ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਸਥਾਪਤ ਪੁਰਾਤਨ ਤੇ ਇਤਿਹਾਸਕ ਬੇਰੀਆਂ ਦੁਖ ਭੰਜਨੀ ਬੇਰੀ, ਬੇਰ ਬਾਬਾ ਬੁੱਢਾ ਸਾਹਿਬ ਅਤੇ ਲਾਚੀ ਬੇਰ ਦੀ ਮਾਹਿਰਾਂ ਵੱਲੋਂ ਪਿਛਲੇ ਕਈ ਸਾਲਾਂ ਤੋਂ ਕੀਤੀ ਜਾ ਰਹੀ ਸਾਂਭ ਸੰਭਾਲ ਦੇ ਸਿੱਟੇ ਵਜੋਂ ਇਸ ਸਾਲ ਇਨ੍ਹਾਂ ਬੇਰੀਆਂ ਨੂੰ ਭਰਵਾਂ ਫ਼ਲ ਲੱਗਾ ਹੈ।
ਪੁਰਾਤਨ ਬੇਰੀਆਂ ਵਿੱਚੋਂ ਦੁਖ ਭੰਜਨੀ ਬੇਰੀ ਅਤੇ ਬੇਰ
ਬਾਬਾ ਬੁੱਢਾ ਸਾਹਿਬ ਲਗਪਗ ਪੰਜ ਸਦੀ ਪੁਰਾਣੇ ਦਰੱਖ਼ਤ ਹਨ ਜਦੋਂਕਿ ਲਾਚੀ ਬੇਰ ਇਨ੍ਹਾਂ
ਤੋਂ ਘੱਟ ਪੁਰਾਣਾ ਹੈ। ਦੁਖ ਭੰਜਨੀ ਬੇਰੀ ਦੀ ਹੁਣ ਨਵੀਂ ਪਿਉਂਦ ਲਾਈ ਗਈ ਹੈ ਜਦੋਂਕਿ ਬੇਰ
ਬਾਬਾ ਬੁੱਢਾ ਸਾਹਿਬ ਉਸ ਵੇਲੇ ਦੀ ਹੀ ਪੁਰਾਤਨ ਬੇਰੀ ਹੈ, ਜਿਸ ਦੀ ਸਾਂਭ-ਸੰਭਾਲ ਲਈ ਇਸ
ਦੇ ਹੇਠਾਂ ਲੋਹੇ ਦੇ ਐਂਗਲ ਦਾ ਸਟੈਂਡ ਬਣਾ ਕੇ ਇਸ ਨੂੰ ਆਸਰਾ ਦਿੱਤਾ ਗਿਆ ਹੈ।
ਲਗਪਗ ਡੇਢ ਦਹਾਕਾ ਪਹਿਲਾਂ ਇਨ੍ਹਾਂ ਪੁਰਾਤਨ ਬੇਰੀਆਂ
ਨੂੰ ਲਾਖ ਦਾ ਕੀੜਾ ਲੱਗਣ ਕਰ ਕੇ ਇਹ ਸੁੱਕਣ ਲੱਗੀਆਂ ਸਨ। ਇਨ੍ਹਾਂ ਨੂੰ ਫ਼ਲ ਲੱਗਣਾ ਵੀ
ਬੰਦ ਹੋ ਗਿਆ ਸੀ। ਖੇਤੀ ’ਵਰਸਿਟੀ ਲੁਧਿਆਣਾ ਦੇ ਮਾਹਿਰਾਂ ਵੱਲੋਂ ਉਸ ਵੇਲੇ ਤੋਂ ਹੀ ਹਰ
ਸਾਲ ਬੇਰੀਆਂ ਦੀ ਸੰਭਾਲ ਲਈ ਦਵਾਈ ਦਾ ਛਿੜਕਾਅ ਕੀਤਾ ਜਾ ਰਿਹਾ ਸੀ।
ਲਾਖ ਦੇ ਕੀੜੇ ਵਾਲੀਆਂ ਟਾਹਣੀਆਂ ਕੱਟਣ ਦੇ ਨਾਲ
ਸਾਂਭ-ਸੰਭਾਲ ਲਈ ਹੋਰ ਲੋੜੀਂਦੇ ਯਤਨ ਕੀਤੇ ਜਾ ਰਹੇ ਹਨ। ਇਨ੍ਹਾਂ ਯਤਨਾਂ ਸਦਕਾ ਬੇਰੀਆਂ
ਨੂੰ ਮੁੜ ਬੇਰ ਲੱਗਣੇ ਸ਼ੁਰੂ ਹੋ ਗਏ ਹਨ। ਪਿਛਲੇ ਸਾਲ ਵੀ ਇਨ੍ਹਾਂ ਬੇਰੀਆਂ ਨੂੰ ਫ਼ਲ ਪਿਆ
ਸੀ ਅਤੇ ਐਤਕੀਂ ਪਹਿਲਾਂ ਵਾਂਗ ਭਰਵਾਂ ਫ਼ਲ ਪਿਆ ਹੈ।