ਕੁਝ ਸਮਾਂ ਪਹਿਲਾਂ ਬੀਬੀਸੀ ਪੰਜਾਬੀ ਨੇ ਸਾਬਕਾ ਗੈਂਗਸਟਰ ਲਖਵਿੰਦਰ ਸਿੰਘ ਸਰਾਂ ਉਰਫ਼ ਲੱਖਾ ਸਿਧਾਣਾ ਨਾਲ ਮੁਲਾਕਾਤ ਕਰਕੇ ਉਸ ਦੇ ਹੀ ਸਫ਼ਰ ਦੇ ਹਵਾਲੇ ਨਾਲ ਇਹ ਜਾਣਨ ਦੀ ਕੋਸ਼ਿਸ਼ ਕੀਤੀ ਸੀ ਕਿ ਪੰਜਾਬ ਵਿੱਚ ਮੁੰਡੇ ਗੈਂਗਸਟਰ ਕਿਉਂ ਬਣਦੇ ਹਨ। ਲੱਖਾ ਸਿਧਾਣਾ ਨਾਲ ਹੋਈ ਇਸ ਮੁਲਾਕਾਤ ਨੂੰ ਪਾਠਕਾਂ ਦੀ ਰੁਚੀ ਲਈ ਦੁਬਾਰਾ ਛਾਪਿਆ ਜਾ ਰਿਹਾ ਹੈ। ਲਖਬੀਰ ਸਿੰਘ ਸਰਾਂ ਭਾਰਤੀ ਫੌਜ ਵਿੱਚ ਭਰਤੀ ਹੋਣਾ ਚਾਹੁੰਦਾ ਸੀ ਪਰ ਉਹ ਬਣ ਗਿਆ ਗੈਂਗਸਟਰ 'ਲੱਖਾ ਸਿਧਾਣਾ'। ਪੁਲਿਸ ਮੁਤਾਬਕ ਪੰਜਾਬੀ ਨੌਜਵਾਨਾਂ ਵਿੱਚ ਇਹ ਅਕਸਰ ਦੇਖਿਆ ਗਿਆ ਹੈ ਕਿ ਉਹ ਬੰਦੂਕ ਜ਼ਰੀਏ ਨਾਂ ਕਮਾਉਣ ਲਈ ਅਜਿਹੇ ਰਾਹ 'ਤੇ ਪੈਂਦੇ ਹਨ।
ਆਪਣੇ ਬੱਚੇ ਨੂੰ ਗੋਦ ਵਿੱਚ ਲੈ ਕੇ 32 ਸਾਲਾ ਲੱਖਾ ਸਿਧਾਣਾ ਨੇ ਕਿਹਾ, "ਮੈਂ ਕਾਲਜ ਵੇਲੇ ਛੋਟੇ ਜੁਰਮ ਕਰਨ ਲੱਗਾ ਸੀ। ਮੈਨੂੰ ਉਸ ਜ਼ਿੰਦਗੀ ਵਿੱਚ ਮਜ਼ਾ ਆ ਰਿਹਾ ਸੀ। ਅਸੀਂ ਮਸ਼ਹੂਰੀ ਤੇ ਤਾਕਤ ਮਿਲਣ ਕਰਕੇ ਕਾਫ਼ੀ ਖੁਸ਼ ਸੀ।'' ਲੱਖਾ ਸਿਧਾਣਾ 2004 ਤੋਂ ਜੇਲ੍ਹ ਦੇ ਅੰਦਰ ਤੇ ਬਾਹਰ ਹੋ ਰਿਹਾ ਹੈ। ਉਸ 'ਤੇ ਕਤਲ ਦਾ ਇਲਜ਼ਾਮ ਹੈ। ਪਰ ਕੁਝ ਹਫ਼ਤੇ ਪਹਿਲਾਂ ਉਹ ਹਾਈਵੇ 'ਤੇ ਬੋਰਡਾਂ 'ਤੇ ਕਾਲਾ ਪੋਚਾ ਫੇਰਨ ਦੀ ਲਹਿਰ ਵਿੱਚ ਸ਼ਮੂਲੀਅਤ ਦੇ ਇਲਜ਼ਾਮਾਂ ਤਹਿਤ ਜੇਲ੍ਹ ਵਿੱਚ ਗਿਆ ਸੀ। ਹਾਲ ਵਿੱਚ ਹੀ ਲੱਖਾ ਸਿਧਾਣਾ 'ਤੇ ਜੇਲ੍ਹ ਤੋਂ ਫੇਸਬੁੱਕ ਲਾਈਵ ਕਰਨ ਦੇ ਇਲਜ਼ਾਮਾਂ ਤਹਿਤ ਪਰਚਾ ਦਰਜ ਹੋਇਆ ਸੀ।