ਪਰਾਲੀ ਨੇ ਕਿਸਾਨਾਂ ਦੇ ਦਿਨ ਬਦਲੇ, ਕੀਤੇ ਮਾਲਾ-ਮਾਲ, ਹੁਣ ਨਹੀਂ ਲੋੜ ਅੱਗ ਲਾਉਣ ਦੀ

Tags

ਝੋਨੇ ਦੀ ਪਰਾਲੀ ਦੇ ਨਿਬੇੜੇ ਲਈ ਸਰਕਾਰ ਲਗਾਤਾਰ ਹੱਲ ਤਲਾਸ਼ ਰਹੀ ਸੀ। ਆਖਰਕਾਰ ਹੁਣ ਝੋਨੇ ਦੀ ਪਰਾਲੀ ਤੋਂ ਬਿਜਲੀ ਬਣਾਉਣ ਦੀ ਤਕਨੀਕ ਅਮਲ ਵਿੱਚ ਲਿਆਂਦੀ ਗਈ ਹੈ। ਜੈਤੋ ਤੋਂ ਬਾਜਾਖਾਨਾ ਰੋਡ ’ਤੇ ਅਜਿਹਾ ਹੀ ਪਾਵਰ ਪਲਾਂਟ ਲੱਗਾ ਹੈ, ਜਿੱਥੇ ਇਨ੍ਹੀਂ ਦਿਨੀਂ ਇੱਕ ਪਾਸੇ ਤਾਂ ਇਲਾਕੇ ਦੇ ਕਿਸਾਨ 130 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਪਰਾਲੀ ਵੇਚ ਕੇ ਮੁਨਾਫਾ ਕਮਾ ਰਹੇ ਹਨ ਤੇ ਨਾਲ ਹੀ ਵਾਤਾਵਰਨ ਨੂੰ ਸ਼ੁੱਧ ਰੱਖਣ ਤੇ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਬਣਾਈ ਰੱਖਣ ਵਿੱਚ ਵੀ ਮਦਦ ਮਿਲ ਰਹੀ ਹੈ।

ਇਸ ਪ੍ਰਾਜੈਕਟ ਬਾਰੇ ਪਲਾਂਟ ਦੇ ਪ੍ਰਾਜੈਕਟ ਮੈਨੇਜਰ ਕਰਮਜੀਤ ਸਿੰਘ ਨੇ ਦੱਸਿਆ ਕਿ ਇਹ ਪੰਜਾਬ ਦਾ ਪਹਿਲਾ ਅਜਿਹਾ ਪ੍ਰਾਜੈਕਟ ਹੈ ਜਿੱਥੇ ਸਿਰਫ ਪਰਾਲੀ ਤੋਂ ਹੀ ਬਿਜਲੀ ਪੈਦਾ ਕੀਤੀ ਜਾਵੇਗੀ। ਇਹ ਡੈਨਮਾਰਕ ਦੀ ਤਕਨੀਕ ’ਤੇ ਅਧਾਰਤ ਹੈ। ਕਿਸਾਨਾਂ ਤੋਂ ਖਰੀਦੀ ਪਰਾਲੀ ਮਾਰਚ, 2019 ਤੋਂ ਸ਼ੁਰੂ ਹੋ ਰਹੇ ਪ੍ਰੋਜੈਕਟ ਲਈ ਇਕੱਠੀ ਕੀਤੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਹੁਣ ਤਕ ਕਰੀਬ 10 ਹਜ਼ਾਰ ਟਨ ਪਰਾਲੀ ਦੀ ਖਰੀਦ ਹੋ ਚੁੱਕੀ ਹੈ। ਇੱਕ ਲੱਖ ਟਨ ਪਰਾਲੀ ਖਰੀਦਣ ਦਾ ਟੀਚਾ ਰੱਖਿਆ ਗਿਆ ਹੈ, ਜਿਸ ਨਾਲ ਇਹ ਪਾਵਰ ਪਲਾਂਟ ਕਰੀਬ 6 ਮਹੀਨੇ ਤਕ ਬਿਜਲੀ ਪੈਦਾ ਕਰੇਗਾ। ਪਾਵਰ ਪਲਾਂਟ ਦੀ ਬਿਜਲੀ ਪੈਦਾ ਕਰਨ ਦੀ ਸਮਰਥਾ 18 ਮੈਗਾਵਾਟ ਦੀ ਹੋਵੇਗੀ।ਕਿਸਾਨਾਂ ਵਿੱਚ ਇਸ ਪ੍ਰੋਜੈਕਟ ਪ੍ਰਤੀ ਬਹੁਤ ਉਤਸ਼ਾਹ ਹੈ। ਪਰਾਲੀ ਨੂੰ ਸਾੜਨ ਦੀ ਬਜਾਏ ਕਿਸਾਨ ਪਰਾਲੀ ਵੇਚ ਕੇ ਮੁਨਾਫਾ ਕਮਾ ਰਹੇ ਹਨ। ਇਸ ਪ੍ਰੋਜੈਕਟ ਸਬੰਧੀ ਕਿਸਾਨਾਂ ਨੇ ਕਿਹਾ ਕਿ ਪਾਰਲੀ ਸਾੜਨ ਦੇ ਇਸ ਬਦਲ ਤੋਂ ਬੇਹੱਦ ਖ਼ੁਸ਼ ਹਨ।