ਕਿਸਾਨਾਂ ਤੇ ਕਾਰਵਾਈ ਕਰਨ ਆਏ ਅਫਸਰਾਂ ਨਾਲ ਆਹ ਕੀ ਭਾਣਾ ਵਰਤ ਗਿਆ

Tags

ਪਿੰਡ ਜੰਗੀਆਣਾ ਵਿਖੇ ਅੱਜ ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ ਵਿਚ ਚਲਾਨ ਕੱਟਣ ਗਏ ਸਰਕਾਰੀ ਅਧਿਕਾਰੀਆਂ ਨੂੰ ਕਿਸਾਨਾਂ ਵਲੋਂ ਬੰਦੀ ਬਣਾ ਲਿਆ ਗਿਆ ਜਿਸ ਦੀ ਜਾਣਕਾਰੀ ਮਿਲਦੇ ਹੀ ਅਧਿਕਾਰੀਆਂ ਨੂੰ ਛੁਡਾਉਣ ਲਈ ਭਦੌੜ, ਤਪਾ, ਟੱਲੇਵਾਲ ਅਤੇ ਸ਼ਹਿਣਾ ਥਾਣੇ ਦੇ ਅਧਿਕਾਰੀਆਂ ਸਮੇਤ ਪੁਲਿਸ ਪਾਰਟੀ ਮੌਕੇ 'ਤੇ ਪੁੱਜ ਗਈ | ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ ਵਿਚ ਕਿਸਾਨ ਅਤੇ ਸਰਕਾਰ ਆਹਮੋ-ਸਾਹਮਣੇ ਹਨ | ਕਿਸਾਨ ਪਰਾਲੀ ਨੂੰ ਸਾੜਣ ਲਈ ਬਜਿੱਦ ਹਨ ਅਤੇ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਪਰਾਲੀ ਨੂੰ ਸਾੜਨ ਤੋਂ ਸਿਵਾਏ ਕੋਈ ਹੋਰ ਹੱਲ ਨਹੀਂ ਹੈ |

ਭਾਰਤੀ ਕਿਸਾਨ ਯੂਨੀਅਨ ਡਕੌਦਾ ਦੇ ਕੁਲਵੰਤ ਸਿੰਘ ਮਾਨ ਨੇ ਕਿਹਾ ਸਰਕਾਰ ਨੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਪਰਾਲੀ ਦਾ ਹੱਲ ਸਰਕਾਰ ਖੁਦ ਕਰੇਗੀ ਪਰ ਸਰਕਾਰ ਹੁਣ ਆਪਣੇ ਕੀਤੇ ਵਆਦੇ ਤੋਂ ਭੱਜ ਰਹੀ ਹੈ | ਸਰਕਾਰ ਕਿਸਾਨਾਂ ਨੂੰ ਪ੍ਰਤੀ ਏਕੜ 6000 ਰੁਪਏ ਦੇਵੇ ਜਾਂ 200 ਰੁਪਏ ਪ੍ਰਤੀ ਕੁਇੰਟਲ ਝੋਨੇ 'ਤੇ ਬੋਨਸ ਦੇਵੇ | ਭਦੌੜ ਖੇਤਰ ਵਿਚ ਲਾਏ ਗਏ ਚੰਚਲ ਸਿੰਘ ਜੇ.ਈ. ਕਲਸਟਰ ਅਫਸਰ, ਨੋਡਲ ਅਫਸਰ ਸਾਧੂ ਸਿੰਘ ਸੈਕਟਰੀ ਭਦੌੜ ਸੁਸਾਇਟੀ, ਯਾਦਵਿੰਦਰ ਸਿੰਘ ਪਟਵਾਰੀ, ਜਗਦੇਵ ਸਿੰਘ ਪੰਚਾਇਤ ਸਕੱਤਰ ਅਤੇ ਗੁਰਸੇਵਕ ਸਿੰਘ ਗੰਨਮੈਨ ਨੂੰ ਕਿਸਾਨਾਂ ਵਲੋਂ ਜੰਗੀਆਣਾ ਦੀ ਅਨਾਜ ਮੰਡੀ ਦੇ ਮਗਰਲੇ ਪਾਸੇ ਘੇਰ ਕੇ ਬੰਦੀ ਬਣਾ ਲਿਆ ਗਿਆ |

ਚੰਚਲ ਸਿੰਘ ਨੇ ਦੱਸਿਆ ਕਿ ਅੱਜ ਉਨ੍ਹਾਂ ਨੂੰ ਸੈਟੇਲਾਈਟ ਦੀ ਲੁਕੇਸ਼ਨ ਦੇ ਅਧਾਰ 'ਤੇ ਪੱਤੀ ਮੋਹਰ ਸਿੰਘ ਬੀ ਲੁਕੇਸ਼ਨ ਨੰ: 30482 ਅਤੇ 75276 ਨੰ: 'ਤੇ ਅੱਗ ਲੱਗਣ ਦੀ ਸੂਚਨਾ ਮਿਲੀ ਸੀ | ਜਦ ਅਸੀਂ ਮੌਕੇ 'ਤੇ ਜਾ ਕੇ ਦਖਿਆ ਤਾਂ ਉਸ ਜਗ੍ਹਾ 'ਤੇ ਕੋਈ ਅੱਗ ਨਹੀਂ ਲੱਗੀ ਸੀ | ਜਦ ਸਰਕਾਰੀ ਅਧਿਕਾਰੀ ਪਿੰਡ ਜੰਗੀਆਣਾ ਦੀ ਅਨਾਜ ਮੰਡੀ ਵਿਚ ਗਏ ਤਾਂ ਕਿਸਾਨਾਂ ਨੂੰ ਪਤਾ ਲੱਗਾ ਕਿ ਇਹ ਅਧਿਕਾਰੀ ਕਿਸਾਨਾਂ ਦੇ ਚਲਾਨ ਕੱਟਣ ਆਏ ਹਨ ਤਾਂ ਕਿਸਾਨਾਂ ਪਿੰਡਾਂ ਵਿਚ ਅਨਾਊਾਸਮੈਂਟ ਕਰਵਾ ਦਿੱਤੀ ਤਾਂ ਦੇਖਦੇ ਹੀ ਦੇਖਦੇ ਸੈਂਕੜਿਆਂ ਦੀ ਗਿਣਤੀ ਵਿਚ ਕਿਸਾਨ ਆਗੂ ਅਨਾਜ ਮੰਡੀ ਵਿਚ ਪੁੱਜ ਗਏ ਸਨ | ਜਦ ਇਸ ਸਬੰਧੀ ਥਾਣਾ ਮੁਖੀ ਗੌਰਵਵੰਸ਼ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸਾਨੂੰ ਐਸ.ਡੀ.ਐਮ. ਦਫਤਰ ਤਪਾ ਮੰਡੀ ਤੋਂ ਸੂਚਨਾ ਮਿਲੀ ਸੀ ਕਿ ਪਿੰਡ ਜੰਗੀਆਣਾ ਵਿਖੇ ਬੰਦੀ ਬਣਾਏ ਗਏ ਅਧਿਕਾਰੀਆਂ ਨੂੰ ਛੁਡਾਇਆ ਜਾਵੇ |

ਉਨ੍ਹਾਂ ਕਿਹਾ ਕਿ ਕਿਸਾਨ ਇਸ ਗੱਲ 'ਤੇ ਅੜੇ ਹੋਏ ਹਨ ਕਿ ਕਲਸਟਰ ਅਫਸਰ ਲਿਖ ਕੇ ਦੇਣ ਕਿ ਅੱਗੇ ਵਾਸਤੇ ਅਸੀਂ ਕਿਸੇ ਕਿਸਾਨ ਦੇ ਖੇਤ ਵਿਚ ਚਲਾਨ ਕੱਟਣ ਨਹੀਂ ਜਾਵਾਗੇ | ਇਸ ਮੌਕੇ ਡੀ.ਐਸ.ਪੀ. ਤਜਿੰਦਰ ਸਿੰਘ, ਥਾਣਾ ਤਪਾ ਦੇ ਇੰਚਾਰਜ ਗੁਰਪ੍ਰਤਾਪ ਸਿੰਘ, ਮਲਕੀਤ ਸਿੰਘ ਚੀਮਾ, ਜਗਜੀਤ ਸਿੰਘ ਥਾਣਾ ਮੁਖੀ ਟੱਲੇਵਾਲ ਆਦਿ ਭਾਰੀ ਪੁਲਿਸ ਫੋਰਸ ਨਾਲ ਪੁੱਜ ਗਏ ਸਨ | ਪਰ ਦੇਰ ਸਾਮ ਤੱਕ ਕਿਸਾਨ ਨੇ ਅਧਿਕਾਰੀਆਂ ਬੰਦੀ ਬਣਾਇਆ ਹੋਇਆ ਸੀ |

ਇਸ ਮਸਲੇ ਨੂੰ ਲੈਕੇ ਭਾਰਤੀ ਕਿਸਾਨ ਯੂਨੀਅਨ ਡਕੌਦਾ, ਪੰਜਾਬ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਹਾਜਰ ਸਨ ਜਿਨ੍ਹਾਂ ਵਿਚ ਚਮਕੌਰ ਸਿੰਘ ਜਿਲ੍ਹਾ ਪ੍ਰਧਾਨ, ਕੁਲਵੰਤ ਸਿੰਘ ਮਾਨ, ਵਜੀਰ ਸਿੰਘ, ਕਾਲਾ ਜੈਦ, ਸੁਰਿੰਦਰ ਪਾਲ ਸਿੰਘ, ਗੋਰਾ ਸਿੰਘ, ਗੁਰਮੇਲ ਸ਼ਰਮਾਂ, ਗੁਰਚਰਨ ਸਿੰਘ ਧਾਲੀਵਾਲ, ਭੋਲਾ ਸਿੰਘ, ਜਰਨੈਲ ਸਿੰਘ, ਮੱਖਣ ਸਿੰਘ, ਪ੍ਰਮਜੀਤ ਸਿੰਘ, ਕਰਮ ਸਿੰਘ, ਜੋਗਿੰਦਰ ਸਿੰਘ, ਦਰਸ਼ਨ ਸਿੰਘ ਆਦਿ ਹਜ਼ਰ ਸਨ |