ਜਵਾਲਾਮੁਖੀ ਬਾਰੇ ਜਾਣਕਾਰੀ

ਬੱਚਿਓ, ਗਰਮ ਲਾਵਾ ਜਦੋਂ ਧਰਤੀ ਦੇ ਕਿਸੇ ਸੁਰਾਖ ਵਿਚੋਂ ਬਾਹਰ ਨਿਕਲਦਾ ਹੈ ਤਾਂ ਕੁਦਰਤ ਵਿਚ ਇਹ ਇਕ ਭਿਆਨਕ ਘਟਨਾ ਮੰਨੀ ਜਾਂਦੀ ਹੈ | ਕਈ ਸਥਾਨਾਂ 'ਤੇ ਲਾਵਾ ਹੌਲੀ-ਹੌਲੀ ਪਰ ਕਈ ਹੋਰ ਸਥਾਨਾਂ 'ਤੇ ਇਕ ਧਮਾਕੇਦਾਰ ਆਵਾਜ਼ ਨਾਲ ਨਿਕਲਦਾ ਹੈ | ਧਰਤੀ 'ਤੇ ਕਈ-ਕਈ ਕਿਲੋਮੀਟਰਾਂ ਵਿਚ ਅੱਗ ਦੇ ਗੋਲੇ ਅਤੇ ਭਾਫ ਦੇ ਬੱਦਲ ਫੈਲ ਜਾਂਦੇ ਹਨ ਅਤੇ ਰਸਤੇ ਵਿਚ ਆਉਣ ਵਾਲੀ ਹਰੇਕ ਚੀਜ਼ ਝੁਲਸ ਜਾਂਦੀ ਹੈ |
ਇਸ ਦੇ ਫਟਣ ਦਾ ਕਾਰਨ ਇਹ ਹੈ ਕਿ ਧਰਤੀ ਹੇਠ ਲਾਵੇ ਵਿਚ ਕਾਰਬਨ ਡਾਈਆਕਸਾਈਡ ਘੁਲੀ ਹੁੰਦੀ ਹੈ, ਜੋ ਲਾਵੇ ਉੱਪਰ ਦਬਾਅ ਵਧਾਉਂਦੀ ਰਹਿੰਦੀ ਹੈ | ਜਦੋਂ ਇਹ ਦਬਾਅ ਲਾਵੇ ਦੇ ਚੈਂਬਰ ਉੱਪਰ ਵਧ ਜਾਂਦਾ ਹੈ ਤਾਂ ਇਹ ਲਾਵਾ ਧਰਤੀ ਦੇ ਸੁਰਾਖਾਂ ਵਿਚੋਂ ਬਾਹਰ ਫੁੱਟ ਪੈਂਦਾ ਹੈ ਤੇ ਹੌਲੀ-ਹੌਲੀ ਠੰਢਾ ਹੋ ਕੇ ਚਟਾਨ ਦਾ ਰੂਪ ਧਾਰਨ ਕਰ ਲੈਂਦਾ ਹੈ | ਸਾਰੇ ਜਵਾਲਾਮੁਖੀ ਬੇਸ਼ੱਕ ਉਹ ਧਰਤੀ ਉੱਪਰ ਜਾਂ ਸਮੰੁਦਰ ਵਿਚ ਹੋਣ, ਹਰੇਕ ਦੀ ਸਥਿਤੀ ਅਲੱਗ-ਅਲੱਗ ਹੁੰਦੀ ਹੈ | ਕਈ ਜਵਾਲਾਮੁਖੀ ਹਰੇਕ ਸਾਲ ਅਤੇ ਕਈ ਕਿੰਨੇ-ਕਿੰਨੇ ਸਾਲ ਬਿਨਾਂ ਹਰਕਤ ਪਏ ਰਹਿੰਦੇ ਹਨ | ਕੁਝ ਜਵਾਲਾਮੁਖੀ ਅਜਿਹੇ ਵੀ ਹੁੰਦੇ ਹਨ, ਜੋ ਇਕ ਵਾਰ ਫਟ ਕੇ ਮੁੜ ਕਦੇ ਵੀ ਨਹੀਂ ਫਟਦੇ | ਜਵਾਲਾਮੁਖੀ ਵਿਗਿਆਨੀ ਹਰੇਕ ਸਾਲ ਫਟਣ ਵਾਲੇ ਜਵਾਲਾਮੁਖੀਆਂ 'ਤੇ ਖੋਜ ਕਰਕੇ ਭਵਿੱਖਬਾਣੀ ਕਰਦੇ ਹਨ |
ਸਾਹਸੀ ਜਵਾਲਾਮੁਖੀ ਵਿਗਿਆਨੀ : ਬੱਚਿਓ, ਫਰਾਂਸ ਦੇ ਦੋ ਵਿਗਿਆਨੀ ਮਾਉਰੀਸ ਕਰਾਫਟ (1946-91) ਅਤੇ ਕੇਤੀਆ ਕਰਾਫਟ (1947-91) ਨੇ ਦੂਜੇ ਜਵਾਲਾਮੁਖੀ ਵਿਗਿਆਨੀਆਂ ਨਾਲੋਂ ਜਵਾਲਾਮੁਖੀਆਂ ਉੱਪਰ ਵੱਧ ਕੰਮ ਕੀਤਾ ਹੈ | ਉਨ੍ਹਾਂ ਨੇ ਜਵਾਲਾਮੁਖੀਆਂ ਦੀਆਂ ਫੋਟੋਆਂ ਲਈਆਂ, ਫਿਲਮਾਂ ਬਣਾਈਆਂ ਅਤੇ ਅੰਕੜੇ ਤਿਆਰ ਕੀਤੇ | ਅਫਸੋਸ ਹੈ ਕਿ ਇਹ ਦੋਵੇਂ 1991 ਵਿਚ ਜਾਪਾਨ ਵਿਚ ਆਏ ਇਕ ਜਵਾਲਾਮੁਖੀ ਦੀ ਭੇਟ ਚੜ੍ਹ ਗਏ ਅਤੇ ਇਨ੍ਹਾਂ ਦੇ ਮਿ੍ਤਕ ਸਰੀਰ ਕਦੇ ਵੀ ਪ੍ਰਾਪਤ ਨਹੀਂ ਹੋਏ |
ਕੁਝ ਤਬਾਹੀ ਮਚਾਉਣ ਵਾਲੇ ਜਵਾਲਾਮੁਖੀ : ਸੰਨ 1669 ਵਿਚ ਇਟਲੀ ਵਿਚ ਜਵਾਲਾਮੁਖੀ ਨੇ 20 ਹਜ਼ਾਰ, ਸੰਨ 1793 ਵਿਚ ਜਾਵਾ ਵਿਚ 53 ਹਜ਼ਾਰ ਅਤੇ ਸੰਨ 1815 ਵਿਚ ਇੰਡੋਨੇਸ਼ੀਆ ਵਿਚ 92 ਹਜ਼ਾਰ ਲੋਕਾਂ ਨੇ ਜਾਨਾਂ ਗਵਾਈਆਂ |