ਕਿਸਾਨ ਹੁਣ ਇਹ ਫਸਲ ਬੀਜ ਕੇ ਭਰ ਸਕਦੇ ਨੇ ਨੋਟਾਂ ਨਾਲ ਜੇਬ

Tags

ਮਹਾਰਾਸ਼ਟਰ 'ਚ ਕਿਸਾਨਾਂ ਦੀ ਆਮਦਨ 'ਚ ਦੁੱਗਣਾ ਵਾਧਾ ਕਰਨ ਲਈ ਉੱਥੇ ਦੀ ਸਰਕਾਰ ਖੇਤੀ ਲਈ ਮਹੱਤਵਪੂਰਨ ਕਦਮ ਚੁੱਕ ਰਹੀ ਹੈ। ਸਰਕਾਰ ਵੱਲੋਂ ਉਨ੍ਹਾਂ ਫਸਲਾਂ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ ਜਿਨ੍ਹਾਂ ਲਈ ਪਾਣੀ ਦੀ ਲੋੜ ਬਹੁਤ ਘੱਟ ਹੈ ਜਾਂ ਜਿਨ੍ਹਾਂ 'ਤੇ ਕਮਾਈ ਜ਼ਿਆਦਾ ਹੁੰਦੀ ਹੈ। ਇਸੇ ਤਹਿਤ ਮਹਾਰਾਸ਼ਟਰ 'ਚ ਬਲੈਕ ਰਾਈਸ ਯਾਨੀ ਕਾਲੇ ਚੌਲਾਂ ਦੀ ਖੇਤੀ ਵਧਾਉਣ ਲਈ ਇਕ ਨੀਤੀ ਤਿਆਰ ਕੀਤੀ ਗਈ ਹੈ। ਮਹਾਰਾਸ਼ਟਰ 'ਚ ਪਹਿਲੀ ਵਾਰ ਪ੍ਰਯੋਗਿਕ ਤੌਰ 'ਤੇ 70 ਏਕੜ ਖੇਤਰ 'ਚ ਕਾਲੇ ਚੌਲਾਂ ਦੀ ਫਸਲ ਤਿਆਰ ਕੀਤੀ ਗਈ ਹੈ।

ਇਸ ਨਾਲ ਕਿਸਾਨਾਂ ਨੂੰ ਜ਼ਿਆਦਾ ਮੁਨਾਫਾ ਹੋਣ ਦੀ ਗੱਲ ਕਹੀ ਜਾ ਰਹੀ ਹੈ। ਜੇਕਰ ਇਹ ਪ੍ਰਯੋਗ ਸਫਲ ਹੁੰਦਾ ਹੈ ਤਾਂ ਸਰਕਾਰ ਅਗਲੀ ਵਾਰ ਵੱਡੇ ਪੱਧਰ 'ਤੇ ਕਾਲੇ ਚੌਲਾਂ ਦੀ ਖੇਤੀ ਕਰਾਏਗੀ।ਖੇਤੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਸਾਲ ਪ੍ਰਯੋਗਿਕ ਤੌਰ 'ਤੇ ਸੂਬੇ 'ਚ ਕਾਲੇ ਚੌਲਾਂ ਦੀ ਖੇਤੀ ਕੀਤੀ ਗਈ। ਉਨ੍ਹਾਂ ਕਿਹਾ ਕਿ ਅਗਲੇ ਸਾਲ ਸੂਬੇ 'ਚ ਵੱਡੇ ਪੱਧਰ 'ਤੇ ਇਸ ਦੀ ਖੇਤੀ ਕੀਤੀ ਜਾਵੇਗੀ। ਹਾਲ ਹੀ ਦੇ ਸਾਲਾਂ 'ਚ ਕਾਲੇ ਚੌਲਾਂ ਦੀ ਮੰਗ ਤੇਜ਼ੀ ਨਾਲ ਵਧ ਰਹੀ ਹੈ। ਅਮਰੀਕਾ ਅਤੇ ਯੂਰਪ 'ਚ ਇਸ ਦੀ ਮੰਗ ਬਹੁਤ ਜ਼ਿਆਦਾ ਹੈ, ਜਿਸ ਕਾਰਨ ਕੀਮਤ ਵੀ ਆਮ ਚੌਲਾਂ ਦੇ ਮੁਕਾਬਲੇ ਕਈ ਗੁਣਾ ਵੱਧ ਮਿਲ ਰਹੀ ਹੈ। ਦਰਅਸਲ, ਡਾਕਟਰਾਂ ਵੱਲੋਂ ਇਨ੍ਹਾਂ ਚੌਲਾਂ ਨੂੰ ਸਿਹਤ ਲਈ ਬਿਹਤਰ ਦੱਸਿਆ ਜਾ ਰਿਹਾ ਹੈ। ਇਸ ਲਈ ਇਸ ਦੀ ਮੰਗ ਤੇਜ਼ੀ ਨਾਲ ਵਧ ਰਹੀ ਹੈ।

ਅਸਾਮ ਅਤੇ ਮਣੀਪੁਰ ਦੇ ਬਾਅਦ ਇਨ੍ਹਾਂ ਚੌਲਾਂ ਦੀ ਖੇਤੀ ਹੁਣ ਛੱਤੀਸਗੜ੍ਹ, ਮੱਧ ਪ੍ਰਦੇਸ਼, ਪੰਜਾਬ, ਉੱਤਰ ਪ੍ਰਦੇਸ਼ ਅਤੇ ਮਹਾਰਸ਼ਾਟਰ ਤਕ ਪਹੁੰਚ ਰਹੀ ਹੈ। ਕਾਲੇ ਚੌਲਾਂ ਨੂੰ 'ਐਂਟੀ ਓਕਸੀਡੈਂਟ' ਗੁਣਾ ਨਾਲ ਭਰਪੂਰ ਮੰਨਿਆ ਜਾਂਦਾ ਹੈ, ਜੋ ਕਿ ਸਾਡੇ ਸਰੀਰ ਦੀਆਂ ਕਈ ਬੀਮਾਰੀਆਂ ਨਾਲ ਲੜ੍ਹਦਾ ਹੈ। ਆਮ ਚੌਲਾਂ ਦੇ ਮੁਕਾਬਲੇ ਇਨ੍ਹਾਂ 'ਚ ਵਿਟਾਮਿਨ ਬੀ ਅਤੇ ਈ ਦੇ ਨਾਲ ਕੈਲਸ਼ੀਅਮ, ਮੈਗਨੀਸ਼ੀਅਮ, ਆਇਰਨ ਅਤੇ ਜ਼ਿੰਕ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਰਿਪੋਰਟਾਂ ਮੁਤਾਬਕ, ਆਮ ਲੋਕਾਂ ਦੀ ਸਿਹਤ ਦੇ ਨਾਲ ਇਹ ਕਿਸਾਨਾਂ ਲਈ ਵੀ ਬਿਹਤਰ ਸਾਬਤ ਹੋ ਰਹੇ ਹਨ ਕਿਉਂਕਿ ਰਿਵਾਇਤੀ ਚੌਲਾਂ ਦੇ ਮੁਕਾਬਲੇ ਇਹ ਕਾਫੀ ਮਹਿੰਗੇ ਹਨ, ਜਿਸ ਨਾਲ ਕਿਸਾਨਾਂ ਨੂੰ ਮੋਟਾ ਫਾਇਦਾ ਹੋ ਰਿਹਾ ਹੈ। ਆਮ ਤੌਰ 'ਤੇ ਰਿਵਾਇਤੀ ਚੌਲਾਂ ਦੀ ਕੀਮਤ 15 ਰੁਪਏ ਤੋਂ ਲੈ ਕੇ 80 ਰੁਪਏ ਪ੍ਰਤੀ ਕਿਲੋਗ੍ਰਾਮ ਹੈ, ਜਦੋਂ ਕਿ ਕਾਲੇ ਚੌਲਾਂ ਦੀ ਕੀਮਤ 200 ਰੁਪਏ ਤੋਂ 1,500 ਰੁਪਏ ਪ੍ਰਤੀ ਕਿਲੋਗ੍ਰਾਮ ਹੈ। ਖੇਤੀਬਾੜੀ ਮੰਤਰਾਲੇ ਦੇ ਅਧਿਕਾਰੀਆਂ ਦੀ ਮੰਨੀਏ ਤਾਂ ਕਿਸਾਨਾਂ ਦੇ ਉਤਸ਼ਾਹ ਨੂੰ ਦੇਖਦੇ ਹੋਏ ਕਿਹਾ ਜਾ ਸਕਦਾ ਹੈ ਕਿ ਕੁਝ ਸਾਲਾਂ 'ਚ ਕਾਲੇ ਚੌਲ ਮਹਾਰਾਸ਼ਟਰ ਦੀਆਂ ਪ੍ਰਮੁੱਖ ਫਸਲਾਂ 'ਚੋਂ ਇਕ ਹੋਣਗੇ ਕਿਉਂਕਿ ਇੱਥੇ ਦੀ ਮਿੱਟੀ ਇਸ ਦੇ ਉਤਪਾਦਨ ਲਈ ਢੁੱਕਵੀਂ ਹੈ।