ਪੰਜਾਬੀ ਗਾਇਕ ਗੁਰਦਾਸ ਮਾਨ ਲਈ ਨਵੀਂ ਮੁਸੀਬਤ ਖੜ੍ਹੀ ਹੋ ਗਈ ਹੈ। ਪੰਜਾਬੀ ਪ੍ਰੇਮੀਆਂ ਤੋਂ ਬਾਅਦ ਹੁਣ ਧਾਰਮਿਕ ਹਲਕਿਆਂ ਵਿੱਚ ਉਨ੍ਹਾਂ ਪ੍ਰਤੀ ਰੋਸ ਹੈ। ਉਨ੍ਹਾਂ ਉਪਰ ਇਲਜ਼ਾਮ ਲੱਗ ਰਹੇ ਹਨ ਕਿ ਕੈਨੇਡਾ ਵਿੱਚ ਲਾਈਵ ਸ਼ੋਅ ਦੌਰਾਨ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਦੇ ਸ਼ਬਦ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕੀਤਾ ਹੈ। ਅਜਿਹਾ ਕਰਕੇ ਉਨ੍ਹਾਂ ਗੁਰਬਾਣੀ ਤੇ 10ਵੇਂ ਪਾਤਸ਼ਾਹ ਦਾ ਅਪਮਾਨ ਕੀਤਾ ਹੈ, ਉੱਥੇ ਹੀ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਉਨ੍ਹਾਂ ਨੇ ਪੰਥਕ ਤੇ ਸਾਹਿਤਕ ਜਥੇਬੰਦੀਆਂ ਤੋਂ ਇਲਾਵਾ ਜਾਗਦੀ ਜ਼ਮੀਰ ਵਾਲੀਆਂ ਇਨਸਾਫ਼ਪੰਸਦ ਧਿਰਾਂ ਨੂੰ ਇਸ ਮਸਲੇ ’ਤੇ ਡਟ ਕੇ ਅੱਗੇ ਆਉਣ ਦਾ ਸੱਦਾ ਦਿੱਤਾ।
ਸਭਾ ਦਾ ਕਹਿਣਾ ਹੈ ਕਿ ਗੁਰਦਾਸ ਮਾਨ ਨੇ ਕੈਨੇਡਾ ਦੇ ਲਾਈਵ ਸ਼ੋਅ ਦੌਰਾਨ ਵਿਰੋਧ ਕਰ ਰਹੇ ਨੌਜਵਾਨਾਂ ਲਈ ਜੋ ਭਾਸ਼ਾ ਵਰਤੀ ਸੀ, ਉਹ ਸ਼ਬਦਾਵਲੀ ਗੁਰਮਤਿ ਆਸ਼ੇ ਤੇ ਭਾਰਤੀ ਦਰਸ਼ਨ ਦੇ ਬਿਲਕੁਲ ਵਿਰੁੱਧ ਸੀ। ਅਜਿਹੇ ਵਿੱਚ ਪੰਜਾਬੀ ਸਾਹਿਤ ਜਗਤ ਨੂੰ ਵੀ ਗੁਰਦਾਸ ਮਾਨ ਦਾ ਬਾਈਕਾਟ ਕਰਨਾ ਚਾਹੀਦਾ ਹੈ। ਪੁਲਿਸ ਦੀ ਖੁਫੀਆ ਜਾਣਕਾਰੀ ਮੁਤਾਬਕ ਪੰਜਾਬ ਵਿੱਚ ਗੁਰਦਾਸ ਮਾਨ ਪ੍ਰਤੀ ਕਾਫੀ ਗੁੱਸਾ ਹੈ। ਇਸ ਲਈ ਅਗਲੇ ਦਿਨ ਪੂਰੀ ਚੌਕਸੀ ਵਰਤੀ ਜਾਏਗੀ। ਇਹ ਵੀ ਪਤਾ ਲੱਗਾ ਹੈ ਕਿ ਗੁਰਦਾਸ ਮਾਨ ਕੁਝ ਸਮਾਂ ਪੰਜਾਬ ਵਿੱਚ ਸ਼ੋਅ ਕਰਨ ਤੋਂ ਗੁਰੇਜ਼ ਹੀ ਕਰਨਗੇ। ਉਂਝ ਕੁਝ ਲੋਕ ਉਨ੍ਹਾਂ ਦੇ ਹੱਕ ਵਿੱਚ ਵੀ ਡਟੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਗੁਰਦਾਸ ਮਾਨ ਦੇ ਬਿਆਨ ਨੂੰ ਗਲਤ ਅਰਥਾਂ ਵਿੱਚ ਲਿਆ ਗਿਆ ਹੈ।