ਮੀਟ ਖਾਣ ਸਬੰਧੀ ਡਾ. ਸਾਬ੍ਹ ਦੀਆਂ ਹੈਰਾਨ ਕਰਨ ਵਾਲੀਆਂ ਗੱਲਾਂ

Tags

ਸਿੱਖਾਂ ਵਿੱਚ ਇਹ ਵਾਦ-ਵਿਵਾਦ ਆਮ ਚਲਦਾ ਰਹਿੰਦਾ ਹੈ ਕਿ ਸਿੱਖ ਮਾਸ ਖਾ ਸਕਦਾ ਹੈ ਜਾਂ ਨਹੀਂ ਤੇ ਖਾਸਕਰ ਕੀ ਅੰਮ੍ਰਿਧਾਰੀ ਸਿੱਖ ਮਾਸ ਖਾ ਸਕਦਾ ਹੈ ਜਾਂ ਨਹੀਂ? ਇਹ ਵਿਵਾਦ ਪੰਜਾਬ ਨਾਲੋਂ ਵਿਦੇਸ਼ਾਂ ਵਿੱਚ ਵੱਧ ਹੈ ਕਿਉਂਕਿ ਜੂਨ ੮੪ ਤੋਂ ਬਾਅਦ ਵਿਦੇਸ਼ੀ ਗੁਰਦੁਆਰਿਆਂ ਦਾ ਕੰਟਰੋਲ ਸਿੱਧੇ ਅਸਿੱਧੇ ਢੰਗ ਨਾਲ ਖਾਲਿਸਾਤਾਨੀ ਸੋਚ ਵਾਲੇ ਲੋਕਾਂ ਕੋਲ ਰਿਹਾ ਹੈ, ਜਿਨ੍ਹਾਂ ਤੇ ਪੰਥ ਦੀ ਮਰਿਯਾਦਾ ਜਾਂ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨਾਲੋਂ ਵੱਧ ਪ੍ਰਭਾਵ ਦਮਦਮੀ ਟਕਸਾਲ, ਅਖੰਡ ਕੀਰਤਨੀ ਜਥੇ ਜਾਂ ਕਈ ਹੋਰ ਡੇਰਿਆਂ ਦੀ ਸਿੱਖਿਆ ਦਾ ਹੈ।

ਇਹ ਸਾਰੇ ਡੇਰੇ ‘ਮਾਸ ਖਾਣ’ ਨੂੰ ਸਿੱਖਾਂ ਦੀ ਰੂਹਾਨੀ ਚੜ੍ਹਤ ਵਿੱਚ ਰੁਕਾਵਟ ਸਮਝਦੇ ਹਨ ਤੇ ਸ਼ਾਕਾਹਾਰੀ ਭੋਜਨ ਖਾਣ ਦਾ ਪ੍ਰਚਾਰ ਕਰਦੇ ਹਨ ਕਿਉਂਕਿ ਇਨ੍ਹਾਂ ਸਾਰੇ ਡੇਰਿਆਂ ਦਾ ਪਿਛੋਕੜ ਬਨਾਰਸ ਜਾਂ ਹਰਿਦੁਆਰ ਨਾਲ ਜਾ ਜੁੜਦਾ ਹੈ। ਜੇ ਕਿਸੇ ਨੂੰ ਸ਼ੱਕ ਹੋਵੇ, ਉਹ ਇਨ੍ਹਾਂ ਡੇਰਿਆਂ ਦੇ ਇਤਿਹਾਸ ਨੂੰ ਪੜ੍ਹ ਸਕਦਾ ਹੈ?


ਅਸਲ ਵਿੱਚ ਸਿੱਖਾਂ ਵਿੱਚ ਸ਼ਾਕਾਹਾਰੀ ਵਰਤਾਰਾ ਬਨਾਰਸ ਦੇ ਪੜ੍ਹੇ ਹੋਏ ਹਿੰਦੂ ਵਿਦਵਾਨਾਂ (ਜਿਨ੍ਹਾਂ ਨੂੰ ਲੋਕ ਨਿਰਮਲੇ ਸੰਤ ਵੀ ਕਹਿੰਦੇ ਹਨ) ਅਤੇ ਹਰਿਦੁਆਰ ਦੇ ਹਿੰਦੂ ਪੁਜਾਰੀਆਂ (ਜਿਨ੍ਹਾਂ ਨੂੰ ਲੋਕ ਉਦਾਸੀ ਮਹੰਤ ਵੀ ਕਹਿੰਦੇ ਹਨ) ਦੇ ਅਹਿੰਸਾਵਾਦੀ ਪ੍ਰਚਾਰ ਸਦਕਾ ਸ਼ੁਰੂ ਹੋਇਆ ਹੈ। ਇਹ ਉਹ ਲੋਕ ਸਨ, ਜੋ ਇੱਕ ਪਾਸੇ ਸਿੱਖਾਂ ਦੇ ਹਿਤੈਸ਼ੀ ਬਣ ਕੇ ਸਿੱਖਾਂ ਦੇ ਧਾਰਮਿਕ ਅਸਥਾਨਾਂ ਦਾ ਕੰਟਰੋਲ ਕਰੀ ਬੈਠੇ ਸਨ ਤੇ ਦੂਜੇ ਪਾਸੇ ਸਰਕਾਰ ਨਾਲ ਮਿਲੀ ਭੁਗਤ ਕਰਕੇ ਆਮ ਸਿੱਖਾਂ ਨੂੰ ਜੰਗਜੂ ਸੁਭਾਅ ਤੋਂ ਵੱਖ ਕਰਨਾ ਲੋਚਦੇ ਸਨ ਕਿਉਂਕਿ ਕੋਈ ਵੀ ਸਰਕਾਰ ਕਦੇ ਵੀ ਇਹ ਨਹੀਂ ਚਾਹੁੰਦੀ ਕਿ ਉਸਦੀ ਹਕੂਮਤ ਖਿਲਾਫ ਕੋਈ ਬਗਾਵਤ ਹੋਵੇ।

ਇਸ ਲਈ ਸਰਕਾਰਾਂ ਹਮੇਸ਼ਾਂ ਹੀ ਬਾਗੀਆਂ ਨੂੰ ਸਰਕਾਰੀ ਤਾਕਤ ਨਾਲ ਦਬਾਉਣ ਦੇ ਨਾਲ-ਨਾਲ ਕਈ ਤਰ੍ਹਾਂ ਦੇ ਹੱਥ ਕੰਡੇ ਵਰਤਦੀਆਂ ਹਨ। ਇਹ ਸਰਕਾਰਾਂ ਵਲੋਂ ਮਿਲੀ ਤਾਕਤ ਹੀ ਸੀ ਕਿ ਸਿੱਖਾਂ ਦੇ ਗੁਰਧਾਮਾਂ ਤੇ ਕਾਬਜ ਇਸ ਨਿਰਮਲਾ-ਉਦਾਸੀ ਗੱਠਜੋੜ ਨੂੰ ਲਾਂਭੇ ਕਰਨ ਲਈ ਸਿੱਖ ਪੰਥ ਨੂੰ ਲਹੂ ਡੋਲਵਾਂ ਸੰਘਰਸ਼ ਕਰਨਾ ਪਿਆ ਸੀ ਤੇ ੨੦ਵੀਂ ਸਦੀ ਵਿੱਚ ਗੁਰਦੁਆਰੇ ਅਜ਼ਾਦ ਕਰਾਏ ਗਏ ਸਨ ਭਾਵੇਂ ਕਿ ਉਦਾਸੀ ਮਹੰਤਾਂ ਤੋਂ ਗੁਰਦੁਆਰੇ ਅਜ਼ਾਦ ਕਰਾਕੇ ਸਿੱਖਾਂ ਨੇ ਗੁਰਦੁਆਰੇ ਸਿਆਸੀ ਮਹੰਤਾਂ ਦੇ ਹਵਾਲੇ ਕਰ ਦਿੱਤੇ ਸਨ।