ਕਰਜਾ ਮੁਆਫੀ ਦੀ ਆਸ ਲਾਈ ਬੈਠੇ ਕਿਸਾਨਾਂ ਨੂੰ ਪਹੁੰਚਿਆ ਵੱਡਾ ਝਟਕਾ

Tags


ਵੋਟਾ ਤੋ ਪਹਿਲਾ ਕਿਸਾਨਾਂ ਨੂੰ ਕਰਜ਼ ਮੁਕਤ ਕਰ ਦੇਣ ਦੀ ਗੱਲ ਕਰਨ ਵਾਲੀ ਕੈਪਟਨ ਸਰਕਾਰ ਹੁਣ ਕਿਸਾਨਾਂ ਦੀ ਜੇਬ ਕੱਟ ਕੇ ਖਾਲੀ ਖਜ਼ਾਨਾ ਭਰਨ ਦੀ ਤਿਅਾਰੀ ਕਰ ਰਹੀ ਹ।ਪੰਜਾਬ ਸਰਕਾਰ ਨੇ ਕਰਜ਼ਾ ਮੁਆਫੀ ਦੀ ਆਸ ਲਾਈ ਬੈਠੇ ਕਿਸਾਨਾਂ ਨੂੰ ਲੱਖਾਂ ਰੁਪਏ ਦਾ ਵਿਆਜ ਲਾ ਦਿੱਤਾ ਹੈ। ਪੰਜਾਬ ਦੇ ਕਿਸਾਨਾਂ ਨੂੰ ਸਹਿਕਾਰੀ ਸਭਾਵਾਂ ’ਚੋਂ ਸੱਤ ਫੀਸਦੀ ਵਿਆਜ ਦਰ ’ਤੇ ਮਿਲਣ ਵਾਲੀ ਖਾਦ ਦਾ ਹੁਣ 12 ਫੀਸਦੀ ਵਿਆਜ ਭਰਨਾ ਪਵੇਗਾ। ਸਹਿਕਾਰਤਾ ਵਿਭਾਗ ਪੰਜਾਬ ਦੇ ਰਜਿਸਟਰਾਰ ਨੇ ਇਸ ਸਬੰਧੀ 29 ਮਾਰਚ ਦੀ ਸ਼ਾਮ ਨੂੰ ਹੁਕਮ ਜਾਰੀ ਕੀਤਾ ਹੈ।

ਗੌਰਤਲਬ ਹੈ ਕਿ ਬੀ-ਕੰਪੋਨੈਂਟ ਤਹਿਤ ਕਿਸਾਨ ਖਾਦ ਵਗੈਰਾ ਚੁੱਕਣ ਮਗਰੋਂ ਵਿਆਜ 7 ਫੀਸਦੀ ਭਰਦੇ ਹਨ ਜਿਸ ’ਤੇ ਮਗਰੋਂ ਤਿੰਨ ਫੀਸਦੀ ਦੀ ਰਾਹਤ ਵੀ ਮਿਲ ਜਾਂਦੀ ਹੈ। ਨੋਟਬੰਦੀ ਕਰਕੇ ਸਹਿਕਾਰੀ ਵਿਭਾਗ ਨੇ ਕਿਸਾਨਾਂ ਨੂੰ ਬਿਨਾਂ ਪੁਰਾਣੇ ਪੈਸੇ ਭਰਾਏ ਖਾਦ ਚੁਕਵਾ ਦਿੱਤੀ ਸੀ।

ਹੁਣ ਰਜਿਸਟਰਾਰ ਨੇ ਹੁਕਮ ਜਾਰੀ ਕਰ ਦਿੱਤੇ ਹਨ ਕਿ ਜੋ 31 ਮਾਰਚ 2017 ਤੱਕ ਸਭਾਵਾਂ ਨੇ ਚੈੱਕ ਜਮ੍ਹਾਂ ਕਰਾਉਣੇ ਹਨ, ਉਹ ਸੀ-ਕੰਪੋਨੈਟ ਵਿੱਚ ਜਮ੍ਹਾਂ ਕਰਾਏ ਜਾਣ ਜਿਸ ’ਤੇ ਵਿਆਜ ਦਰ 12 ਫੀਸਦੀ ਹੈ ਅਤੇ ਰਾਹਤ ਵੀ ਨਹੀਂ ਮਿਲਦੀ। ਸੀ-ਕੰਪੋਨੈਟ ਵਿੱਚ ਕੈਟਲ ਫੀਡ ਆਦਿ ਆਉਂਦਾ ਹੈ। ਹੁਣ 12 ਫੀਸਦੀ ਵਿਆਜ ਦਰ ਤੋਂ ਸਿਰਫ਼ ਉਹੀ ਕਿਸਾਨ ਬਚ ਸਕਣਗੇ ਜੋ 31 ਮਾਰਚ 2017 ਤੱਕ ਖਾਦ ਆਦਿ ਦੀ ਨਗਦ ਰਾਸ਼ੀ ਭਰ ਦੇਣਗੇ ਪਰ ਵੱਡੀ ਗਿਣਤੀ ਕਿਸਾਨ ਖਾਲੀ ਹੱਥ ਹਨ।

ਪੇਂਡੂ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਦੇ ਫਿਰੋਜ਼ਪੁਰ ਸਰਕਲ ਦੇ ਪ੍ਰਧਾਨ ਜਸਕਰਨ ਸਿੰਘ ਕੋਟਸ਼ਮੀਰ ਨੇ ਕਿਹਾ ਕਿ ਕਿਸਾਨ ਤਾਂ ਹੁਣ ਕਰਜ਼ਾ ਮੁਆਫ਼ੀ ਦੀ ਝਾਕ ਲਾਈ ਬੈਠੇ ਸਨ ਪਰ ਉੱਪਰੋਂ ਬੀਤੇ ਕੱਲ ਹੁਕਮ ਆਏ ਹਨ ਕਿ ਕਿਸਾਨਾਂ ਵੱਲੋਂ ਚੁੱਕੀ ਖਾਦ ਦੇ ਚੈੱਕਾਂ ਨੂੰ ਕੈਟਲ ਫੀਡ ਵਾਲੇ ਕੰਪੋਨੈਟ ਵਿੱਚ ਜਮ੍ਹਾਂ ਕਰਾਇਆ ਜਾਵੇ ਜਿਸ ਨਾਲ ਕਿਸਾਨਾਂ ਨੂੰ ਵਿਆਜ 12 ਫੀਸਦੀ ਪਵੇਗਾ। ਉੁਨ੍ਹਾਂ ਮੰਗ ਕੀਤੀ ਕਿ ਸਰਕਾਰ ਨਵਾਂ ਫਰਮਾਨ ਤੁਰੰਤ ਵਾਪਸ ਲਵੇ।

ਇਸ ਸਬੰਧੀ ਸਹਿਕਾਰਤਾ ਵਿਭਾਗ ਪੰਜਾਬ ਦੇ ਰਜਿਸਟਰਾਰ ਰਜਤ ਅਗਰਵਾਲ ਨੇ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਹੈ ਅਤੇ ਉਨ੍ਹਾਂ ਕੋਈ ਹਦਾਇਤ ਜਾਰੀ ਨਹੀਂ ਕੀਤੀ ਹੈ। ਉਨ੍ਹਾਂ ਆਖਿਆ ਕਿ ਕਿਸਾਨ 31 ਮਾਰਚ ਤੱਕ ਨਗਦ ਰਾਸ਼ੀ ਭਰ ਸਕਦੇ ਹਨ ਜਾਂ ਕਿਸੇ ਹੋਰ ਬੈਂਕ ਆਦਿ ਦਾ ਚੈੱਕ ਦੇ ਸਕਦੇ ਹਨ।