ਸਿੱਧੂ ਪਵੇਗਾ ਕੈਪਟਨ 'ਤੇ ਭਾਰੀ , ਪੰਜਾਬ ਦੀ ਸਿਆਸਤ 'ਚ ਵੱਡੇ ਧਮਾਕੇ ਦੀ ਤਿਆਰੀ

Tags

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿੱਲੀ ਦੌਰੇ ਤੋਂ ਬਾਅਦ ਹੁਣ ਅਸਤੀਫ਼ਾ ਦੇ ਚੁੱਕੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਦਿੱਲੀ ਪਹੁੰਚ ਗਏ ਹਨ। ਕੈਪਟਨ ਬੀਤੇ ਕੱਲ੍ਹ ਹੀ ਚੰਡੀਗੜ੍ਹ ਪਰਤੇ ਸਨ। ਇਸ ਦੌਰਾਨ ਅੱਜ ਦੀ ਕੈਬਨਿਟ ਬੈਠਕ ਵੀ ਮੁਲਤਵੀ ਕਰ ਦਿੱਤੀ ਗਈ ਹੈ।ਨਵਜੋਤ ਸਿੱਧੂ ਦੀ ਕਾਂਗਰਸ 'ਚ ਐਂਟਰੀ ਕਰਵਾਉਣ ਵਾਲੇ ਰਾਹੁਲ ਗਾਂਧੀ ਫਿਲਹਾਲ ਖੁਦ ਸਿਆਸੀ ਪਚੜੇ 'ਚ ਫਸੇ ਹੋਏ ਹਨ। ਲੋਕ ਸਭਾ ਚੋਣਾਂ 'ਚ ਹਾਰ ਮਿਲਣ ਤੋਂ ਬਾਅਦ ਰਾਹੁਲ ਗਾਂਧੀ ਪਾਰਟੀ ਦੇ ਹਾਲਾਤ ਦੇਖ ਕੇ ਅਸਤੀਫਾ ਦੇ ਚੁੱਕੇ ਹਨ। ਦੇਸ਼ ਭਰ ਦੇ ਕਾਂਗਰਸ ਨੇਤਾ ਜਿੱਥੇ ਉਨ੍ਹਾਂ ਨੂੰ ਮਨਾਉਣ 'ਚ ਲੱਗੇ ਹਨ, ਉਥੇ ਹੀ ਸਿੱਧੂ ਦਾ ਮਾਮਲਾ ਖਟਾਈ 'ਚ ਪੈ ਗਿਆ ਹੈ।

ਸਿਆਸਤ ਦੇ ਮਾਹਰਾਂ ਅਨੁਸਾਰ ਸਿੱਧੂ ਨੂੰ ਗਾਂਧੀ ਪਰਿਵਾਰ ਦਾ ਹੀ ਸਹਾਰਾ ਸੀ ਅਤੇ ਹੁਣ ਰਾਹੁਲ ਗਾਂਧੀ ਦੇ ਸਿਆਸੀ ਭਵਿੱਖ ਦੇ ਡਗਮਗਾਉਣ ਨਾਲ ਸਿੱਧੂ ਦੀ ਸਿਆਸੀ ਬਲੀ ਚੜ੍ਹਦੀ ਹੋਈ ਨਜ਼ਰ ਆ ਰਹੀ ਹੈ। ਸੂਤਰਾਂ ਦੀ ਮੰਨੀਏ ਤਾਂ ਸਿੱਧੂ ਨੇ ਦਿੱਲੀ ਪਹੁੰਚ ਕੇ ਕਈ ਕਾਂਗਰਸੀ ਨੇਤਾਵਾਂ ਨਾਲ ਮੁਲਾਕਾਤ ਕਰ ਲਈ ਹੈ। ਇਸ ਦੌਰਾਨ ਸਿੱਧੂ ਨੇ ਮੀਡੀਆ ਤੋਂ ਦੂਰੀ ਬਣਾਈ ਹੋਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਬੀਤੀ ਛੇ ਜੂਨ ਨੂੰ ਸਿੱਧੂ ਸਮੇਤ ਆਪਣੇ 13 ਮੰਤਰੀਆਂ ਦੇ ਵਿਭਾਗ ਬਦਲੇ ਸਨ। ਇਸ ਤੋਂ ਬਾਅਦ ਸਿੱਧੂ ਨੇ ਨਵੇਂ ਬਿਜਲੀ ਮੰਤਰਾਲਾ ਦਾ ਕਾਰਜਭਾਰ ਨਹੀਂ ਸੀ ਸੰਭਾਲਿਆ।ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਬੀਤੇ ਦਿਨੀਂ ਦਿੱਲੀ ਦੇ ਦੌਰੇ 'ਤੇ ਸਨ, ਜਿੱਥੋਂ ਉਹ ਬੁੱਧਵਾਰ ਦੇਰ ਸ਼ਾਮ ਚੰਡੀਗੜ੍ਹ ਵਾਪਸ ਪਰਤੇ ਸਨ।

ਦੇਰੀ ਨਾਲ ਪਹੁੰਚਣ ਦੇ ਕਾਰਨ ਸਿੱਧੂ ਦੇ ਅਸਤੀਫੇ 'ਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਈ ਫੈਸਲਾ ਨਹੀਂ ਲਿਆ ਗਿਆ ਸੀ ਅਤੇ ਅੱਜ ਕਿਆਸ ਲਗਾਏ ਜਾ ਰਹੇ ਹਨ ਕਿ ਨਵਜੋਤ ਸਿੰਘ ਸਿੱਧੂ ਦੇ ਅਸਤੀਫੇ 'ਤੇ ਮੁੱਖ ਮੰਤਰੀ ਫੈਸਲਾ ਲੈ ਸਕਦੇ ਹਨ। ਸਿੱਧੂ ਦੀ ਬਠਿੰਡਾ ਵਿੱਚ ਲੋਕ ਸਭਾ ਚੋਣ ਪ੍ਰਚਾਰ ਦੌਰਾਨ ਦਿੱਤੇ ਫਰੈਂਡਲੀ ਮੈਚ ਸਬੰਧੀ ਬਿਆਨ ਮਗਰੋਂ ਕੈਪਟਨ ਦੇ ਇਸ ਐਕਸ਼ਨ ਤੋਂ ਬਾਅਦ ਇਹ ਦਿੱਲੀ ਦਾ ਦੂਜਾ ਦੌਰਾ ਹੈ। ਆਪਣੇ ਪਹਿਲੇ ਦੌਰੇ ਵਾਲੇ ਦਿਨ ਯਾਨੀ 10 ਜੂਨ ਨੂੰ ਹੀ ਸਿੱਧੂ ਨੇ ਮੰਤਰੀ ਦਾ ਅਹੁਦਾ ਛੱਡਣ ਦਾ ਦਾਅਵਾ ਕੀਤਾ ਸੀ।

ਹਾਲਾਂਕਿ, ਸਿੱਧੂ ਨੇ ਇਸ ਦਾ ਖੁਲਾਸਾ ਮਹੀਨੇ ਤੋਂ ਬਾਅਦ ਕੀਤਾ ਸੀ, ਪਰ ਹੁਣ ਸਿੱਧੂ ਦਾ ਇਹ ਦਿੱਲੀ ਦੌਰਾ ਕਾਫੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਉੱਧਰ, ਕੈਪਟਨ ਨੇ ਵੀ ਸਿੱਧੂ ਦੇ ਅਸਤੀਫ਼ੇ 'ਤੇ ਕੋਈ ਫੈਸਲਾ ਨਹੀਂ ਲਿਆ ਹੈ। ਦੇਖਣਾ ਹੋਵੇਗਾ ਕਿ ਹੁਣ ਪੰਜਾਬ ਕਾਂਗਰਸ ਵਿੱਚ ਕੀ ਨਵਾਂ ਵਾਪਰਦਾ ਹੈ। ਦੱਸ ਦੇਈਏ ਕਿ ਵਿਭਾਗ ਬਦਲੇ ਜਾਣ ਤੋਂ ਨਾਰਾਜ਼ ਚੱਲ ਰਹੇ ਨਵਜੋਤ ਸਿੰਘ ਸਿੱਧੂ ਨੇ ਬੀਤੇ ਦਿਨੀਂ ਪੰਜਾਬ ਕੈਬਨਿਟ 'ਚੋਂ ਅਸਤੀਫਾ ਦੇ ਦਿੱਤਾ ਸੀ। ਇਸ ਦੀ ਜਾਣਕਾਰੀ ਉਨ੍ਹਾਂ ਨੇ ਟਵਿੱਟਰ ਜ਼ਰੀਏ ਦਿੱਤੀ ਸੀ, ਜਿਸ 'ਚ ਉਨ੍ਹਾਂ ਨੇ ਲਿਖਿਆ ਸੀ ਕਿ ਉਹ ਆਪਣਾ ਅਸਤੀਫਾ 10 ਜੂਨ ਨੂੰ ਰਾਹੁਲ ਗਾਂਧੀ ਨੂੰ ਦੇ ਚੁੱਕੇ ਹਨ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਅਸਤੀਫਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਭੇਜ ਦਿੱਤਾ ਸੀ।