਵੀ ਆਉਂਦੀ ਹੈ। ਪੰਜਾਬ ਦੇ ਖ਼ਜ਼ਾਨੇ ਦਾ ਪੂਰਾ ਹਿਸਾਬ ਕਿਤਾਬ ਹੁੰਦਾ ਹੈ।

ਉਨ੍ਹਾਂ ਕਿਹਾ ਕਿ ਮਾਰਚ ਵਿੱਚ ਫਿਰ ਡਿਬੇਟ ਹੋਵੇਗੀ ਜਿਸ ਦੀ ਰਿਪੋਰਟ ਸਾਫ਼ ਕਰ ਦੇਵੇਗੀ ਕਿ ਜਦੋਂ ਕੈਪਟਨ ਸਾਹਿਬ ਨੇ ਪੰਜਾਬ ਦੀ ਕਮਾਨ ਸੰਭਾਲੀ ਸੀ, ਉਦੋਂ ਪੰਜਾਬ ਦੇ ਖਜ਼ਾਨੇ ਦੀ ਕੀ ਹਾਲਤ ਸੀ ਤੇ ਹੁਣ ਕੀ ਹੈ।ਇਹ ਪਾਰਟੀ ਦਾ ਅੰਦਰੂਨੀ ਮਾਮਲਾ ਹੈ। ਇਸ ਬਾਰੇ ਹਰ ਜਗ੍ਹਾ ਗੱਲ ਕਰਨਾ ਠੀਕ ਨਹੀਂ। ਬਿੱਟੂ ਦਾ ਇਸ ਤਰ੍ਹਾਂ ਮੀਡੀਆ 'ਚ ਸਵਾਲ ਚੁੱਕਣਾ ਸਰਾਸਰ ਗਲਤ ਹੈ। ਉਨ੍ਹਾਂ ਕਿਹਾ ਜੇ ਬਿੱਟੂ ਨੂੰ ਕਿਸੇ ਵੀ ਮੰਤਰੀ ਦੀ ਇਮਾਨਦਾਰੀ 'ਤੇ ਸ਼ੱਕ ਹੈ ਤਾਂ ਉਹ ਪੰਜਾਬ ਪ੍ਰਦੇਸ਼ ਦੇ ਪ੍ਰਧਾਨ ਸੁਨੀਲ ਜਾਖੜ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਬੈਠ ਕੇ ਗੱਲ ਕਰ ਲੈਣ। ਇਸ ਤਰ੍ਹਾਂ ਮੀਡੀਆ ਤੇ ਪਬਲਿਕ 'ਚ ਭੰਡਣਾ ਠੀਕ ਨਹੀਂ।