ਇਹ ਨੇ ਭਾਰਤ ਦੇ ਸਭ ਤੋਂ ਵੱਡੇ ਦੁਸ਼ਮਣ, NIA ਨੇ ਜਾਰੀ ਕੀਤੀ ਲਿਸਟ

Tags

ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਦੇਸ਼ ਦੇ ਦੁਸ਼ਮਣਾਂ ਦੀ ਇਕ ਲੰਬੀ ਲਿਸਟ ਜਾਰੀ ਕੀਤੀ ਹੈ। ਕਾਫੀ ਸਮੇਂ ਤੋਂ ਇਸ ਦਾ ਪਤਾ ਲਾਉਣ ਵਿਚ ਜੁਟੀ ਐੱਨ. ਆਈ. ਏ. ਨੂੰ ਇਸ ਕੰਮ 'ਚ ਆਖਰਕਾਰ ਸਫਲਤਾ ਮਿਲ ਹੀ ਗਈ। ਸ਼ਨੀਵਾਰ ਨੂੰ ਜਾਰੀ ਕੀਤੀ ਗਈ ਇਸ ਲਿਸਟ ਵਿਚ 258 ਲੋਕਾਂ ਦੇ ਨਾਂ ਹਨ। ਇਸ ਲਿਸਟ ਵਿਚ ਜ਼ਿਆਦਾਤਰ ਅੱਤਵਾਦੀ ਪਾਕਿਸਤਾਨ ਦੇ ਹਨ। ਮੁੰਬਈ ਹਮਲੇ ਦੀ ਸਾਜ਼ਿਸ਼ ਰਚਣ ਵਾਲਾ ਹਾਫਿਜ਼ ਸਈਦ ਦਾ ਨਾਂ ਵੀ ਇਸ ਲਿਸਟ ਵਿਚ ਸ਼ਾਮਲ ਹੈ।

ਲਿਸਟ 'ਚ ਭਗੌੜਿਆਂ ਦਾ ਪਤਾ ਲਾਉਣ ਲਈ ਐੱਨ. ਆਈ. ਏ. ਨੇ ਆਮ ਜਨਤਾ ਤੋਂ ਮਦਦ ਮੰਗੀ ਹੈ। ਐੱਨ. ਆਈ. ਏ. ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇਕ ਟਵੀਟ ਜ਼ਰੀਏ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਦੇਸ਼ ਦੇ ਭਗੌੜਿਆਂ ਨੂੰ ਫੜਨ ਲਈ ਤੁਹਾਡੀ ਮਦਦ ਦੀ ਲੋੜ ਹੈ। ਜੇਕਰ ਕਿਸੇ ਕੋਲ ਇਨ੍ਹਾਂ ਨੂੰ ਲੈ ਕੇ ਕੋਈ ਵੀ ਜਾਣਕਾਰੀ ਹੈ ਤਾਂ ਉਹ 011-24368800 'ਤੇ ਕਾਲ ਕਰਨ ਜਾਂ ਫਿਰ help.nia@gov.in 'ਤੇ ਮੇਲ ਕਰ ਸਕਦੇ ਹਨ।ਐੱਨ. ਆਈ. ਏ. ਨੇ ਕਿਹਾ ਕਿ ਜਾਣਕਾਰੀ ਦੇਣ ਵਾਲਿਆਂ ਦੀ ਪਛਾਣ ਗੁਪਤ ਰੱਖੀ ਜਾਵੇਗੀ। ਏਜੰਸੀ ਨੇ ਅਪੀਲ ਕੀਤੀ ਹੈ ਕਿ ਭਾਰਤ ਨੂੰ ਸੁਰੱਖਿਆ ਰੱਖਣ ਵਿਚ ਸਾਡੀ ਮਦਦ ਕੀਤੀ ਜਾਵੇ। 



ਇਸ ਦੇ ਨਾਲ ਹੀ ਏਜੰਸੀ ਨੇ ਅੱਤਵਾਦੀਆਂ ਦੀ ਸੂਚੀ ਦੇਖਣ ਲਈ ਇਕ ਲਿੰਕ ਵੀ ਦਿੱਤਾ ਹੈ। ਅੱਤਵਾਦੀਆਂ ਦੀ ਇਸ ਲਿਸਟ ਵਿਚ ਕਰੀਬ 15 ਔਰਤਾਂ ਵੀ ਸ਼ਾਮਲ ਹਨ। ਐੱਨ. ਆਈ. ਏ. ਨੇ ਲਿਸਟ ਨੂੰ ਦੋ ਹਿੱਸਿਆਂ ਵਿਚ ਵੰਡਿਆ ਹੈ। ਪਹਿਲੀ ਲਿਸਟ ਵਿਚ ਉਨ੍ਹਾਂ ਦੇ ਨਾਂ ਸ਼ਾਮਲ ਹਨ, ਜਿਨ੍ਹਾਂ ਵਿਰੁੱਧ ਇੰਟਰਪੋਲ ਨੇ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਹੈ। ਦੂਜੀ ਲਿਸਟ ਵਿਚ ਉਨ੍ਹਾਂ ਅੱਤਵਾਦੀਆਂ ਦੇ ਨਾਂ ਸ਼ਾਮਲ ਹਨ, ਜਿਨ੍ਹਾਂ 'ਤੇ ਐਨ. ਆਈ. ਏ. ਨੇ ਇਨਾਮ ਘੋਸ਼ਿਤ ਕੀਤਾ ਹੋਇਆ ਹੈ। ਇਸ ਲਿਸਟ ਵਿਚ ਕਸ਼ਮੀਰੀ ਅੱਤਵਾਦੀਆਂ ਤੋਂ ਇਲਾਵਾ ਨਾਗਾ ਅਤੇ ਨਕਸਲ ਅੱਤਵਾਦੀਆਂ ਦੇ ਨਾਂ ਵੀ ਸ਼ਾਮਲ ਹਨ।