ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਨਵੀਂ ਦਿੱਲੀ 'ਚ ਮੁਲਾਕਾਤ ਕਰ ਕੇ ਸੂਬੇ ਨੂੰ ਵਿਸ਼ੇਸ਼ ਕੇਂਦਰੀ ਪੈਕੇਜ ਦੇਣ ਦੀ ਮੰਗ ਕੀਤੀ ਤਾਂ ਜੋ ਕਰਜ਼ਿਆਂ ਦੇ ਜਾਲ ਵਿਚ ਫਸੇ ਕਿਸਾਨਾਂ ਦਾ ਕਰਜ਼ਾ ਇਕ ਵਾਰ ਮੁਆਫ ਕੀਤਾ ਜਾ ਸਕੇ।
ਸੰਸਦ ਭਵਨ ਕੰਪਲੈਕਸ 'ਚ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਪਿੱਛੋਂ ਕੈਪਟਨ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਪਿੱਛੋਂ ਉਨ੍ਹਾਂ ਨਾਲ ਮੇਰੀ ਇਹ ਮੁਲਾਕਾਤ ਸ਼ਿਸ਼ਟਾਚਾਰ ਵਜੋਂ ਹੋਈ। ਕੈਪਟਨ ਨੇ ਕਿਹਾ ਕਿ ਉਨ੍ਹਾਂ ਮੋਦੀ ਕੋਲ ਸੂਬੇ ਦੇ ਕਿਸਾਨਾਂ ਦੇ ਕਰਜ਼ੇ ਦੇ ਮੁੱਦੇ ਨੂੰ ਉਠਾਇਆ। ਉਨ੍ਹਾਂ ਕੇਂਦਰ ਕੋਲੋਂ 80,000 ਕਰੋੜ ਰੁਪਏ ਦਾ ਵਿੱਤੀ ਪੈਕੇਜ ਮੰਗਿਆ ਤਾਂ ਜੋ ਕਿਸਾਨਾਂ ਦੇ ਕਰਜ਼ੇ ਨੂੰ ਮੁਆਫ ਕੀਤੇ ਜਾਣ ਸਬੰਧੀ ਪ੍ਰਕਿਰਿਆ ਸ਼ੁਰੂ ਹੋ ਸਕੇ।
ਕਾਂਗਰਸ ਸਰਕਾਰ ਸੂਬੇ ਦੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਲਈ ਵਚਨਬੱਧ ਹੈ। ਸੂਬਾਈ ਮੰਤਰੀ ਮੰਡਲ ਨੇ ਆਪਣੀ ਪਹਿਲੀ ਬੈਠਕ ਵਿਚ ਕਾਂਗਰਸ ਦੇ ਚੋਣ ਐਲਾਨ ਪੱਤਰ ਵਿਚ ਕੀਤੇ ਗਏ ਕਿਸਾਨ ਕਰਜ਼ਾ ਮੁਆਫੀ ਦੇ ਵਾਅਦੇ ਨੂੰ ਲਾਗੂ ਕਰਨ ਲਈ ਜ਼ਰੂਰੀ ਕਦਮ ਚੁੱਕਣ ਸੰਬੰਧੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਸਨ।
ਸੂਬੇ 'ਚ ਕਿਸਾਨਾਂ ਵਲੋਂ ਕੀਤੀਆਂ ਜਾ ਰਹੀਆਂ ਆਤਮਹੱਤਿਆਵਾਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਮੋਦੀ ਨੂੰ ਬੇਨਤੀ ਕੀਤੀ ਹੈ ਕਿ ਉਹ ਪੰਜਾਬ ਦੇ ਕਿਸਾਨਾਂ ਦਾ ਧਿਆਨ ਰੱਖਣ। ਪੰਜਾਬ ਦਾ ਖੇਤੀ ਖੇਤਰ ਸੰਕਟ ਵਿਚ ਹੈ। ਸਰਹੱਦੀ ਖੇਤਰ 'ਚ ਕਿਸਾਨਾਂ ਵਲੋਂ ਆਤਮਹੱਤਿਆਵਾਂ ਚਿੰਤਾਜਨਕ ਹਨ। ਦੇਸ਼ ਦੇ ਅਨਾਜ ਭੰਡਾਰ ਵਿਚ ਪੰਜਾਬ ਦਾ ਪ੍ਰਮੁੱਖ ਯੋਗਦਾਨ ਹੈ। ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ 'ਚ ਮੁੱਖ ਮੰਤਰੀ ਨੇ ਕਿਹਾ ਹੈ ਕਿ ਸੂਬੇ ਦੇ ਕਿਸਾਨਾਂ 'ਤੇ ਜਿਹੜਾ 80,000 ਕਰੋੜ ਰੁਪਏ ਦਾ ਕਰਜ਼ਾ ਹੈ ਉਸ 'ਚ 12,500 ਕਰੋੜ ਦਾ ਸਹਿਕਾਰੀ ਖੇਤਰ ਦਾ ਕਰਜ਼ਾ ਵੀ ਸ਼ਾਮਲ ਹੈ। ਹਰ ਕਿਸਾਨ 'ਤੇ ਇਸ ਸਮੇਂ ਔਸਤ 8 ਲੱਖ ਰੁਪਏ ਦਾ ਕਰਜ਼ਾ ਹੈ।
ਕੈਪਟਨ ਨੇ ਕਿਹਾ ਕਿ ਕਿਸਾਨਾਂ ਦੀ ਆਰਥਿਕ ਹਾਲਤ ਇੰਨੀ ਤਰਸਯੋਗ ਹੋ ਚੁੱਕੀ ਹੈ ਕਿ ਉਹ ਆਪਣਾ ਕਰਜ਼ਾ ਦੇਣ 'ਚ ਅਸਮਰੱਥ ਹਨ। ਛੋਟੇ ਕਿਸਾਨਾਂ ਦੀ ਹਾਲਤ ਹੋਰ ਵੀ ਖਰਾਬ ਹੈ। ਸੂਬੇ ਵਲੋਂ 2016-17 'ਚ 116.50 ਲੱਖ ਮੀਟ੍ਰਿਕ ਟਨ ਕਣਕ ਦੀ ਪੈਦਾਵਾਰ ਕੀਤੀ ਗਈ ਜਿਸ ਵਿਚੋਂ 108.24 ਲੱਖ ਟਨ ਕਣਕ ਕੇਂਦਰੀ ਅਨਾਜ ਭੰਡਾਰ 'ਚ ਦਿੱਤੀ ਗਈ। ਇਸੇ ਤਰ੍ਹਾਂ ਸੂਬੇ ਨੇ 186.76 ਲੱਖ ਟਨ ਝੋਨੇ ਵਿਚੋਂ 143.33 ਲੱਖ ਟਨ ਝੋਨਾ ਕੇਂਦਰੀ ਅਨਾਜ ਭੰਡਾਰ ਲਈ ਦਿੱਤਾ। ਕਪਾਹ ਵੀ 2016 ਵਿਚ ਰਿਕਾਰਡ 756 ਕਿਲੋ ਪ੍ਰਤੀ ਹੈਕਟੇਅਰ ਹੋਈ। ਇਨ੍ਹਾਂ ਸਭ ਗੱਲਾਂ ਨੂੰ ਧਿਆਨ 'ਚ ਰੱਖਦੇ ਹੋਏ ਕੇਂਦਰ ਨੂੰ ਪੰਜਾਬ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕੈਪਟਨ ਨੂੰ ਕੇਂਦਰ ਸਰਕਾਰ ਵਲੋਂ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ।