ਸੁਖਪਾਲ ਖਹਿਰਾ ਨੇ ਸਮਝੌਤਾ ਕਰਨ ਲਈ ਰੱਖ ਦਿੱਤੀ ਇਹ ਵੱਡੀ ਸ਼ਰਤ

Tags

ਤਾਲਮੇਲ ਕਮੇਟੀਆਂ ਦੀਆਂ ਬੈਠਕਾਂ ਤੋਂ ਬਾਅਦ ਦੋਵਾਂ ਪਾਸਿਆਂ ਦੇ ਆਗੂਆਂ ਦੇ ਤੜਿੰਗ ਹੋਣ ਨਾਲ ਆਮ ਆਦਮੀ ਪਾਰਟੀ ਦੀ ਧੜੇਬੰਦੀ ਖ਼ਤਮ ਹੋਣ ਦੇ ਆਸਾਰ ਨਹੀਂ ਜਾਪਦੇ। ਹੁਣ ਬਾਗ਼ੀ ਧੜੇ ਦੇ ਲੀਡਰ ਸੁਖਪਾਲ ਸਿੰਘ ਖਹਿਰਾ ਨੇ ਹਾਈਕਮਾਂਡ ਸਨਮੁਖ ਸ਼ਰਤ ਰੱਖ ਦਿੱਤੀ ਹੈ ਕਿ ਜਦੋਂ ਤਕ ਬਠਿੰਡਾ ਕਨਵੈਨਸ਼ਨ ਦੇ ਸਾਰੇ ਮਤੇ ਲਾਗੂ ਨਹੀਂ ਹੁੰਦੇ, ਉਦੋਂ ਤੱਕ ‘ਆਪ’ ਨਾਲ ਕੋਈ ਸਮਝੌਤਾ ਨਹੀਂ ਹੋਵੇਗਾ। ਬੀਤੇ ਦਿਨੀਂ ਬਰਗਾੜੀ ਮੋਰਚੇ ਦੌਰਾਨ ਲੰਗਰ ਸੇਵਾ ਕਰਦਿਆਂ ਅਕਾਲ ਚਲਾਣਾ ਕਰ ਗਏ ਪਿੰਡ ਕਾਂਝਲਾ ਦੇ ਬਾਬਾ ਮਲਕੀਤ ਸਿੰਘ ਕਲੇਰ ਦੇ ਸ਼ਰਧਾਂਜਲੀ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਆਏ ਖਹਿਰਾ ਨੇ ਆਪਣੇ ਬਾਗ਼ੀ ਤੇਵਰ ਦਰਸਾਉਂਦਿਆਂ ਕਿਹਾ ਕਿ ਆਪਸੀ ਸਮਝੌਤੇ ਲਈ ਪੰਜ ਮੈਂਬਰੀ ਕਮੇਟੀ ਬਣਾਈ ਗਈ ਸੀ, ਪਰ ਉਸ ’ਚ 'ਆਪ' ਦੇ ਆਗੂਆਂ ਵੱਲੋਂ ਕੋਈ ਹੁੰਗਾਰਾ ਨਹੀਂ ਮਿਲਿਆ।

ਖਹਿਰਾ ਦੇ ਨਾਲ ਬਲਜੀਤ ਸਿੰਘ ਦਾਦੂਵਾਲ ਵੀ ਸਨ। ਉਨ੍ਹਾਂ ਨੇ ਬੇਅਦਬੀ ਤੇ ਗੋਲ਼ੀਕਾਂਡਾਂ ਦੇ ਦੋਸ਼ੀਆਂ ਵਿਰੁੱਧ ਕਾਰਵਾਈ ਨਾ ਕਰਨ ਕਾਰਨ ਕੈਪਟਨ ਸਰਕਾਰ 'ਤੇ ਖ਼ੂਬ ਨਿਸ਼ਾਨੇ ਲਾਏ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਬੀਰ ਸਿੰਘ ਬਾਦਲ ਅੰਦਰੂਨੀ ਤੌਰ ’ਤੇ ਮਿਲੇ ਹੋਏ ਹਨ। ਜੇਕਰ ਅਜਿਹਾ ਨਾ ਹੁੰਦਾ ਤਾਂ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਆਉਣ ਤੋਂ ਤੁਰੰਤ ਬਾਦਲ ਪਿਓ-ਪੁੱਤ ਅਤੇ ਉਨ੍ਹਾਂ ਦੇ ਹੋਰ ਸਾਥੀ ਜੇਲ੍ਹ ਵਿਚ ਹੋਣੇ ਸਨ।ਦਾਦੂਵਾਲ ਨੇ ਕਿਹਾ ਕਿ ਜਦ ਤਕ ਬੇਅਦਬੀ ਕਾਂਡ ਦੇ ਕਸੂਰਵਾਰਾਂ ਨੂੰ ਜੇਲ੍ਹਾਂ ਵਿੱਚ ਨਹੀਂ ਡੱਕਿਆ ਜਾਂਦਾ ਅਤੇ ਜੇਲ੍ਹਾਂ ’ਚ ਨਜ਼ਰਬੰਦ ਬੰਦੀ ਸਿੰਘਾਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ, ਉਦੋਂ ਤਕ ਬਰਗਾੜੀ ਮੋਰਚਾ ਪੱਕਾ ਜਾਰੀ ਰਹੇਗਾ।