ਅੰਮ੍ਰਿਤਸਰ ਰੇਲ ਹਾਦਸੇ 'ਚ ਮਿਲੀ ਇਨਸਾਨੀਅਤ ਦੀ ਵੱਡੀ ਮਿਸਾਲ

Tags

ਰੇਲ ਹਾਦਸੇ ਵਿੱਚ ਮਾਰੇ ਗਏ ਲੋਕਾਂ ਨੂੰ ਭਾਵੇਂ ਕਈ ਦਰਦ ਮਿਲੇ ਹੋਣ ਪਰ ਇਨਸਾਨੀਅਤ ਵੀ ਇੱਥੇ ਖੁੱਲ੍ਹ ਕੇ ਵੇਖਣ ਨੂੰ ਮਿਲ ਰਹੀ ਹੈ। ਜ਼ਿਲ੍ਹਾ ਜਲੰਧਰ ਦੇ ਲੋਹੀਆਂ ਕਲਾਂ ਦਾ ਰਹਿਣ ਵਾਲਾ ਗੁਲਸ਼ੇਰ ਸਿੰਘ ਨਾਮ ਦਾ ਕਿਸਾਨ ਇੱਥੇ ਛੇ ਮਹੀਨੇ ਦੀ ਬੱਚੀ ਨੂੰ ਗੋਲ ਲੈਣ ਲਈ ਪਹੁੰਚਿਆ। ਅੱਜ ਰੇਲਵੇ ਹਾਦਸੇ ਵਾਲ਼ੀ ਥਾਂ 'ਤੇ ਪੁੱਜੇ ਗੁਲ ਸ਼ੇਰ ਸਿੰਘ ਨੇ ਦੱਸਿਆ ਕਿ ਉਹ ਛੇ ਮਹੀਨੇ ਦੀ ਬੱਚੀ ਨੂੰ ਅਡੌਪਟ ਕਰਨਾ ਚਾਹੁੰਦਾ ਹੈ ਜਿਸ ਦੇ ਮਾਤਾ-ਪਿਤਾ ਇਸ ਹਾਦਸੇ ਵਿੱਚ ਮਾਰੇ ਗਏ ਹਨ। ਗੁਲਸ਼ੇਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਦੀ ਸੂਚਨਾ ਮੀਡੀਆ ਵਿੱਚ ਆਈਆਂ ਖਬਰਾਂ ਦੌਰਾਨ ਮਿਲੀ।

ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਪਰਿਵਾਰ ਨਾਲ ਗੱਲਬਾਤ ਕਰਕੇ ਫ਼ੈਸਲਾ ਕੀਤਾ ਕਿ ਉਹ ਲੜਕੀ ਨੂੰ ਗੋਦ ਲੈਣਗੇ। ਗੁਲਸ਼ੇਰ ਆਪਣੇ ਸਾਥੀਆਂ ਨਾਲ ਉਸ ਕਲੋਨੀ ਵਿੱਚ ਗਿਆ ਜਿੱਥੇ ਦੇ ਜ਼ਿਆਦਾ ਲੋਕ ਹਾਦਸੇ ਵਿੱਚ ਜ਼ਖ਼ਮੀ ਸਨ ਪਰ ਉਹ ਛੇ ਮਹੀਨੇ ਦੀ ਬੱਚੀ ਨਹੀਂ ਮਿਲ ਸਕੀ। ਗੁਲਸ਼ੇਰ ਨੇ ਉਸ ਔਰਤ ਨੂੰ ਵੀ ਲੱਭ ਲਿਆ ਜਿਸ ਦੀ ਗੋਦ ਵਿੱਚ ਬੈਠੀ ਉਹ ਬੱਚੀ ਰੋ ਰਹੀ ਸੀ ਪਰ ਉਸ ਔਰਤ ਮੁਤਾਬਕ ਇਹ ਛੇ ਮਹੀਨੇ ਦੀ ਬੱਚੀ ਇੱਥੋਂ ਮਹੀਨਾ ਪਹਿਲਾਂ ਚੱਲੀ ਗਈ ਸੀ ਕਿਉਂਕਿ ਉਹ ਇਨ੍ਹਾਂ ਕੋਲ ਕਿਰਾਏ 'ਤੇ ਰਹਿੰਦੀ ਸੀ। ਗੁਲਸ਼ੇਰ ਨੇ ਇਸ ਸਬੰਧੀ ਬਕਾਇਦਾ ਅੰਮ੍ਰਿਤਸਰ ਦੇ ਪ੍ਰਸ਼ਾਸ਼ਨਕ ਅਧਿਕਾਰੀਆਂ ਨਾਲ ਵੀ ਸੰਪਰਕ ਕੀਤਾ।

ਅੰਮ੍ਰਿਤਸਰ ਦੇ ਅਧਿਕਾਰੀਆਂ ਨੇ ਉਸ ਨੂੰ ਇਸ ਬਾਰੇ ਬਾਕਾਇਦਾ ਲਿਖਤੀ ਤੌਰ 'ਤੇ ਅਰਜ਼ੀ ਰੈੱਡ ਕਰਾਸ ਸੁਸਾਇਟੀ ਵਿੱਚ ਦੇਣ ਦੀ ਅਪੀਲ ਕੀਤੀ ਹੈ। ਗੁਲਸ਼ੇਰ ਨੇ ਕਿਹਾ ਕਿ ਉਹ ਕਿਸਾਨ ਹੈ ਤੇ ਉਸ ਦਾ ਇੱਕ ਬੇਟਾ ਵੀ ਹੈ ਪਰ ਉਹ ਇਸ ਧੀ ਨੂੰ ਇਸ ਹਾਦਸੇ ਤੋਂ ਬਾਅਦ ਗੋਦ ਲੈਣਾ ਚਾਹੁੰਦਾ ਹੈ। ਇਸੇ ਕਰਕੇ ਉਹ ਅੰਮ੍ਰਿਤਸਰ ਆਇਆ ਹੈ।