ਅੱਜ ਪੰਜਾਬ ਦੇ ਇਸ ਬਾਰਡਰ ਰਾਹੀਂ ਲਿਆਦਾ ਜਾਵੇਗਾ ਪਾਇਲਟ ਅਭਿਨੰਦਨ ਨੂੰ ਭਾਰਤ ਵਾਪਿਸ

Tags

ਭਾਰਤ ਅਤੇ ਪਾਕਿਸਤਾਨ 'ਚ ਤਣਾਅ ਵਿਚਕਾਰ ਦੇਸ਼ ਨੂੰ ਵੱਡੀ ਕੂਟਨੀਤਕ ਜਿੱਤ ਮਿਲੀ ਹੈ। ਭਾਰਤ ਦੇ ਭਾਰੀ ਦਬਾਅ ਅੱਗੇ ਪਾਕਿਸਤਾਨ ਝੁਕਣ ਲਈ ਮਜ਼ਬੂਰ ਹੋ ਗਿਆ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ 24 ਘੰਟਿਆਂ ਦੇ ਅੰਦਰ ਹੀ ਐਲਾਨ ਕਰਨਾ ਪਿਆ ਕਿ ਉਹ ਭਾਰਤੀ ਪਾਇਲਟ 'ਅਭਿਨੰਦਨ' ਨੂੰ ਅੱਜ ਰਿਹਾਅ ਕਰ ਰਹੇ ਹਨ। ਪਾਕਿਸਤਾਨੀ ਲੜਾਕੂ ਜਹਾਜ਼ ਐੱਫ.-16 ਨੂੰ ਮਾਰ ਡਿਗਾਉਣ ਤੋਂ ਬਾਅਦ ਅਭਿਨੰਦਨ ਦਾ ਫਾਈਟਰ ਪਲੇਨ ਮਿਗ ਵੀ ਕਰੈਸ਼ ਹੋ ਗਿਆ ਸੀ। ਇਸ ਤੋਂ ਬਾਅਦ ਅਭਿਨੰਦਨ ਦਾ ਪੈਰਾਸ਼ੂਟ ਪੀ. ਓ. ਕੇ. 'ਚ ਪੁੱਜ ਗਿਆ ਸੀ, ਜਿੱਥੇ ਪਾਕਿਸਤਾਨੀ ਫੌਜ ਨੇ ਉਨ੍ਹਾਂ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਪਰ ਭਾਰਤ ਨੇ ਦੋ-ਟੁੱਕ ਕਿਹਾ ਕਿ ਸਾਡਾ ਪਾਇਲਟ ਸੁਰੱਖਿਅਤ ਅਤੇ ਬਿਨਾ ਕਿਸੇ ਸ਼ਰਤ ਦੇ ਵਾਪਸ ਆਉਣਾ ਚਾਹੀਦਾ ਹੈ। 

ਭਾਰਤ ਅਤੇ ਅੰਤਰਰਾਸ਼ਟਰੀ ਦਬਾਅ 'ਚ ਬੀਤੇ ਦਿਨ ਪਾਕਿਸਤਾਨ ਦੀ ਸੰਸਦ 'ਚ ਇਮਰਾਨ ਖਾਨ ਨੇ ਕਿਹਾ ਕਿ ਉਹ ਅਭਿਨੰਦਨ ਨੂੰ ਛੱਡ ਰਹੇ ਹਨ। ਅੱਜ ਵਾਹਗਾ ਬਾਰਡਰ ਰਾਹੀਂ ਅਭਿਨੰਦਨ ਵਤਨ ਵਾਪਸ ਪਰਤ ਰਹੇ ਹਨ। ਵਿੰਗ ਕਮਾਂਡਰ ਅਭਿਨੰਦਨ ਫਿਲਹਾਲ ਇਸਲਾਮਾਬਾਦ 'ਚ ਹਨ। ਅੱਜ ਦੁਪਹਿਰ ਉਨ੍ਹਾਂ ਨੂੰ ਲਾਹੌਰ ਲਿਆਂਦਾ ਜਾਵੇਗਾ। ਸੂਤਰਾਂ ਮੁਤਾਬਕ ਪਾਇਲਟ ਅਭਿਨੰਦਨ ਨੂੰ ਵਾਹਗਾ ਬਾਰਡਰ ਰਾਹੀਂ ਵਾਪਸ ਲਿਆਂਦਾ ਜਾਵੇਗਾ। ਭਾਰਤੀ ਅਧਿਕਾਰੀ ਗਰੁੱਪ ਕੈਪਟਨ ਜੇ. ਡੀ. ਕੁਰੀਅਨ ਵੀ ਨਾਲ ਮੌਜੂਦ ਰਹਿਣਗੇ। ਵਿੰਗ ਕਮਾਂਡਰ ਦੀ ਵਾਪਸੀ ਦਾ ਸਮਾਂ ਫਿਲਹਾਲ ਤੈਅ ਨਹੀਂ ਹੈ। 

ਪਾਕਿਸਤਾਨ ਚਾਹੁੰਦਾ ਹੈ ਕਿ ਅਭਿਨੰਦਨ ਨੂੰ ਬੀਟਿੰਗ ਰੀਟ੍ਰੀਟ ਸੈਰੇਮਨੀ ਦੌਰਾਨ ਹੈਂਡਓਵਰ ਕੀਤਾ ਜਾਵੇ, ਉੱਥੇ ਹੀ ਭਾਰਤ ਚਾਹੁੰਦਾ ਹੈ ਕਿ ਪਾਕਿਸਤਾਨ ਦੁਪਹਿਰ ਤੱਕ ਅਭਿਨੰਦਨ ਨੂੰ ਵਾਪਸ ਕਰ ਦੇਵੇ। ਭਾਰਤ ਪੁੱਜਣ ਤੋਂ ਬਾਅਦ ਪਾਇਲਟ ਅਭਿਨੰਦਨ ਨੂੰ ਅੰਮ੍ਰਿਤਸਰ ਏਅਰਬੇਸ ਲਿਜਾਇਆ ਜਾਵੇਗਾ। ਇਸ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਲਿਜਾਇਆ ਜਾਵੇਗਾ।