ਰੌਂਗਟੇ ਖੜ੍ਹੇ ਕਰਨ ਵਾਲੇ ਸਿੱਧੂ ਦੇ ਖ਼ੁਲਾਸੇ,ਇਕ ਦਿਨ ਲਈ ਲਿਆਂਦਾ ਸੀ ਸਪੈਸ਼ਲ ਡਰਾਈਵਰ?

Tags

ਅੰਮ੍ਰਿਤਸਰ ਰੇਲ ਹਾਦਸੇ ਵਿੱਚ 59 ਲੋਕਾਂ ਦੀ ਮੌਤ ਤੋਂ ਬਾਅਦ ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਸਭ ਤੋਂ ਵੱਧ ਸਵਾਲਾਂ ਦੇ ਘੇਰੇ ਵਿੱਚ ਹੈ। ਸਿੱਧੂ ਦੀ ਪਤਨੀ ਤੇ ਦੁਸਹਿਰਾ ਮੇਲਾ ਕਰਵਾਉਣ ਵਾਲੇ ਕੌਂਸਲਰ ਦੇ ਪੁੱਤਰ ਸੌਰਭ ਮਦਾਨ ਉਰਫ਼ ਮਿੱਠੂ ਉਤੇ ਵੀ ਉਂਗਲਾਂ ਚੁੱਕੀਆਂ ਜਾ ਰਹੀਆਂ ਹਨ ਪਰ ਨਵਜੋਤ ਸਿੰਘ ਸਿੱਧੂ ਨੇ 'ਏਬੀਪੀ ਸਾਂਝਾ' ਨਾਲ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਦਿਆਂ ਆਪਣੀ ਪਤਨੀ ਨੂੰ ਨਿਰਦੋਸ਼ ਦੱਸਦਿਆਂ ਰੇਲਵੇ ਉੱਪਰ ਸਵਾਲ ਚੁੱਕੇ।

ਸਿੱਧੂ ਨੇ ਗੱਲਬਾਤ ਕਰਦਿਆਂ ਕਿਹਾ ਕਿ ਕੋਈ ਵੀ ਮਹਿਮਾਨ ਕਿਸੇ ਸਮਾਗਮ ਵਿੱਚ ਜਾਣ ਤੋਂ ਪਹਿਲਾਂ ਉਸ ਸਮਾਗਮ ਨੂੰ ਮਿਲੀਆਂ ਪ੍ਰਵਾਨਗੀਆਂ ਦੀ ਜਾਂਚ ਨਹੀਂ ਕਰਦਾ। ਇਸ ਵਿੱਚ ਮੇਰੀ ਪਤਨੀ ਦੀ ਗ਼ਲਤੀ ਨਹੀਂ। ਸਿੱਧੂ ਨੇ ਰੇਲਵੇ ਉੱਪਰ ਸਵਾਲ ਚੁੱਕਦਿਆਂ ਕਿਹਾ ਕਿ ਜਿਸ ਡੀਐਮਯੂ ਟ੍ਰੇਨ ਨਾਲ ਹਾਦਸਾ ਹੋਇਆ ਹੈ, ਉਸ ਨੂੰ ਤਾਂ ਲੱਡੂ ਟ੍ਰੇਨ ਕਿਹਾ ਜਾਂਦਾ ਹੈ ਕਿਉਂਕਿ ਹੋਲੀ ਚੱਲਣ ਵਾਲੀ ਇਸ ਟ੍ਰੇਨ ਵਿੱਚ ਲੋਕ ਚਲਦਿਆਂ-ਚਲਦਿਆਂ ਹੀ ਸਵਾਰ ਹੋ ਜਾਂਦੇ ਹਨ।

ਨਵਜੋਤ ਸਿੱਧੂ ਨੇ ਕਿਹਾ ਕਿ ਹਾਦਸੇ ਤੋਂ ਪਹਿਲਾਂ ਦੋ ਰੇਲਾਂ ਉਸੇ ਲੀਹ ਤੋਂ ਲੰਘੀਆਂ ਜਿਨ੍ਹਾਂ ਦੀ ਰਫ਼ਤਾਰ 25 ਕਿਲੋਮੀਟਰ ਪ੍ਰਤੀ ਘੰਟੇ ਹੀ ਸੀ ਪਰ ਇਹ 30 ਕਿਲੋਮੀਟਰ ਦੀ ਰਫ਼ਤਾਰ ਨਾਲ ਚੱਲਣ ਵਾਲੀ ਡੀਐਮਯੂ 110 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਦੌੜਨ ਪਿੱਛੇ ਕੀ ਖ਼ਾਸ ਵਜ੍ਹਾ ਸੀ। ਸਿੱਧੂ ਨੇ ਇਹ ਵੀ ਕਿਹਾ ਕਿ ਰੇਲਵੇ ਫਾਟਕ 300 ਮੀਟਰ ਦੂਰ ਸੀ ਤੇ ਟ੍ਰੇਨ ਨੇ ਹਾਰਨ ਵੀ ਨਹੀਂ ਵਜਾਇਆ ਤੇ ਨਾ ਹੀ ਉਸ ਟ੍ਰੇਨ 'ਤੇ ਕੋਈ ਹੈੱਡਲਾਈਟ ਸੀ ਜੋ ਤਿੰਨ ਕਿਲੋਮੀਟਰ ਤਕ ਸਾਫ਼-ਸਾਫ਼ ਦਿਖਾ ਦਿੰਦੀ ਹੈ।


ਉਨ੍ਹਾਂ ਇਹ ਵੀ ਕਿਹਾ ਕਿ ਇੰਨਾ ਸਭ ਹੋਣ ਦੇ ਬਾਵਜੂਦ ਰੇਲਵੇ ਨੇ ਇੱਕ ਇਨਕੁਆਇਰੀ ਵੀ ਨਹੀਂ ਬਿਠਾਈ ਤੇ ਡਰਾਈਵਰ ਨੂੰ ਇੱਕੋ ਦਿਨ ਵਿੱਚ ਕਲੀਨ ਚਿੱਟ ਦੇ ਦਿੱਤੀ ਗਈ। ਮੰਤਰੀ ਨੇ ਕਿਹਾ ਕਿ ਪ੍ਰਸ਼ਾਸਨਿਕ ਪੱਧਰ ਦੀ ਗ਼ਲਤੀ ਨੂੰ ਤਾਂ ਮੈਜਿਸਟ੍ਰੇਟ ਜਾਂਚ ਵਿੱਚ ਫੜ ਲਿਆ ਜਾਵੇਗਾ, ਪਰ ਰੇਲਵੇ ਦੀ ਗ਼ਲਤੀ ਦਾ ਕਿਵੇਂ ਪਤਾ ਲੱਗੇਗਾ।

ਸਿੱਧੂ ਨੇ ਆਪਣੀ ਪਤਨੀ ਬਾਰੇ ਦੱਸਿਆ ਕਿ ਉਹ ਉਸ ਦਿਨ ਬੇਂਗਲੁਰੂ ਗਏ ਹੋਏ ਸਨ ਤੇ ਉਨ੍ਹਾਂ ਦੀ ਥਾਂ ਉਨ੍ਹਾਂ ਦੀ ਪਤਨੀ ਨੇ ਛੇ ਸਮਾਗਮਾਂ ਵਿੱਚ ਜਾਣਾ ਸੀ। ਉਨ੍ਹਾਂ ਨੂੰ ਸਾਢੇ ਛੇ ਵਜੇ ਸੱਦਿਆ ਗਿਆ ਸੀ ਤੇ ਉਹ ਛੇ ਵੱਜ ਕੇ 40 ਮਿੰਟਾਂ 'ਤੇ ਉੱਥੇ ਪਹੁੰਚ ਗਏ ਸੀ। ਰਾਵਣ ਦਹਿਨ ਤੋਂ ਬਾਅਦ ਉਹ ਪੰਜਵੇਂ ਸਮਾਗਮ ਲਈ ਨਿੱਕਲ ਪਏ ਤੇ ਹਾਦਸਾ ਵਾਪਰ ਗਿਆ।

ਸਿੱਧੂ ਨੇ ਇਹ ਵੀ ਕਿਹਾ ਕਿ ਹਾਦਸੇ ਤੋਂ ਬਾਅਦ ਵੀ ਉਨ੍ਹਾਂ ਨੂੰ ਪੁਲਿਸ ਕਮਿਸ਼ਨਰ ਨੇ ਆਉਣ ਤੋਂ ਮਨ੍ਹਾ ਕੀਤਾ ਸੀ ਤੇ ਉਹ ਹਸਪਤਾਲ ਚਲੇ ਗਏ ਤੇ ਰਾਤ ਤਕਰੀਬਨ ਇੱਕ ਵਜੇ ਤਕ ਉੱਥੇ ਰੁਕੇ ਰਹੇ। ਮੰਤਰੀ ਨੇ ਪ੍ਰੋਗਰਾਮ ਦੇ ਕਰਤਾ ਧਰਤਾ ਦਾ ਵੀ ਬਚਾਅ ਕਰਦਿਆਂ ਕਿਹਾ ਕਿ ਲੋਕਾਂ ਦੇ ਗੁੱਸੇ ਕਾਰਨ ਉਹ ਬਾਹਰ ਨਹੀਂ ਆ ਰਹੇ ਹਨ।