ਬਾਦਲ ਦੇ ਕਮਰੇ 'ਚ ਪੈ ਗਈ ਭਾਜੜ, ਬੰਦੂਕ ਲੈਕੇ ਬੰਦਾ ਕਮਰੇ 'ਚ ਵੜਿਆ

Tags

ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸੁਰੱਖਿਆ 'ਚ ਸੰਨ੍ਹ ਲੱਗਣ ਦੇ ਮਾਮਲੇ ਨੇ ਪੁਲਸ 'ਚ ਹੜਕੰਪ ਮਚਾ ਦਿੱਤਾ ਹੈ। ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਬਾਦਲ ਆਪਣੇ ਪਿੰਡ ਜਾਂਦੇ ਹੋਏ ਰਸਤੇ 'ਚ ਘੁੱਦਾ ਵਿਖੇ ਅਕਾਲੀ ਆਗੂ ਦੇ ਪੈਟਰੋਲ ਪੰਪ 'ਤੇ ਰੁਕੇ ਅਤੇ ਕੁਝ ਦੇਰ ਉਨ੍ਹਾਂ ਨੇ ਆਰਾਮ ਕੀਤਾ। ਵੀਰਵਾਰ ਦੁਪਹਿਰ 2:10 ਵਜੇ ਉਹ ਪੰਪ ਦੇ ਕਮਰੇ 'ਚ ਆਰਾਮ ਕਰਨ ਪਹੁੰਚੇ ਉਦੋਂ ਹੀ ਥਾਣਾ ਨੰਦਗੜ੍ਹ ਦਾ ਮੁਖੀ ਸਬ-ਇੰਸਪੈਕਟਰ ਭੁਪਿੰਦਰ ਸਿੰਘ ਸਾਦੀ ਵਰਦੀ 'ਚ ਕਮਰੇ 'ਚ ਗਿਆ। ਉਦੋਂ ਹੀ ਉਸ ਦੇ ਪਿੱਛੇ ਇਕ ਹੋਰ ਅਣਪਛਾਤਾ ਵਿਅਕਤੀ ਵੀ ਕਮਰੇ 'ਚ ਦਾਖਲ ਹੋ ਗਿਆ।

ਸਾਬਕਾ ਮੁੱਖ ਮੰਤਰੀ ਦੀ ਸੁਰੱਖਿਆ 'ਚ ਤਾਇਨਾਤ ਐੱਸ. ਪੀ. ਹਰਮੀਕ ਸਿੰਘ ਦਿਉਲ ਦੀ ਜਿਵੇਂ ਹੀ ਨਜ਼ਰ ਉਕਤ ਵਿਅਕਤੀ 'ਤੇ ਪਈ ਤਾਂ ਉਨ੍ਹਾਂ ਨੇ ਉਸ ਨੂੰ ਘੇਰ ਲਿਆ ਅਤੇ ਤਲਾਸ਼ੀ ਲੈਣ 'ਤੇ ਉਸ ਕੋਲੋਂ ਰਿਵਾਲਵਰ ਬਰਾਮਦ ਹੋਇਆ। ਉਦੋਂ ਹੀ ਥਾਣਾ ਮੁਖੀ ਭੁਪਿੰਦਰ ਸਿੰਘ ਨੇ ਕਿਹਾ ਕਿ ਇਹ ਰਿਵਾਲਵਰ ਉਨ੍ਹਾਂ ਦਾ ਹੈ ਜਦਕਿ ਉਕਤ ਵਿਅਕਤੀ ਵੀ ਉਨ੍ਹਾਂ ਦਾ ਨਿੱਜੀ ਲਾਂਗਰੀ ਹੈ। ਸੁਰੱਖਿਆ ਅਧਿਕਾਰੀ ਨੇ ਥਾਣਾ ਮੁਖੀ ਨੂੰ ਝਾੜ ਪਾਈ ਅਤੇ ਕਿਹਾ ਕਿ ਉਕਤ ਉਸ ਦਾ ਰਿਵਾਲਵਰ ਲਾਂਗਰੀ ਕੋਲ ਕਿਵੇਂ ਪਹੁੰਚਿਆ। ਉਸ ਦੀ ਕੀ ਪਛਾਣ ਹੈ, ਜਦਕਿ ਥਾਣਾ ਮੁਖੀ ਉਦੋਂ ਸਿਵਲ ਵਰਦੀ 'ਚ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸੁਰੱਖਿਆ ਅਧਿਕਾਰੀ ਨੇ ਇਸ ਦੀ ਸੂਚਨਾ ਤੁਰੰਤ ਐੱਸ. ਐੱਸ. ਪੀ. ਡਾ. ਨਾਨਕ ਸਿੰਘ ਨੂੰ ਦਿੱਤੀ, ਜਿਨ੍ਹਾਂ ਕਿਹਾ ਕਿ ਉਹ ਥਾਣਾ ਮੁਖੀ ਵਿਰੁੱਧ ਕਾਰਵਾਈ ਕਰਨਗੇ। ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਪਾਲੀ ਨਾਮਕ ਲਾਂਗਰੀ ਨੂੰ ਫੜ ਕੇ ਪੁਲਸ ਹਵਾਲੇ ਕਰ ਦਿੱਤਾ ਹੈ, ਹੈਰਾਨੀ ਦੀ ਗੱਲ ਹੈ ਕਿ ਲਾਂਗਰੀ 'ਤੇ ਕੋਈ ਕਾਰਵਾਈ ਨਹੀਂ ਹੋਈ।

ਇਸ ਸਬੰਧੀ ਲਾਈਨ ਹਾਜ਼ਰ ਕੀਤੇ ਗਏ ਸਬ-ਇੰਸਪੈਕਟਰ ਭੁਪਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਰਿਵਾਲਵਰ ਗੱਡੀ ਵਿਚ ਹੈ ਅਤੇ ਅਜਿਹਾ ਕੋਈ ਮਾਮਲਾ ਨਹੀਂ ਹੋਇਆ, ਜਦੋਂ ਉਨ੍ਹਾਂ ਤੋਂ ਲਾਈਨ ਹਾਜ਼ਰ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਨੇ ਫੋਨ ਕੱਟ ਦਿੱਤਾ। ਐੱਸ. ਐੱਸ. ਪੀ. ਨਾਨਕ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਤੁਰੰਤ ਪ੍ਰਭਾਅ ਨਾਲ ਥਾਣਾ ਮੁਖੀ ਨੂੰ ਲਾਈਨ ਹਾਜ਼ਰ ਕੀਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਦੂਜੇ ਪਾਸੇ ਖੁਫੀਆ ਏਜੰਸੀਆਂ ਨੂੰ ਜਦੋਂ ਇਸਦੀ ਭਣਕ ਲੱਗੀ ਤਾਂ ਇਹ ਮਾਮਲਾ ਪੰਜਾਬ ਦੇ ਪੁਲਸ ਮਹਾਨਿਰਦੇਸ਼ਕ ਸਰੇਸ਼ ਅਰੋੜਾ ਸਾਹਮਣੇ ਪਹੁੰਚਾ ਦਿੱਤਾ ਗਿਆ ਹੈ। ਡੀ. ਜੀ. ਪੀ. ਪੰਜਾਬ ਦਫਤਰ ਦੇ ਅਧਿਕਾਰੀ ਨੇ ਦੱਸਿਆ ਕਿ ਜਲਦੀ ਹੀ ਇਸ ਮਾਮਲੇ ਦੀ ਕਾਰਵਾਈ ਕੀਤੀ ਜਾਵੇਗੀ।