ਸਿੱਧੂ 'ਤੇ ਮਜੀਠੀਆ ਹੋਇਆ ਸਿੱਧਾ

Tags

ਬੀਤੇ ਕੱਲ੍ਹ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਕੀਤੀ ਤਿੱਖੀ ਬਿਆਨਬਾਜ਼ੀ ਦਾ ਜਵਾਬ ਦਿੰਦਿਆਂ ਬਿਕਰਮ ਮਜੀਠੀਆ ਨੇ ਸਿੱਧੂ ਨੂੰ ਹੰਕਾਰੀ ਦੱਸਦਿਆਂ ਕਿਹਾ ਕਿ ਉਹ ਸਹੀ ਕਹਿ ਰਿਹਾ ਹੈ, ਸਾਡਾ ਉਸ ਨਾਲ ਕੋਈ ਮੁਕਾਬਲਾ ਹੀ ਨਹੀਂ। ਮਜੀਠੀਆ ਉੱਪਰ ਲਗਾਤਾਰ ਹਰੀ ਕੁਆਲਿਸ ਕਾਰ ਲੈ ਕੇ ਆਉਣ ਦੇ ਕੀਤੇ ਜਾ ਰਹੇ ਹਮਲੇ ਦਾ ਜਵਾਬ ਦਿੰਦਿਆਂ ਮਜੀਠੀਆ ਨੇ ਕਿਹਾ ਕਿ ਸਿੱਧੂ ਕੋਈ ਡੀਟੀਓ ਨਹੀਂ ਲੱਗਾ ਰਿਹਾ ਜਾਂ ਉਸ ਦੀ ਗੱਡੀ ਦੇ ਟਾਇਰਾਂ ਵਿੱਚ ਹਵਾ ਨਹੀਂ ਭਰਦਾ ਰਿਹਾ ਜੋ ਉਸ ਦੀ ਗੱਡੀ ਬਾਰੇ ਗੱਲ ਕਰਦਾ ਹੈ।

ਸਿੱਧੂ ਆਪਣੀ ਗੱਲ ਕਰੇ ਜਿਸ ਦੇ ਘਰ ਜਸਬੀਰ ਅੰਨਗੜ੍ਹ ਤੇ ਸਾਬੀ ਸਵਾਲਾ ਵਰਗੇ ਗੈਂਗਸਟਰ ਰਹਿ ਰਹੇ ਹਨ।ਸਿੱਧੂ ਵੱਲੋਂ ਇਸ ਹਲਕੇ ਦੇ ਲੋਕਾਂ ਨੂੰ ਆਪਣੇ ਪਰਿਵਾਰਕ ਮੈਂਬਰ ਦੱਸਣ 'ਤੇ ਮਜੀਠੀਆ ਨੇ ਕਿਹਾ ਕਿ ਜੇ ਸਿੱਧੂ ਸੱਚਮੁੱਚ ਉਨ੍ਹਾਂ ਨੂੰ ਪਰਿਵਾਰ ਸਮਝਦੇ ਹਨ ਤਾਂ ਉਨ੍ਹਾਂ ਦੀ ਪਤਨੀ ਹਾਦਸੇ ਵੇਲੇ ਮੌਕੇ ਤੋਂ ਨਾ ਭੱਜਦੀ। ਅਕਾਲੀ ਦਲ ਵੱਲੋਂ ਰਾਜਨੀਤੀ ਕਰਨ ਦੇ ਲਾਏ ਇਲਜ਼ਾਮਾ ਬਾਰੇ ਮਜੀਠੀਆ ਨੇ ਕਿਹਾ ਕਿ ਮੋਗਾ ਹਾਦਸੇ ਵੇਲੇ ਅਕਾਲੀ ਦਲ ਨੇ ਪਰਿਵਾਰ ਦੀ ਬਾਂਹ ਫੜੀ ਤੇ ਕਾਂਗਰਸ ਨੇ ਉਸ ਵੇਲੇ ਰਾਜਨੀਤੀ ਕੀਤੀ। ਮਜੀਠੀਆ ਨੇ ਆਪਣੀ ਮੰਗ ਨੂੰ ਮੁੜ ਦੁਹਰਾਉਂਦਿਆਂ ਕਿਹਾ ਕਿ ਪੀੜਤਾਂ ਨੂੰ ਇੱਕ-ਇੱਕ ਕਰੋੜ ਮੁਆਵਜ਼ਾ ਦੇਣਾ ਚਾਹੀਦਾ ਹੈ।

ਸ਼੍ਰੋਮਣੀ ਅਕਾਲੀ ਦਲ ਵਿੱਚ ਬਾਗੀ ਸੁਰਾਂ ਉੱਠਣ ਮਗਰੋਂ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਤੇ ਉਨ੍ਹਾਂ ਦੇ ਰਿਸ਼ਤੇਦਾਰ ਬਿਕਰਮ ਮਜੀਠੀਆ ਨਰਮ ਪੈ ਗਏ ਹਨ। ਬਿਕਰਮ ਮਜੀਠੀਆ ਨੇ ਪਹਿਲੀ ਵਾਰ ਮੰਨਿਆ ਹੈ ਕਿ ਅਸਤੀਫਾ ਦੇ ਚੁੱਕੇ ਟਕਸਾਲੀ ਲੀਡਰ ਰਣਜੀਤ ਸਿੰਘ ਬ੍ਰਹਮਪੁਰਾ ਹੀ ਮਾਝੇ ਦੇ ਜਰਨੈਲ ਸਨ। ਦਿਲਚਸਪ ਗੱਲ ਹੈ ਕਿ ਬ੍ਰਹਮਪੁਰਾ ਦੇ ਅਸਤੀਫੇ ਤੋਂ ਪਹਿਲਾਂ ਮਜੀਠੀਆ ਹੀ ਮਾਝੇ ਦੇ ਜਰਨੈਲ ਕਹਾਉਂਦੇ ਸੀ।

ਟਕਸਾਲੀ ਅਕਾਲੀਆਂ ਵੱਲੋਂ ਬਗਾਵਤੀ ਸੁਰਾਂ ਅਖਤਿਆਰ ਕਰਨ ਬਾਰੇ ਮਜੀਠੀਆ ਨੇ ਕਿਹਾ ਕਿ ਉਨ੍ਹਾਂ ਲਈ ਸਾਰੇ ਸਤਿਕਾਰਯੋਗ ਹਨ। ਉਹ ਵੱਡੇ ਹਨ ਤੇ ਇਸ ਲਈ ਕਿਸੇ ਬਾਰੇ ਕੁਝ ਨਹੀਂ ਕਹਿਣਾ ਚਾਹੁੰਦੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਰਣਜੀਤ ਸਿੰਘ ਬ੍ਰਹਮਪੁਰਾ ਹੀ ਸੱਚਮੁੱਚ ਮਾਝੇ ਦੇ ਜਰਨੈਲ ਹਨ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਉਹ ਸੀਨੀਅਰ ਹਨ ਤੇ ਪਾਰਟੀ ਲਈ ਉਨ੍ਹਾਂ ਨੇ ਕਾਫੀ ਕੰਮ ਕੀਤਾ ਹੈ।