ਕੈਬਨਿਟ ਮੰਤਰੀ ਚਰਨਜੀਤ ਚੰਨੀ ਤੇ ਲੱਗੇ ਵੱਡੇ ਆਰੋਪ

Tags

ਚੇਤੇ ਰਹੇ ਕਿ #MeToo ਮੁਹਿੰਮ 'ਚ ਪੰਜਾਬ ਕੈਬਿਨੇਟ ਮੰਤਰੀ ਚਰਨਜੀਤ ਚੰਨੀ ਦਾ ਨਾਂ ਆਉਣ ਤੋਂ ਬਾਅਦ ਪੰਜਾਬ ਦੀ ਸਿਆਸਤ ਗਰਮਾ ਗਈ ਹੈ ਜਿੱਥੇ ਵਿਰੋਧੀ ਧਿਰ ਇਹ ਸਵਾਲ ਚੁੱਕ ਰਿਹਾ ਹੈ ਕਿ ਅਜਿਹੇ ਹੀ ਮਾਮਲੇ ਵਿੱਚ ਐਮ.ਜੇ. ਅਕਬਰ ਦਾ ਨਾਂ ਸਾਹਮਣੇ ਆਉਣ 'ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਕੀਤੀ ਸੀ ਤਾਂ ਹੁਣ ਪੰਜਾਬ ਦੇ ਕਾਂਗਰਸੀ ਮੰਤਰੀ ਚਰਨਜੀਤ ਚੰਨੀ ਬਾਰੇ ਉਨ੍ਹਾਂ ਨੇ ਕਿਉਂ ਚੁੱਪ ਵੱਟੀ ਹੋਈ ਹੈ।  ਚੰਨੀ 'ਤੇ ਦੋਸ਼ ਹੈ ਕਿ ਉਸ ਨੇ ਮਹਿਲਾ ਆਈਏਐਸ ਨੂੰ ਇਤਰਾਜ਼ਯੋਗ ਮੈਸੇਜ ਭੇਜੇ ਸਨ।

ਇੱਕ ਅੰਗਰੇਜ਼ੀ ਅਖ਼ਬਾਰ ਮੁਤਾਬਕ ਇਹ ਮੰਤਰੀ ਹਲਕਾ ਚਮਕੌਰ ਸਾਹਿਬ ਦਾ ਵਿਧਾਇਕ ਚਰਨਜੀਤ ਚੰਨੀ ਹੈ ਜੋ ਪੰਜਾਬ ਕੈਬਿਨੇਟ 'ਚ ਤਕਨੀਕੀ ਸਿੱਖਿਆ ਮੰਤਰੀ ਹੈ। ਭਾਵੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਹ ਕਹਿ ਪਾਸਾ ਵੱਟ ਰਹੇ ਹਨ ਕਿ ਇਹ ਮਾਮਲਾ ਸੁਲਝਾਇਆ ਜਾ ਚੁੱਕਾ ਹੈ ਪਰ ਵਿਰੋਧੀ ਧਿਰ ਉਨ੍ਹਾਂ ਦੇ ਬਿਆਨ ਤੋਂ ਮੁਤਮਈਨ ਨਹੀਂ ਹੈ।


ਸੂਤਰਾਂ ਮੁਤਾਬਕ ਮੰਤਰੀ ਨੇ ਜਦੋਂ ਮਹਿਲਾ ਅਧਿਕਾਰੀ ਨੂੰ ਅੱਧੀ ਰਾਤ ਸਮੇਂ ਮੈਸੇਜ ਕਰਕੇ ਸ਼ੇਅਰ ਭੇਜੇ ਤਾਂ ਅਫ਼ਸਰ ਨੇ ਤੁਰੰਤ ਮੋੜਵਾਂ ਜਵਾਬ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਤਰ੍ਹਾਂ ਦੇ ਸੁਨੇਹੇ ਨਾ ਭੇਜੇ ਜਾਣ, ਉਹ ਅਸਹਿਜ ਮਹਿਸੂਸ ਕਰਦੀ ਹੈ, ਹਾਲਾਂਕਿ, ਮਹਿਲਾ ਅਧਿਕਾਰੀ ਦੇ ਜਵਾਬ ਤੋਂ ਬਾਅਦ ਮੰਤਰੀ ਚੁੱਪ ਹੋ ਗਿਆ ਤੇ ਅੱਗੋਂ ਕੋਈ ਹੋਰ ਸੰਦੇਸ਼ ਨਹੀਂ ਭੇਜਿਆ।ਇਹ ਵੀ ਕਿਹਾ ਜਾ ਰਿਹਾ ਹੈ ਕਿ ਮੰਤਰੀ ਨੇ ਇਸ ਮਹਿਲਾ ਅਫ਼ਸਰ ਨਾਲ ਨੇੜਤਾ ਵਧਾਉਣ ਲਈ ਉਸ ਦਾ ਤਬਾਦਲਾ ਆਪਣੇ ਮਹਿਕਮੇ 'ਚ ਕਰਵਾਉਣ ਦੀ ਕੋਸ਼ਿਸ਼ ਵੀ ਕੀਤੀ ਸੀ। ਮਹਿਲਾ ਅਧਿਕਾਰੀ ਨੇ ਆਪਣੇ ਸਾਥੀ ਅਧਿਕਾਰੀਆਂ ਨਾਲ ਇਹ ਘਟਨਾ ਸਾਂਝੀ ਕੀਤੀ ਅਤੇ ਇਹ ਸਾਰਾ ਮਾਮਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ ਵਿੱਚ ਵੀ ਲਿਆਂਦਾ।

ਇਸ ਮਾਮਲੇ ਦੇ ਮੀਡੀਆ 'ਚ ਆਉਣ ਤੋਂ ਬਾਅਦ ਸੂਬਾ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ 'ਤੇ ਆ ਗਈ ਹੈ ਕਿਉਂਕਿ ਇਸ ਤੋਂ ਪਹਿਲਾਂ ਕੇਂਦਰੀ ਰਾਜ ਵਿਦੇਸ਼ ਮੰਤਰੀ ਐਮਜੇ ਅਕਬਰ 'ਤੇ ਮਹਿਲਾਂ ਨੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਸਨ ਹਾਲਾਂਕਿ ਇਹ ਮਾਮਲਾ 20 ਸਾਲ ਪੁਰਾਣਾ ਸੀ, ਉਦੋਂ ਉਹ ਮੰਤਰੀ ਨਹੀਂ, ਸਗੋਂ ਇੱਕ ਸੰਪਾਦਕ ਸਨ।ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਰਾਹੁਲ ਗਾਂਧੀ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਰਾਹੁਲ ਗਾਂਧੀ ਨੂੰ ਇਸ ਮਾਮਲੇ ਦਾ ਇੱਕ ਮਹੀਨੇ ਤੋਂ ਪਤਾ ਹੈ ਪਰ ਉਨ੍ਹਾਂ ਨੇ ਚੁੱਪ ਧਾਰੀ ਹੋਈ ਹੈ। ਰਾਹੁਲ ਗਾਂਧੀ ਆਪਣੇ ਮੰਤਰੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਜਿਹਾ ਘਿਣਾਉਣਾ ਵਿਵਹਾਰ ਕਰਨ ਵਾਲਾ ਮੰਤਰੀ ਉਸ ਮੰਤਰੀ ਮੰਡਲ ਵਿਚ ਕਿਵੇਂ ਬੈਠ ਸਕਦਾ ਹੈ ਜਿੱਥੇ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਸਬੰਧੀ ਫ਼ੈਸਲੇ ਲਏ ਜਾਂਦੇ ਹਨ, ਇਸ ਲਈ ਚੰਨੀ ਨੂੰ ਅਸਤੀਫ਼ਾ ਦੇਣ ਚਾਹੀਦਾ ਹੈ।ਸੀਨੀਅਰ ਅਕਾਲੀ ਆਗੂ ਦਲਜੀਤ ਸਿੰਘ ਚੀਮਾ ਨੇ ਵੀ ਕਿਹਾ ਕਿ ਇਸ ਤਰ੍ਹਾਂ ਦੀ ਛੋਟੀ ਹਰਕਤ ਕਰਨ ਵਾਲੇ ਮੰਤਰੀ ਨੂੰ ਤੁਰੰਤ ਬਰਖ਼ਾਸਤ ਕੀਤਾ ਜਾਣਾ ਚਾਹੀਦਾ ਹੈ। ਆਮ ਆਦਮੀ ਪਾਰਟੀ ਦੇ ਖਰੜ ਤੋਂ ਵਿਧਾਇਕ ਕੰਵਰ ਸੰਧੂ ਨੇ ਕਿਹਾ ਕਿ ਦੋਸ਼ੀ ਮੰਤਰੀ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ।

ਮੀਡੀਆ 'ਚ ਮਾਮਲੇ ਦੇ ਆਉਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰੈਸ ਰਿਲੀਜ਼ ਜਾਰੀ ਕਰਕੇ ਸਫ਼ਾਈ ਦਿੰਦਿਆਂ ਕਿਹਾ ਕਿ ਇਹ ਮਾਮਲਾ ਕੁੱਝ ਹਫ਼ਤੇ ਪਹਿਲਾਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ। ਇਸ ਤੋਂ ਬਾਅਦ ਕਿਹਾ ਕਿ ਉਨ੍ਹਾਂ ਮੰਤਰੀ ਨੂੰ ਮਾਫ਼ੀ ਮੰਗਣ ਅਤੇ ਮਹਿਲਾ ਅਫ਼ਸਰ ਨਾਲ ਇਸ ਮਾਮਲੇ ਨੂੰ ਨਿਪਟਾਉਣ ਲਈ ਆਖਿਆ ਸੀ।ਦੱਸ ਦਈਏ ਕਿ ਮੰਤਰੀ ਚਰਨਜੀਤ ਚੰਨੀ ਇਸ ਸਮੇਂ ਸਰਕਾਰੀ ਦੌਰੇ ਤੇ ਇੰਗਲੈਂਡ ਗਏ ਹੋਏ ਹਨ ਤੇ ਇਹ ਕਿਆਸ ਹੈ ਕਿ ਉਹ ਨਵੰਬਰ ਦੇ ਪਹਿਲੇ ਹਫ਼ਤੇ ਪੰਜਾਬ ਆਉਣਗੇ। ਮੰਤਰੀ ਦੇ ਪੰਜਾਬ ਆਉਣ ਤੋਂ ਪਹਿਲਾਂ ਇਹ ਮਾਮਲਾ ਸ਼ਿਖਰ ਤੇ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਐਮਜੇ ਅਕਬਰ ਵਾਂਗ ਚਰਨਜੀਤ ਚੰਨੀ ਨੂੰ ਵੀ ਅਸਤੀਫ਼ਾ ਦੇਣਾ ਪੈ ਸਕਦਾ ਹੈ।