ਅੰਮ੍ਰਿਤਸਰ ਰੇਲ ਹਾਦਸਾ : ਭੜਕੇ ਲੋਕਾਂ ਨੇ ਮੀਡੀਆ ਤੇ ਪੁਲਸ 'ਤੇ ਵਰ੍ਹਾਏ ਪੱਥਰ

Tags

ਅੰਮ੍ਰਿਤਸਰ 'ਚ ਸ਼ੁੱਕਰਵਾਰ ਨੂੰ ਦੁਸਹਿਰੇ ਵਾਲੇ ਦਿਨ ਹੋਏ ਭਿਆਨਕ ਹਾਦਸੇ 'ਚ 59 ਲੋਕਾਂ ਦੀ ਮੌਤ ਜਦਕਿ 57 ਲੋਕ ਜ਼ਖਮੀ ਹੋ ਗਏ ਸਨ। ਹਾਦਸੇ ਤੋਂ ਬਾਅਦ ਅੰਮ੍ਰਿਤਸਰ 'ਚ ਰੇਲ ਸੇਵਾ ਵੀ ਬੰਦ ਹੋ ਗਈ ਸੀ ਪਰ ਹਾਦਸੇ ਦੇ ਕਈ ਘੰਟੇ ਬੀਤ ਜਾਣ ਦੇ ਬਾਅਦ ਰੇਲ ਸੇਵਾ ਨੂੰ ਫਿਰ ਤੋਂ ਬਹਾਲ ਕੀਤਾ ਜਾਣ ਲੱਗਾ। ਇਸ ਲਈ ਜੌੜਾ ਫਾਟਕ 'ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉੱਥੇ ਹੀ ਐਤਵਾਰ ਸਵੇਰੇ ਲੋਕਾਂ ਨੇ ਪੀੜਤਾਂ ਨੂੰ ਉਚਿੱਤ ਮੁਆਵਜ਼ਾ ਦਿਵਾਉਣ ਦੀ ਮੰਗ ਨੂੰ ਲੈ ਕੇ ਜੌੜਾ ਫਾਟਕ 'ਤੇ ਧਰਨਾ ਲਗਾ ਕੇ ਪ੍ਰਦਰਸ਼ਨ ਕੀਤਾ।

ਪ੍ਰਦਰਸ਼ਨਕਾਰੀਆਂ ਨੇ ਇਸ ਦੌਰਾਨ ਮੀਡੀਆ ਤੇ ਪੁਲਸ 'ਤੇ ਵੀ ਪਥਰਾਅ ਕੀਤਾ। ਇਸ ਕਾਰਨ ਪੁਲਸ ਨੂੰ ਹਲਕਾ ਲਾਠੀਚਾਰਜ ਕਰਕੇ ਉਨ੍ਹਾਂ ਨੂੰ ਰੋਕਣਾ ਪਿਆ।ਉੱਥੇ ਹੀ ਸੁਰੱਖਿਆ ਦੇ ਮੱਦੇਨਜ਼ਰ ਰੇਲਵੇ ਸਟੇਸ਼ਨ ਤੋਂ ਲੈ ਕੇ ਜੌੜਾ ਫਾਟਕ ਤੱਕ ਪੰਜਾਬ ਪੁਲਸ ਤੇ ਹੋਰ ਸੁਰੱਖਿਆ ਬਲਾਂ ਦੇ ਜਵਾਨ ਤਾਇਨਾਤ ਹਨ। ਲਾਠੀਚਾਰਜ ਦੌਰਾਨ ਕੁਝ ਲੋਕ ਅਤੇ ਇਕ ਪੁਲਸ ਦਾ ਜਵਾਨ ਵੀ ਜ਼ਖਮੀ ਹੋਇਆ ਹੈ। ਹਾਲਾਂਕਿ ਪੁਲਸ ਦੇ ਅਧਿਕਾਰੀ ਘਟਨਾ ਵਾਲੀ ਥਾਂ 'ਤੇ ਕਿਸੇ ਵੀ ਤਰ੍ਹਾਂ ਦੇ ਪਥਰਾਅ ਅਤੇ ਲਾਠੀਚਾਰਜ ਦੀ ਘਟਨਾ ਤੋਂ ਇਨਕਾਰ ਕਰ ਰਹੇ ਹਨ।ਇਸ ਪ੍ਰਦਰਸ਼ਨ 'ਚ ਸ਼ਿਵਸੈਨਾ ਦੇ ਕਾਰਜਕਰਤਾ ਅਤੇ ਉਨ੍ਹਾਂ ਦੇ ਨੇਤਾ ਪਵਨ ਗੁਪਤਾ ਵੀ ਸ਼ਾਮਲ ਹਨ।


ਪੁਲਸ ਵਲੋਂ ਕਈ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ। ਇਸ ਸਬੰਧੀ ਐੱਸ.ਡੀ.ਐੱਮ. ਰਾਜੇਸ਼ ਸ਼ਰਮਾ ਨੇ ਕਿਹਾ ਕਿ ਸਥਿਤੀ ਕੰਟਰੋਲ 'ਚ ਹੈ। ਜਲਦ ਹੀ ਰੇਲ ਸੇਵਾ ਬਹਾਲ ਕਰ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਸਰਕਾਰ ਤੋਂ ਸਹਾਇਤਾ ਰਾਸ਼ੀ ਮਿਲ ਗਈ ਹੈ, ਜਿਸ ਨੂੰ ਜਲਦ ਹੀ ਪੀੜਤ ਪਰਿਵਾਰਾਂ ਨੂੰ ਵੰਡ ਦਿੱਤਾ ਜਾਵੇਗਾ। ਘਟਨਾ ਵਾਲੀ ਥਾਂ 'ਤੇ ਜਲਦ ਹੀ ਮਾਲਗੱਡੀ ਅਤੇ ਸ਼ਤਾਬਦੀ ਟੇਰਨਾਂ ਚੱਲਣਗੀਆਂ। ਲਗਭਗ 43 ਘੰਟੇ ਬਾਅਦ ਇਸ ਰੇਲ ਲਾਈਨ ਨੂੰ ਬਹਾਲ ਕੀਤਾ ਗਿਆ ਹੈ।