ਇੰਗਲੈਂਡ ਵਿੱਚ ਹੈ ਇਸ ਭਾਰਤੀ ਔਰਤ ਦਾ ਪੂਰਾ ਸਨਮਾਨ, ਪਰ ਭਾਰਤ ਵਿੱਚ ਕਿਸੇ ਨੂੰ ਪਤਾ ਵੀ ਨਹੀਂ

ਦੂਜੇ ਵਿਸ਼ਵ ਯੁੱਧ ਦੌਰਾਨ ਆਪਣੀ ਬਹਾਦਰੀ ਦਾ ਝੰਡਾ ਗੱਡਣ ਵਾਲੀ ਭਾਰਤੀ ਮੂਲ ਦੀ ਔਰਤ ਨੂਰ ਅਨਾਇਤ ਖਾਨ ਦੀ ਤਸਵੀਰ ਇੰਗਲੈਂਡ ਦੇ 50 ਪੌਂਡ ਦੇ ਨੋਟ 'ਤੇ ਲੱਗ ਸਕਦੀ ਹੈ। 'ਬੈਂਕ ਆਫ ਇੰਗਲੈਂਡ' ਵਲੋਂ 2020 'ਚ 50 ਪੌਂਡ ਦੇ ਨਵੇਂ ਪਲਾਸਟਿਕ ਦੇ ਨੋਟ ਜਾਰੀ ਹੋਣ ਦਾ ਪ੍ਰਸਤਾਵ ਰੱਖਿਆ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਨੂਰ ਅਨਾਇਤ ਖਾਨ ਨੂੰ ਦੂਜੇ ਵਿਸ਼ਵ ਯੁੱਧ ਦੌਰਾਨ 1943 'ਚ ਫਰਾਂਸ ਦੇ ਉਸ ਖੇਤਰ 'ਚ ਭੇਜਿਆ ਗਿਆ ਸੀ ਜੋ ਨਾਜ਼ੀ ਦੇ ਅਧੀਨ ਸੀ। ਉਸ ਸਮੇਂ ਉਸ ਦੀ ਉਮਰ ਸਿਰਫ 29 ਸਾਲ ਸੀ।

ਉਸ ਨੇ ਤਸੀਹੇ ਸਹਿਣ ਕਰਕੇ ਵੀ ਆਪਣੇ ਦੇਸ਼ (ਇੰਗਲੈਂਡ) ਦੀ ਸੁਰੱਖਿਆ ਨੂੰ ਖਤਰੇ 'ਚ ਨਹੀਂ ਪਾਇਆ ਸੀ, ਜਿਸ ਲਈ ਇੰਗਲੈਂਡ 'ਚ ਉਸ ਦਾ ਨਾਂ ਬਹੁਤ ਸਨਮਾਨ ਨਾਲ ਲਿਆ ਜਾਂਦਾ ਹੈ।ਉਹ ਇਕ ਅਮੀਰ ਪਰਿਵਾਰ ਨਾਲ ਸਬੰਧ ਰੱਖਦੀ ਸੀ ਪਰ ਉਸ ਨੇ ਐਸ਼ੋ-ਆਰਾਮ ਵਾਲੀ ਜ਼ਿੰਦਗੀ ਦਾ ਤਿਆਗ ਕਰਕੇ ਬਰਤਾਨੀਆ ਦੇ ਲੇਖੇ ਆਪਣੀ ਜ਼ਿੰਦਗੀ ਲਗਾ ਦਿੱਤੀ।


ਉਹ ਹਵਾਈ ਫੌਜ ਦੀ ਅਧਿਕਾਰੀ ਸੀ ਅਤੇ ਉਸ ਨੇ ਇਕ ਜਾਸੂਸ ਦੀ ਭੂਮਿਕਾ ਨਿਭਾਈ ਸੀ ਅਤੇ ਦੁਸ਼ਮਣਾਂ ਨੇ ਉਸ ਨੂੰ ਬਹੁਤ ਤਸੀਹੇ ਦੇ ਕੇ 1944 'ਚ ਕਤਲ ਕਰ ਦਿੱਤਾ ਸੀ ਪਰ ਉਸ ਨੇ ਆਪਣੀ ਪਛਾਣ ਉਨ੍ਹਾਂ ਨੂੰ ਨਹੀਂ ਦੱਸੀ ਸੀ ਅਤੇ ਨਾ ਹੀ ਕੋਈ ਅਹਿਮ ਜਾਣਕਾਰੀ ਸਾਂਝੀ ਕੀਤੀ ਸੀ। ਉਸ ਦੀ ਬਹਾਦਰੀ ਕਾਰਨ ਗੋਰਡਨ ਸਕੁਆਇਰ ਗਾਰਡਨਜ਼ 'ਚ ਉਸ ਦਾ ਬੁੱਤ ਲਗਾਇਆ ਗਿਆ ਸੀ, ਜਿਸ ਦਾ ਉਦਘਾਟਨ ਰਾਜਕੁਮਾਰੀ ਐਨੇ ਨੇ 2012 'ਚ ਕੀਤਾ ਸੀ। ਇਸੇ ਲਈ ਇੱਥੇ ਰਹਿੰਦੇ ਭਾਰਤੀ ਅਤੇ ਹੋਰ ਭਾਈਚਾਰੇ ਵਲੋਂ ਇਹ ਮੁਹਿੰਮ ਚਲਾਈ ਜਾ ਰਹੀ ਹੈ ਕਿ ਨੂਰ ਅਨਾਇਤ ਖਾਨ ਦੀ ਤਸਵੀਰ ਨਵੇਂ ਛਪਣ ਵਾਲੇ ਨੋਟਾਂ 'ਤੇ ਲੱਗੇ ਅਤੇ ਲੋਕਾਂ ਨੂੰ ਉਸ ਦੀ ਬਹਾਦਰੀ ਬਾਰੇ ਜਾਣਕਾਰੀ ਮਿਲ ਸਕੇ।

ਅਨਾਇਤ ਦੀ ਤਸਵੀਰ ਲਗਾਉਣ ਲਈ ਦਸਤਖਤ ਵਾਲੀ ਮੁਹਿੰਮ ਚਲਾਈ ਗਈ ਹੈ, ਜਿਸ 'ਤੇ ਹੁਣ ਤਕ 1500 ਲੋਕਾਂ ਨੇ ਦਸਤਖਤ ਕੀਤੇ ਹਨ। ਬਹੁਤ ਸਾਰੇ ਬ੍ਰਿਟੇਨ ਅਧਿਕਾਰੀਆਂ ਨੇ ਉਸ ਦੇ ਨਾਂ ਦੀ ਸਿਫਾਰਸ਼ ਕੀਤੀ ਹੈ। ਉਂਝ ਅਨਾਇਤ ਖਾਨ ਤੋਂ ਇਲਾਵਾ ਮੈਰੀ ਸੀਕੋਲ, ਸਟੀਫਨ ਹਾਕਿੰਗ, ਕਲੀਮੈਂਟ ਐਟਲੀ ਅਤੇ ਮਾਰਗ੍ਰੇਟ ਥੈਟਚਰ ਵਰਗੀਆਂ ਮਹਾਨ ਹਸਤੀਆਂ ਦੇ ਨਾਂ ਵੀ ਸਾਹਮਣੇ ਆਏ ਹਨ, ਜਿਨ੍ਹਾਂ ਦੀ ਤਸਵੀਰ ਲਗਾਉਣ ਦੀ ਵੱਖ-ਵੱਖ ਭਾਈਚਾਰਿਆਂ ਵਲੋਂ ਮੰਗ ਕੀਤੀ ਜਾ ਰਹੀ ਹੈ।