ਅਮਲੀਆਂ ਨੂੰ ਕੈਪਟਨ ਨੇ ਦਿੱਤਾ ਵੱਡਾ ਤੋਹਫਾ

Tags

ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਐਲਾਨ ਕੀਤਾ ਕਿ ਉਨ੍ਹਾਂ ਦੀ ਸਰਕਾਰ ਨਸ਼ੇ ਦੇ ਆਦੀ ਛੋਟੇ ਖਪਤਕਾਰਾਂ ਨੂੰ ਤੰਗ ਪ੍ਰੇਸ਼ਾਨ ਨਹੀਂ ਕਰੇਗੀ ਜਿਵੇਂ ਬਾਦਲ ਸਰਕਾਰ ਵੇਲੇ ਹੁੰਦਾ ਸੀ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਖਾਤਮੇ ਲਈ ਵੱਡੇ ਮਗਰਮੱਛਾਂ ਨੂੰ ਹੀ ਹੱਥ ਪਾਇਆ ਜਾਵੇਗਾ। ਉਨ੍ਹਾਂ ਨੇ ਗੱਡੀਆਂ ਉੱਤੇ ਲਾਲ ਬੱਤੀ ਲਾਉਣ ਦੇ ਮੁੱਦੇ ਉੱਤੇ ਉੱਠੀ ਉਲਝਣ ਨੂੰ ਦੂਰ ਕਰਦਿਆਂ ਸਪਸ਼ਟ ਕੀਤਾ ਕਿ ਮੰਤਰੀਆਂ ਲਈ ਕੋਈ ਲਾਲ ਬੱਤੀ ਨਹੀਂ ਹੈ। ਮੁੱਖ ਮੰਤਰੀ ਨੇ ਪ੍ਰੈੱਸ ਕਾਨਫ਼ਰੰਸ ਵਿੱਚ ਮੁੜ ਦੁਹਰਾਉਂਦੇ ਹੋਏ ਕਿਹਾ ਕਿ ਪੰਜਾਬ ‘ਚ ਨਸ਼ਾ ਹਰ ਹਾਲ ‘ਚ ਖ਼ਤਮ ਕੀਤਾ ਜਾਵੇਗਾ।

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਨਸ਼ੇ ਖ਼ਿਲਾਫ਼ ਗਠਿਤ ਕੀਤੀ ਗਈ ਐਸ.ਆਈ.ਟੀ. ਆਪਣਾ ਕੰਮ ਕਰ ਰਹੀ ਤੇ ਸਰਕਾਰ ਉਸ ਦੇ ਕੰਮ ‘ਚ ਕੋਈ ਦਖ਼ਲ ਨਹੀਂ ਦੇਵੇਗੀ। ਉਨ੍ਹਾਂ ਕਿਹਾ ਕਿ ਐਸ.ਆਈ.ਟੀ. ਦੇ ਏ.ਡੀ.ਜੀ.ਪੀ. ਹਰਪ੍ਰੀਤ ਸੰਧੂ ਨੂੰ ਪੂਰੇ ਅਧਿਕਾਰ ਦਿੱਤੇ ਗਏ ਹਨ ਤੇ ਨਸ਼ੇ ਦੇ ਖ਼ਾਤਮੇ ਲਈ ਪੰਜਾਬ ਸਰਕਾਰ ਵਚਨਬੱਧ ਹੈ। ਵੀਆਈਪੀਜ਼ ਦੀ ਸੁਰੱਖਿਆ ਘਟਾਉਣ ਦੇ ਮਾਮਲੇ ਵਿੱਚ ਉਨ੍ਹਾਂ ਕਿਹਾ ਕਿ ਉਹ ਫ਼ੀਲਡ ਵਿੱਚ ਵੱਧ ਤੋਂ ਵੱਧ ਫੋਰਸ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਸਾਰੇ ਪੁਲਿਸ ਵਾਲਿਆਂ ਦੀ ਅੱਠ ਘੰਟੇ ਸ਼ਿਫ਼ਟ ਕਰਨਗੇ।

ਕਿਸਾਨਾਂ ਦੇ ਬੈਂਕਾਂ ਦੇ ਕਰਜ਼ਿਆਂ ਬਾਰੇ ਉਨ੍ਹਾਂ ਕਿਹਾ ਕਿ ਉਹ ਪਹਿਲਾਂ ਹੀ ਨੋਟਿਸ ਕਰ ਚੁੱਕੇ ਹਨ ਕਿ ਬੈਂਕ ਕਿਸਾਨਾਂ ਦੀ ਰਹਿੰਦੀ ਰਿਕਵਰੀ ਨਾ ਲੈਣ। ਉਨ੍ਹਾਂ ਨੇ ਕਿਹਾ ਕਿ 31 ਹਜ਼ਾਰ ਕਰੋੜ ਦਾ ਫੂਡ ਘਪਲਾ ਜਾਂ ਫ਼ੰਡਾਂ ਨੂੰ ਹੋਰ ਜਗ੍ਹਾ ਵਰਤਣ ਦੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਕਣਕ ਖ਼ਰੀਦ ਲਈ ਕੈਸ਼ ਕ੍ਰੈਡਿਟ ਲਿਮਟ ਛੇਤੀ ਹੀ ਜਾਰੀ ਹੋ ਜਾਵੇਗੀ। ਕੈਪਟਨ ਨੇ ਕਿਹਾ ਕਿਸਾਨਾਂ ਦੇ ਕਰਜ਼ੇ ਨੂੰ ਨਿਪਟਣ ਲਈ ਛੇਤੀ ਹੀ ਵਿਧਾਨ ਸਭਾ ਦੇ ਅਗਲੇ ਸੈਸ਼ਨ ਵਿੱਚ ਕਾਨੂੰਨ ਲੈ ਕੇ ਆ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪ੍ਰਾਇਮਰੀ ਸਕੂਲ ਦੇ ਅਧਿਆਪਕਾਂ ਨੂੰ ਉਨ੍ਹਾਂ ਦੇ ਜ਼ਿਲ੍ਹਿਆਂ ਵਿੱਚ ਹੀ ਲਾਇਆ ਜਾਵੇਗਾ।
ਉਨ੍ਹਾਂ ਨੇ ਕਿਹਾ ਇਸ ਸਾਲ ਹਰ ਘਰ ਵਿੱਚ ਇੱਕ ਨੌਕਰੀ ਤੇ ਸਮਾਰਟਫ਼ੋਨ ਦੇਣ ਤੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦੇ ਵਾਅਦਾ ਦੀ ਕਾਰਵਾਈ ਸ਼ੁਰੂ ਹੋ ਜਾਵੇਗੀ। ਕਿਉਂਕਿ ਇਸ ਸਾਲ ਦੇ ਬਜਟ ਨਾਲ ਇਹ ਤਿੰਨੇ ਵਾਅਦੇ ਪੂਰੇ ਕਰਨਾ ਸੰਭਵ ਨਹੀਂ ਹੈ।