ਅੱਜ ਤਾਂ ਨਵਜੋਤ ਸਿੱਧੂ ਨੇ ਕੀਤੀ ‘ਜੱਟਾਂ ਵਾਲੀ', ਲੁੱਟ ਲਿਆ ਪੰਜਾਬੀਆਂ ਦਾ ਦਿਲ

Tags

ਨੋਟਬੰਦੀ ਨੂੰ 2 ਸਾਲ ਬੀਤਣ 'ਤੇ ਕਾਂਗਰਸ ਵਲੋਂ ਸ਼ੁੱਕਰਵਾਰ ਨੂੰ ਮੋਦੀ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸੇ ਤਹਿਤ ਇੱਥੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਮੋਦੀ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਜੇਕਰ ਮੋਦੀ ਸਾਹਿਬ ਨੂੰ ਗਰੀਬ ਲੋਕਾਂ ਦੀ ਇੰਨੀ ਹੀ ਫਿਕਰ ਸੀ ਤਾਂ ਫਿਰ 2000 ਦਾ ਨੋਟ ਕੱਢਣ ਦੀ ਬਜਾਏ ਪਹਿਲਾਂ 200 ਦਾ ਨੋਟ ਕੱਢਦੇ। ਉਨ੍ਹਾਂ ਕਿਹਾ ਕਿ ਗਰੀਬ ਜਨਤਾ ਦਾ ਨੋਟਬੰਦੀ ਕਾਰਨ ਬੁਰਾ ਹਾਲ ਹੋਇਆ ਹੈ, ਜਦੋਂ ਕਿ ਕਾਲਾ ਧਨ ਤਾਂ ਅਜੇ ਵੀ ਵਾਪਸ ਨਹੀਂ ਆ ਸਕਿਆ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਮੋਦੀ ਸਾਹਿਬ ਨੇ ਰਾਤ ਦੇ ਹਨ੍ਹੇਰੇ 'ਚ ਨੋਟਬੰਦੀ ਦਾ ਤੁਗਲਕੀ ਫੁਰਮਾਨ ਜਾਰੀ ਕੀਤਾ ਸੀ।

ਨਵਜੋਤ ਸਿੱਧੂ ਨੇ ਕਿਹਾ ਕਿ ਮੋਦੀ ਸਰਕਾਰ ਦੇ ਨੋਟਬੰਦੀ ਦੇ ਫੈਸਲੇ ਕਾਰਨ ਅਮੀਰ ਵਿਅਕਤੀ ਹੋਰ ਅਮੀਰ ਹੁੰਦਾ ਗਿਆ, ਜਦੋਂ ਕਿ ਗਰੀਬ ਆਦਮੀ ਦਾ ਲੱਕ ਟੁੱਟ ਗਿਆ। ਨਵਜੋਤ ਸਿੱਧੂ ਨੇ ਕਿਹਾ ਕਿ ਜਦੋਂ ਤੱਕ ਨੀਰਵ ਮੋਦੀ, ਚੌਕਸੀ, ਮਾਲਿਆ ਵਰਗੇ ਲੋਕਾਂ ਨੂੰ ਫੜ੍ਹਿਆ ਨਹੀਂ ਜਾਵੇਗਾ, ਉਸ ਸਮੇਂ ਤੱਕ ਕਾਲਾ ਧਨ ਵਾਪਸ ਨਹੀਂ ਆ ਸਕਦਾ। ਉਨ੍ਹਾਂ ਕਿਹਾ ਕਿ ਵਿਦੇਸ਼ਾਂ 'ਚ ਪਿਆ ਕਾਲਾ ਧਨ ਡਾਲਰ ਅਤੇ ਪੌਂਡ ਨੂੰ ਹੋਰ ਮਜ਼ਬੂਤ ਕਰ ਰਿਹਾ ਹੈ, ਜਦੋਂ ਕਿ ਸਾਡਾ ਰੁਪਿਆ ਡਿਗ ਰਿਹਾ ਹੈ।