ਕੈਮਰਾਮੈਨ ਦੇ ਮੌਤ ਤੋਂ ਪਹਿਲਾਂ ਆਪਣੀ ਮਾਂ ਲਈ ਆਖ਼ਰੀ ਬੋਲ

Tags

ਛੱਤੀਸਗੜ੍ਹ ਦੇ ਦੰਤੇਵਾੜਾ ਜ਼ਿਲ੍ਹੇ 'ਚ ਨਕਸਲੀ ਹਮਲੇ 'ਚ 2 ਪੁਲਿਸ ਜਵਾਨ ਸ਼ਹੀਦ ਹੋ ਗਏ ਹਨ ਜਦਕਿ ਦੂਰਦਰਸ਼ਨ ਦੇ ਇਕ ਕੈਮਰਾਮੈਨ ਦੀ ਮੌਤ ਹੋ ਗਈ ਹੈ | ਇਸ ਹਮਲੇ 'ਚ ਦੋ ਹੋਰ ਗੰਭੀਰ ਜ਼ਖ਼ਮੀ ਹੋ ਗਏ ਹਨ | ਜ਼ਿਕਰਯੋਗ ਹੈ ਕਿ ਛੱਤੀਸਗੜ੍ਹ 'ਚ ਅਗਲੇ ਮਹੀਨੇ ਵਿਧਾਨ ਸਭਾ ਚੋਣਾਂ ਹੋਣੀਆਂ ਹਨ | ਇਸ ਸਬੰਧੀ (ਨਕਸਲ ਵਿਰੋਧੀ ਆਪਰੇਸ਼ਨ) ਦੇ ਡੀ.ਆਈ.ਜੀ. ਸੁੰਦਰਰਾਜ ਪੀ ਨੇ ਦੱਸਿਆ ਕਿ ਇਹ ਹਮਲਾ ਦੰਤੇਵਾੜਾ ਤੋਂ ਕਰੀਬ 450 ਕਿਲੋਮੀਟਰ ਦੂਰ ਨੀਲਾਵਾਯਾ ਪਿੰਡ ਦੇ ਜੰਗਲੀ ਖੇਤਰ 'ਚ ਅੱਜ ਸਵੇਰੇ 11 ਵਜੇ ਹੋਇਆ |

ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਜਦੋਂ ਪੁਲਿਸ ਪਾਰਟੀ ਮੋਟਰਸਾਈਕਲਾਂ 'ਤੇ ਗਸ਼ਤ ਕਰ ਰਹੀ ਸੀ ਤਾਂ ਨਕਸਲੀਆਂ ਨੇ ਘਾਤ ਲਗਾ ਕੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ, ਜਿਸ 'ਚ ਸਬ-ਇੰਸਪੈਕਟਰ ਰੁਦਰਾ ਪ੍ਰਤਾਪ ਸਿੰਘ ਤੇ ਅਸਿਸਟੈਂਟ ਕਾਂਸਟੇਬਲ ਮੰਗਲੂ ਸ਼ਹੀਦ ਹੋ ਗਏ | ਇਸੇ ਦੌਰਾਨ ਦੂਰਦਰਸ਼ਨ ਦੀ ਤਿੰਨ ਮੈਂਬਰੀ ਟੀਮ, ਜੋ ਕਿ ਕਿਸੇ ਚੋਣ ਰੈਲੀ ਦੀ ਕਵਰੇਜ ਕਰਨ ਜਾ ਰਹੀ ਸੀ, ਇਸ ਹਮਲੇ ਦੀ ਲਪੇਟ 'ਚ ਆ ਗਈ, ਜਿਸ ਕਾਰਨ ਉਨ੍ਹਾਂ ਦੇ ਕੈਮਰਾਮੈਨ ਅਛੂਤਾਨੰਦ ਸਾਹੂ ਦੀ ਮੌਤ ਹੋ ਗਈ | ਕੈਮਰਾਮੈਨ ਸਾਹੂ ਨਵੀਂ ਦਿੱਲੀ ਤੋਂ ਰੈਲੀ ਦੀ ਕਵਰੇਜ ਕਰਨ ਆਇਆ ਸੀ |

ਇਸ ਸਬੰਧੀ ਅਧਿਕਾਰੀ ਨੇ ਦੱਸਿਆ ਕਿ ਦੂਰਦਰਸ਼ਨ ਦੀ ਟੀਮ ਦੇ ਦੂਜੇ ਦੋਵੇਂ ਮੈਂਬਰ ਪੂਰੀ ਤਰ੍ਹਾਂ ਸੁਰੱਖਿਅਤ ਹਨ | ਇਸ ਹਮਲੇ 'ਚ ਕਾਂਸਟੇਬਲ ਵਿਸ਼ਨੂ ਨੇਤਮ ਤੇ ਅਸਿਸਟੈਂਟ ਕਾਂਸਟੇਬਲ ਰਾਕੇਸ਼ ਕੌਸ਼ਲ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਦੰਤੇਵਾੜਾ ਦੇ ਜ਼ਿਲ੍ਹਾ ਹਸਪਤਾਲ ਵਿਖੇ ਦਾਖਲ ਕਰਾਇਆ ਗਿਆ ਹੈ ਤੇ ਜੇਕਰ ਲੋੜ ਪਈ ਤਾਂ ਉਨ੍ਹਾਂ ਨੂੰ ਜਹਾਜ਼ ਰਾਹੀਂ ਰਾਇਪੁਰ ਦੇ ਹਸਪਤਾਲ 'ਚ ਭਰਤੀ ਕਰਵਾਇਆ ਜਾਵੇਗਾ | ਹਮਲੇ ਤੋਂ ਬਾਅਦ ਸੀ.ਆਰ.ਪੀ.ਐਫ., ਐਸ.ਟੀ.ਐਫ. ਤੇ ਡੀ.ਆਰ.ਜੀ. ਦੀਆਂ ਟੀਮਾਂ ਨੂੰ ਹਮਲੇ ਵਾਲੀ ਥਾਂ ਵੱਲ ਰਵਾਨਾ ਕਰ ਦਿੱਤਾ ਗਿਆ ਹੈ |

ਇਸੇ ਦੌਰਾਨ ਕੇਂਦਰੀ ਸੂਚਨਾ ਪ੍ਰਸਾਰਨ ਮੰਤਰੀ ਰਾਜਵਰਧਨ ਸਿੰਘ ਰਾਠੌਰ ਨੇ ਦੂਰਦਰਸ਼ਨ ਟੀਮ ਤੇ ਜਵਾਨਾਂ 'ਤੇ ਹੋਏ ਹਮਲੇ ਦੀ ਨਿੰਦਾ ਕੀਤੀ ਹੈ | ਉਨ੍ਹਾਂ ਟਵੀਟ ਕਰਕੇ ਕਿਹਾ ਕਿ ਮੈਨੂੰ ਦੂਰਦਰਸ਼ਨ ਕੈਮਰਾਮੈਨ ਅਛੂਤਾਨੰਦ ਸਾਹੂ ਤੇ ਦੋ ਜਵਾਨਾਂ ਦੀ ਮੌਤ ਦਾ ਬਹੁਤ ਦੁੱਖ ਹੈ | ਛੱਤੀਸਗੜ੍ਹ ਦੇ ਮੁੱਖ ਮੰਤਰੀ ਡਾ. ਰਮਨ ਸਿੰਘ ਨੇ ਨਕਸਲੀ ਹਮਲੇ ਦੀ ਨਿੰਦਾ ਕਰਦਿਆਂ ਦੋ ਪੁਲਿਸ ਜਵਾਨਾਂ ਅਤੇ ਕੈਮਰਾਮੈਨ ਦੀ ਸ਼ਹਾਦਤ 'ਤੇ ਦੁੱਖ ਪ੍ਰਗਟਾਇਆ ਹੈ | ਕਾਂਗਰਸ ਨੇ ਵੀ ਇਸ ਹਮਲੇ ਦੀ ਨਿੰਦਾ ਕੀਤੀ ਹੈ |