ਘੱਗਰ ਦੇ ਪਾੜ ਤੋਂ ਅੱਕੇ ਲੋਕਾਂ ਨੇ ਘੇਰੇ ਲੀਡਰ, ਭੱਠਲ ਨੂੰ ਦਿੱਤਾ ਜਵਾਬ

Tags

ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਐਸ.ਡੀ.ਐਮ ਮੂਨਕ ਸੂਬਾ ਸਿੰਘ ਵਲੋਂ ਜ਼ਿਲ੍ਹੇ ਦੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਘੱਗਰ ਦਰਿਆ ਨੇੜਲੀਆਂ ਸੰਵੇਦਨਸ਼ੀਲ ਥਾਵਾਂ ਦਾ ਦੌਰਾ ਕੀਤਾ ਗਿਆ | ਉਨ੍ਹਾਂ ਇਸ ਦੌਰਾਨ ਘੱਗਰ ਨੇੜਲੇ ਕਰੀਬ ਦੋ ਦਰਜਨ ਪਿੰਡਾਂ ਦੇ ਸਰਪੰਚਾਂ ਨਾਲ ਮੀਟਿੰਗ ਕੀਤੀ ਅਤੇ ਪਿੰਡਾਂ ਦੇ ਲੋਕਾਂ ਨੂੰ ਪੂਰੀ ਚੌਕਸੀ ਰੱਖਣ ਲਈ ਆਖਿਆ | ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫ਼ੋਂ ਸਹਿਯੋਗ ਦਾ ਪੂਰਨ ਭਰੋਸਾ ਦਿਵਾਉਂਦਿਆਂ ਐਸ.ਡੀ.ਐਮ ਨੇ ਕਿਹਾ ਕਿ ਸੰਭਾਵੀ ਹੜ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਪ੍ਰਸ਼ਾਸਨ ਦੀ ਤਰਫ਼ੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਅਤੇ ਲੋਕ ਵੀ ਇਸ ਸਮੇਂ ਦੌਰਾਨ ਸੋਸ਼ਲ ਮੀਡੀਆ 'ਤੇ ਗੈਰ ਸਮਾਜਿਕ ਅਨਸਰਾਂ ਦੁਆਰਾ ਫੈਲਾਈਆਂ ਜਾਣ ਵਾਲੀਆਂ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ਤੋਂ ਪੂਰੀ ਤਰ੍ਹਾਂ ਸੁਚੇਤ ਰਹਿਣ |

ਉਨ੍ਹਾਂ ਕਿਹਾ ਕਿ ਜੇ ਫਿਰ ਵੀ ਕੋਈ ਵਿਅਕਤੀ ਅਜਿਹੀਆਂ ਅਫ਼ਵਾਹਾਂ ਫੈਲਾਉਂਦਾ ਪਾਇਆ ਗਿਆ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਨੂੰ ਅਮਲ 'ਚ ਲਿਆਂਦਾ ਜਾਵੇਗਾ | ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵੱਲੋਂ ਸੰਗਰੂਰ ਨੇੜਲੇ ਜ਼ਿਲਿ੍ਹਆਂ ਦੇ ਉੱਚ ਅਧਿਕਾਰੀਆਂ ਨਾਲ ਲਗਾਤਾਰ ਰਾਬਤਾ ਰੱਖਿਆ ਜਾ ਰਿਹਾ ਹੈ ਤੇ ਲੋਕਾਂ ਦੀ ਹਰੇਕ ਤਰ੍ਹਾਂ ਦੀ ਮਦਦ ਲਈ ਸੰਗਰੂਰ ਵਿਖੇ ਹੈਲਪ ਲਾਈਨ ਨੰਬਰ 01672-232304 ਅਤੇ ਮੂਨਕ ਵਿਖੇ ਹੈਲਪ ਲਾਈਨ ਨੰਬਰ 01676-276654 ਸਥਾਪਤ ਕੀਤਾ ਗਿਆ ਹੈ |

ਐਸ.ਡੀ.ਐਮ ਨੇ ਦੱਸਿਆ ਕਿ ਖਨੌਰੀ ਗੇਜ਼ ਵਿਖੇ ਪਾਣੀ ਦਾ ਪੱਧਰ ਖਤਰਨਾਕ ਲੈਵਲ ਤੋਂ ਹੇਠਾਂ ਚੱਲ ਰਿਹਾ ਹੈ ਤੇ ਬਰਸਾਤ ਦੇ ਬੰਦ ਹੋਣ ਨਾਲ ਇਹ ਉਮੀਦ ਵਧ ਗਈ ਹੈ ਕਿ ਕੱਲ੍ਹ ਸਵੇਰ ਤੱਕ ਪਾਣੀ ਦਾ ਵਧਣਾ ਰੁਕ ਜਾਵੇਗਾ ਤੇ ਉਸ ਤੋਂ ਬਾਅਦ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋ ਜਾਵੇਗਾ | ਉਨ੍ਹਾਂ ਕਿਹਾ ਕਿ ਪਿਛਲੇ ਚਾਰ ਪੰਜ ਦਿਨਾਂ ਦੌਰਾਨ ਪਟਿਆਲਾ, ਫਤਿਹਗੜ੍ਹ ਸਾਹਿਬ, ਮੁਹਾਲੀ ਅਤੇ ਹਰਿਆਣਾ ਦੇ ਕੈਥਲ, ਕਰਨਾਲ ਜ਼ਿਲਿ੍ਹਆਂ'ਚ ਕਈ ਥਾਈਾ ਮੀਂਹ ਜ਼ਿਆਦਾ ਪੈਣ ਕਾਰਨ ਘੱਗਰ 'ਚ ਪਾਣੀ ਦਾ ਪੱਧਰ ਵਧ ਗਿਆ ਸੀ ਪਰ ਅੱਜ ਮੀਂਹ ਰੁਕਣ ਕਾਰਨ ਜਿੱਥੇ ਪਟਿਆਲਾ ਨਦੀ ਤੇ ਸਰਾਲਾ ਹੈੱਡ 'ਚ ਪਾਣੀ ਦਾ ਪੱਧਰ ਕਾਫ਼ੀ ਘਟਿਆ ਹੈ ਉੱਥੇ ਹੀ ਟਾਂਗਰੀ ਤੇ ਮਾਰਕੰਡਾ 'ਚ ਪਾਣੀ ਦਾ ਪੱਧਰ ਸਥਿਰ ਹੋ ਗਿਆ ਹੈ |

ਇਸ ਦੌਰਾਨ ਐਸ.ਡੀ.ਐਮ ਸੂਬਾ ਸਿੰਘ ਵਲੋਂ ਡੀ.ਐਸ.ਪੀ ਮੂਨਕ ਬੂਟਾ ਸਿੰਘ, ਐਸ.ਐੱਚ.ਓ ਖਨੌਰੀ, ਡੀ.ਡੀ.ਪੀ.ਓ, ਬੀ.ਡੀ.ਪੀ.ਓ ਅਤੇ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਸਮੇਤ ਚਾਂਦੂ ਲਿਫ਼ਟ ਸਕੀਮ ਦਾ ਜਾਇਜ਼ਾ ਲਿਆ ਗਿਆ ਤੇ ਲੋੜ ਮੁਤਾਬਕ ਹੋਰ ਮੋਟਰਾਂ ਵੀ ਮੌਕੇ 'ਤੇ ਮੰਗਵਾਈਆਂ ਗਈਆਂ | ਉਨ੍ਹਾਂ ਦੱਸਿਆ ਕਿ ਘੱਗਰ ਦੇ ਨਾਲ ਲਗਦੀਆਂ ਉਨ੍ਹਾਂ ਥਾਵਾਂ ਦੀ ਪਛਾਣ ਕੀਤੀ ਗਈ ਸੀ ਜੋ ਕਿ ਕੁਝ ਕਮਜ਼ੋਰ ਹਨ ਤੇ ਪੰਚਾਇਤ ਵਿਭਾਗ ਤੇ ਡਰੇਨੇਜ਼ ਵਿਭਾਗ ਰਾਹੀਂ ਉਨ੍ਹਾਂ ਥਾਵਾਂ ਨੂੰ ਮਜ਼ਬੂਤ ਕੀਤਾ ਜਾ ਚੁੱਕਾ ਹੈ | ਉਨ੍ਹਾਂ ਦੱਸਿਆ ਕਿ ਪਿੰਡਾਂ ਦੇ ਸਰਪੰਚਾਂ ਨੂੰ ਪੰਚਾਇਤ ਫ਼ੰਡਾਂ ਵਿਚੋਂ ਰੇਤੇ ਵਾਲੀਆਂ ਖ਼ਾਲੀ ਬੋਰੀਆਂ, ਲੋੜ ਪੈਣ 'ਤੇ ਜੇ.ਸੀ.ਬੀ ਦਾ ਪ੍ਰਬੰਧ ਕਰਨ ਅਤੇ ਬੋਰੀਆਂ ਆਦਿ ਨੂੰ ਬੰਨ੍ਹਣ ਲਈ ਤਾਰਾਂ ਦਾ ਪ੍ਰਬੰਧ ਕਰਨ ਦੀ ਹਦਾਇਤ ਪਹਿਲਾਂ ਹੀ ਜਾਰੀ ਕਰ ਦਿੱਤੀ ਗਈ ਸੀ ਤੇ ਐਸ.ਡੀ.ਐਮ ਦਫ਼ਤਰ ਮੂਨਕ ਵਿਖੇ ਵੀ 30 ਹਜ਼ਾਰ ਥੈਲਿਆਂ ਦਾ ਪ੍ਰਬੰਧ ਕਰ ਲਿਆ ਗਿਆ ਹੈ ਤਾਂ ਜੋ ਕਿਸੇ ਵੀ ਸੰਭਾਵੀ ਚੁਨੌਤੀ ਨਾਲ ਸਮੇਂ ਸਿਰ ਨਜਿੱਠਿਆ ਜਾ ਸਕੇ |