ਮੋਦੀ ਦੀ ਮਨ ਕੀ ਬਾਤ ਵਿੱਚ ਛਾਇਆ ਪੰਜਾਬ ਦਾ ਇਹ ਕਿਸਾਨ

Tags

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਝੌਨੇ ਦੀ ਪਰਾਲੀ ਸਾੜਨ ਤੋਂ ਹੋਣ ਵਾਲੇ ਪ੍ਰਦੂਸ਼ਣ 'ਤੇ ਰੋਕ ਲਾਉਣ ਲਈ ਪੰਜਾਬ ਦੇ ਕਿਸਾਨ ਦੀ ਮਿਸਾਲ ਦਿੱਤੀ ਹੈ। 'ਮਨ ਕੀ ਬਾਤ' ਵਿਚ ਕਿਸਾਨ ਗੁਰਬਚਨ ਸਿੰਘ ਬਾਰੇ ਦੇਸ਼ ਵਾਸੀਆਂ ਨਾਲ ਮੋਦੀ ਨੇ ਗੱਲ ਸਾਂਝੀ ਕੀਤੀ। ਮੋਦੀ ਨੇ ਕਿਹਾ ਕਿ ਗੁਰਬਚਨ ਸਿੰਘ ਨੇ ਇਕ ਅਜਿਹਾ ਅਸਾਧਾਰਣ ਕੰਮ ਕੀਤਾ ਹੈ, ਜੋ ਸਾਰਿਆਂ ਲਈ ਮਿਸਾਲ ਹੈ। ਉਨ੍ਹਾਂ ਦੇ ਇਸ ਕੰਮ ਨਾਲ ਲੋਕਾਂ ਦੀ ਮਾਨਸਿਕਤਾ ਬਦਲਣ ਅਤੇ ਸਮਾਜ ਨੂੰ ਨਵੀਂ ਸੇਧ ਦੇਣ ਵਿਚ ਮਦਦ ਮਿਲੀ ਹੈ।

ਮੋਦੀ ਨੇ ਅੱਗੇ ਕਿਹਾ ਕਿ ਕੁਝ ਦਿਨ ਪਹਿਲਾਂ ਮੈਂ ਪੰਜਾਬ ਦੇ ਕਿਸਾਨ ਗੁਰਬਚਨ ਸਿੰਘ ਬਾਰੇ ਪੜ੍ਹ ਰਿਹਾ ਸੀ। ਇਕ ਆਮ ਅਤੇ ਮਿਹਨਤੀ ਕਿਸਾਨ ਗੁਰਬਚਨ ਸਿੰਘ ਦੇ ਬੇਟੇ ਦਾ ਵਿਆਹ ਸੀ। ਵਿਆਹ ਤੋਂ ਪਹਿਲਾਂ ਉਨ੍ਹਾਂ ਨੇ ਲੜਕੀ ਦੇ ਮਾਪਿਆਂ ਨੂੰ ਕਿਹਾ ਕਿ ਅਸੀਂ ਵਿਆਹ ਸਾਦੇ ਢੰਗ ਨਾਲ ਕਰਾਂਗੇ। ਅਚਾਨਕ ਉਨ੍ਹਾਂ ਨੇ ਕਿਹਾ ਕਿ ਮੇਰੀ ਇਕ ਸ਼ਰਤ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਗੁਰਬਚਨ ਸਿੰਘ ਨੇ ਲੜਕੀ ਦੇ ਪਿਤਾ ਸਾਹਮਣੇ ਜੋ ਸ਼ਰਤ ਰੱਖੀ, ਉਹ ਸਾਡੇ ਸਮਾਜ ਦੀ ਸੱਚੀ ਤਾਕਤ ਹੈ। ਗੁਰਬਚਨ ਸਿੰਘ ਜੀ ਨੇ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਮੈਨੂੰ ਵਚਨ ਦੇਵੋ ਕਿ ਹੁਣ ਤੁਸੀਂ ਖੇਤ ਵਿਚ ਪਰਾਲੀ ਨਹੀਂ ਸਾੜੋਗੇ। ਗੁਰਬਚਨ ਸਿੰਘ ਦੀ ਇਹ ਸ਼ਰਤ ਸੱਚ-ਮੁੱਚ ਹੈਰਾਨ ਕਰ ਦੇਣ ਵਾਲੀ ਸੀ। ਉਂਝ ਅੱਜ-ਕੱਲ ਵਿਆਹ-ਸ਼ਾਦੀ ਦੇ ਸਮੇਂ ਸ਼ਰਤ ਦੀ ਗੱਲ ਆਉਂਦੀ ਹੈ ਤਾਂ ਇਹ ਹੀ ਡਰ ਲੱਗਦਾ ਹੈ ਕਿ ਸਾਹਮਣੇ ਵਾਲਾ ਕੋਈ ਵੱਡੀ ਮੰਗ ਕਰਨ ਵਾਲਾ ਹੈ। ਕੁਝ ਅਜਿਹੀ ਚੀਜ਼ ਦੀ ਮੰਗ ਕੀਤੀ ਜਾਵੇਗੀ, ਜੋ ਸ਼ਾਇਦ ਲੜਕੀ ਦੇ ਪਰਿਵਾਰ ਵਾਲਿਆਂ ਲਈ ਮੁਸ਼ਕਲ ਖੜ੍ਹੀ ਕਰ ਦੇਵੇ।

ਮੋਦੀ ਨੇ ਕਿਹਾ ਕਿ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਕਿੰਨੀ ਵੱਡੀ ਸਮਾਜਿਕ ਤਾਕਤ ਹੈ ਇਸ ਵਿਚ। ਗੁਰਬਚਨ ਸਿੰਘ ਦੀ ਇਹ ਗੱਲ ਲੱਗਦੀ ਤਾਂ ਬਹੁਤ ਮਾਮੂਲੀ ਹੈ ਪਰ ਇਹ ਦੱਸਦੀ ਹੈ ਕਿ ਉਨ੍ਹਾਂ ਦਾ ਵਿਅਕਤੀਤੱਵ ਕਿੰਨਾ ਵਿਸ਼ਾਲ ਹੈ। ਮੋਦੀ ਨੇ ਕਿਹਾ ਕਿ ਉਹ ਗੁਰਬਚਨ ਸਿੰਘ ਨੂੰ ਵਧਾਈ ਦਿੰਦੇ ਹਨ, ਜੋ ਵਾਤਾਵਰਣ ਨੂੰ ਸਾਫ ਰੱਖਣ ਲਈ ਆਪਣਾ ਵੱਡਮੁੱਲਾ ਯੋਗਦਾਨ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਬੂੰਦ-ਬੂੰਦ ਨਾਲ ਸਾਗਰ ਭਰਦਾ ਹੈ, ਉਸੇ ਤਰ੍ਹਾਂ ਛੋਟੀ-ਛੋਟੀ ਜਾਗਰੂਕਤਾ ਅਤੇ ਸਕਾਰਾਤਮਕ ਵਾਲੇ ਕੰਮ ਹਮੇਸ਼ਾ ਚੰਗਾ ਮਾਹੌਲ ਬਣਾਉਣ ਵਿਚ ਵੱਡੀ ਭੂਮਿਕਾ ਅਦਾ ਕਰਦਾ ਹੈ। ਜ਼ਿਕਰਯੋਗ ਹੈ ਕਿ ਪਰਾਲੀ ਸਾੜਨ ਨਾਲ ਹੋਣ ਵਾਲੇ ਪ੍ਰਦੂਸ਼ਣ ਨਾਲ ਨਾ ਸਿਰਫ ਪੰਜਾਬ ਅਤੇ ਹਰਿਆਣਾ ਸਗੋਂ ਰਾਜਧਾਨੀ ਦਿੱਲੀ ਦੇ ਵਾਤਾਵਰਣ 'ਤੇ ਵੀ ਗੰਭੀਰ ਅਸਰ ਪੈਂਦਾ ਹੈ ਅਤੇ ਹਵਾ ਵਿਚ ਸਾਹ ਲੈਣਾ ਔਖਾ ਹੋ ਜਾਂਦਾ ਹੈ।