ਗਿਆਨੀ ਗੁਰਬਚਨ ਸਿੰਘ ਦੇ ਅਸਤੀਫ਼ੇ ਤੋਂ ਬਾਅਦ ਇਹ ਹੋਣਗੇ ਅਕਾਲ ਤਖ਼ਤ ਦੇ ਨਵੇਂ ਜਥੇਦਾਰ

Tags

10 ਸਾਲ ਲੰਮਾ ਕਾਰਜਕਾਲ ਭੋਗਣ ਤੋਂ ਬਾਅਦ ਗਿਆਨੀ ਗੁਰਬਚਨ ਸਿੰਘ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਜਥੇਦਾਰੀ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਹੁਣ ਨਵੇਂ ਜਥੇਦਾਰ ਦੀ ਨਿਯੁਕਤੀ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਹਨ। ਸੂਤਰਾਂ ਮੁਤਾਬਕ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਅਗਲਾ ਜਥੇਦਾਰ ਲਾਇਆ ਜਾ ਸਕਦਾ ਹੈ। ਪਰ ਅਜਿਹਾ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਰਪੇਸ਼ ਕਈ ਸਮੱਸਿਆਵਾਂ ਹਨ।

ਐਸਜੀਪੀਸੀ ਨੇ ਜਨਰਲ ਇਜਲਾਸ ਆਉਂਦੀ 13 ਨਵੰਬਰ ਨੂੰ ਸੱਦਿਆ ਹੈ ਅਤੇ ਹੁਣ ਉਦੋਂ ਤਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਕੋਲ ਜਥੇਦਾਰ ਦੀ ਨਿਯੁਕਤੀ ਲਈ ਕੋਈ ਸ਼ਕਤੀ ਨਹੀਂ ਬਚੀ ਹੈ। ਅਜਿਹੇ ਵਿੱਚ ਐਗ਼ਜ਼ੈਕਟਿਵ ਕਮੇਟੀ ਕਾਰਜਕਾਰੀ ਜਥੇਦਾਰ ਦੀ ਨਿਯੁਕਤੀ ਕਰ ਸਕਦੀ ਹੈ। ਜੇਕਰ ਅਜਿਹਾ ਨਹੀਂ ਹੁੰਦਾ ਤਾਂ 13 ਨਵੰਬਰ ਤੋਂ ਬਾਅਦ ਹੀ ਜਥੇਦਾਰ ਦੀ ਨਿਯੁਕਤੀ ਹੋਵੇਗੀ। ਸ਼੍ਰੋਮਣੀ ਅਕਾਲੀ ਦਲ ਤੇ ਐਸਜੀਪੀਸੀ ਪਿਛਲੇ ਕਈ ਮਹੀਨਿਆਂ ਤੋਂ ਹੀ ਅਕਾਲ ਤਖ਼ਤ ਦੇ ਨਵੇਂ ਜਥੇਦਾਰ ਦੀ ਭਾਲ ਕਰ ਰਹੀ ਸੀ, ਪਰ ਹਾਲੇ ਤਕ ਕੋਈ ਵੱਡਾ ਦਾਅਵੇਦਾਰ ਸਾਹਮਣੇ ਨਹੀਂ ਸੀ ਆਇਆ। ਪਰ ਹੁਣ ਕਿਆਸ ਲਾਏ ਜਾ ਰਹੇ ਹਨ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਇਹ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਹੈ।

ਜ਼ਿਕਰਯੋਗ ਹੈ ਕਿ ਵੀਰਵਾਰ ਦੇਰ ਸ਼ਾਮ ਗਿਆਨੀ ਗੁਰਬਚਨ ਸਿੰਘ ਨੇ ਖ਼ਰਾਬ ਸਿਹਤ ਤੇ ਵੱਧਦੀ ਉਮਰ ਦਾ ਹਵਾਲਾ ਦਿੰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਹੁਦੇ ਨੂੰ ਛੱਡਿਆ। ਉਨ੍ਹਾਂ ਆਪਣੇ ਅਸਤੀਫ਼ੇ ਵਿੱਚ ਵਿੱਚ ਰਾਮ ਰਹੀਮ ਨੂੰ ਮੁਆਫ਼ ਦੇਣ ਦਾ ਹਵਾਲਾ ਦਿੰਦਿਆਂ ਗਲ਼ਤੀਆਂ ਲਈ ਸੰਗਤ ਤੋਂ ਖਿਮਾ ਜਾਚਨਾ ਵੀ ਕੀਤੀ ਹੈ। ਗਿਆਨੀ ਗੁਰਬਚਨ ਸਿੰਘ ਦਾ ਅਸਤੀਫਾ ਬੇਹੱਦ ਨਾਟਕੀ ਅੰਦਾਜ਼ ਵਿੱਚ ਹੋਇਆ। ਬੁੱਧਵਾਰ ਹੀ ਗਿਆਨੀ ਗੁਰਬਚਨ ਸਿੰਘ ਨੇ ਖ਼ੁਦ ਦੇ ਅਸਤੀਫ਼ੇ ਦੀਆਂ ਖ਼ਬਰਾਂ ਦਾ ਖੰਡਨ ਕਰਦਿਆਂ ਕਿਹਾ ਸੀ ਕਿ ਜਦੋਂ ਮਨ ਹੋਵੇਗਾ ਉਦੋਂ ਹੀ ਅਹੁਦਾ ਛੱਡਾਂਗਾ। 


ਵੀਰਵਾਰ ਦੁਪਹਿਰ ਤਕ ਵੀ ਗਿਆਨੀ ਗੁਰਬਚਨ ਸਿੰਘ ਦਾ ਅਸਤੀਫ਼ਾ ਦੇਣ ਦਾ ਮਨ ਨਹੀਂ ਸੀ। ਪਰ ਐਸਜੀਪੀਸੀ ਦੀ ਬੈਠਕ ਵਿੱਚ ਜਨਰਲ ਇਜਲਾਸ ਸੱਦੇ ਜਾਣ ਤੇ ਨਵੇਂ ਪ੍ਰਧਾਨ ਦੀ ਚੋਣ ਦੇ ਐਲਾਨ ਤੋਂ ਕੁਝ ਹੀ ਸਮੇਂ ਬਾਅਦ ਗਿਆਨੀ ਗੁਰਬਚਨ ਸਿੰਘ ਨੇ ਜਥੇਦਾਰ ਦਾ ਅਹੁਦਾ ਤਿਆਗ ਦਿੱਤਾ।