ਕਣਕ ਦੇ ਨਾੜ ਨੂੰ ਸਾੜਨ ਤੋਂ ਰੋਕਣ ਲਈ ਕੈਪਟਨ ਸਰਕਾਰ ਦਾ ਵੱਡਾ ਉਪਰਾਲਾ

ਇਸ ਵਾਰ ਕਣਕ ਦੀ ਵਾਢੀ ਤੋਂ ਬਾਅਦ ਕਣਕ ਦੇ ਨਾੜ ਨੂੰ ਸਾੜਨ ਤੋਂ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਵੱਡੀ ਯੋਜਨਾਬੰਦੀ ਕੀਤੀ ਗਈ ਹੈ। ਇਸ ਲਈ 24 ਘੰਟੇ ਟਾਸਕ ਫੋਰਸ ਕਿਸਾਨ ਦੇ ਖੇਤਾਂ ‘ਤੇ ਉਪਗ੍ਰਹਿ ਰਾਹੀਂ ਨਜ਼ਰ ਰੱਖੇਗੀ। ਜਿੱਥੇ ਵੀ ਕਿਧਰੇ ਖੇਤ ਵਿੱਚ ਅੱਗੇ ਲੱਗਣ ਦੀ ਤਸਵੀਰ ਉਪਗ੍ਰਹਿ ਨੇ ਵਿਖਾਈ, ਉਸ ਇਲਾਕੇ ਦੀ ਪੁਲਿਸ, ਮਾਲ, ਅੱਗ ਬੁਝਾਊ ਦਸਤਾ ਤੇ ਖੇਤੀ ਵਿਭਾਗ ਦੇ ਅਧਿਕਾਰੀ ਸਾਂਝੇ ਤੌਰ ‘ਤੇ ਕਾਰਵਾਈ ਕਰਨਗੇ। ਇਸ ਦੇ ਨਾਲ ਹੀ ਮੌਕੇ ਉੱਤੇ ਅਧਿਕਾਰੀ ਅੱਗ ਬੁਝਾਉਣ ਦਾ ਕੰਮ ਕਰਨਗੇ, ਉੱਥੇ ਸਬੰਧਤ ਕਿਸਾਨ ‘ਤੇ ਕਾਨੂੰਨੀ ਕਾਰਵਾਈ ਕਰਦੇ ਹੋਏ ਉਸ ਕੋਲੋਂ ਉਸ ਦਾ ਬਣਦਾ ਜੁਰਮਾਨਾ ਵੀ ਲੈਣਗੇ।

ਅੰਮ੍ਰਿਤਸਰ ਦੇ ਜ਼ਿਲ੍ਹਾ ਖੇਤੀ ਅਧਿਕਾਰੀ ਦਲਬੀਰ ਸਿੰਘ ਛੀਨਾ ਨੇ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਇਹ ਟਾਸਕ ਫੋਰਸ 24 ਘੰਟੇ ਨਾਸਾ ਵੱਲੋਂ ਦਿੱਤੀ ਗਈ ਸਹਾਇਤਾ ਨਾਲ ਉਪਗ੍ਰਹਿ ਤਸਵੀਰ ‘ਤੇ ਨਜ਼ਰ ਰੱਖੇਗੀ। ਇਸ ਟਾਸਕ ਫੋਰਸ ਵਿੱਚ ਮਾਲ, ਪੁਲਿਸ, ਪ੍ਰਦੂਸ਼ਣ ਤੇ ਖੇਤੀ ਵਿਭਾਗ ਦੇ ਅਧਿਕਾਰੀ ਤਾਇਨਾਤ ਕੀਤੇ ਗਏ ਹਨ। ਇਹ ਟਾਸਕ ਫੋਰਸ ਜਿਸ ਵੀ ਇਲਾਕੇ ਵਿੱਚ ਅੱਗ ਲੱਗਣ ਦੀ ਸੂਚਨਾ ਦੇਵੇਗੀ, ਉੱਥੇ ਤਰੁੰਤ ਸਾਂਝੇ ਤੌਰ ‘ਤੇ ਸਾਰੇ ਮਹਿਕਮੇ ਕਾਰਵਾਈ ਕਰਨਗੇ।
 
ਅਧਿਕਾਰੀ ਮੁਤਾਬਕ 2 ਏਕੜ ਜ਼ਮੀਨ ਦੀ ਮਾਲਕੀ ਵਾਲੇ ਕਿਸਾਨ ਨੂੰ ਢਾਈ ਹਜ਼ਾਰ, 5 ਏਕੜ ਤੱਕ 5 ਹਜ਼ਾਰ, 10 ਏਕੜ ਤੱਕ 10 ਹਜ਼ਾਰ ਤੇ ਇਸ ਤੋਂ ਵੱਧ ਲਈ 20 ਹਜ਼ਾਰ ਰੁਪਏ ਜੁਰਮਾਨਾ ਭਰਨਾ ਪਵੇਗਾ। ਉਨ੍ਹਾਂ ਦੱਸਿਆ ਕਿ ਗਰੀਨ ਟ੍ਰਿਬਿਊਨਲ ਕਣਕ-ਝੋਨੇ ਦੇ ਨਾੜ ਨੂੰ ਲੱਗਦੀ ਅੱਗ ਦੇ ਮਾਮਲੇ ‘ਤੇ ਬਹੁਤ ਸਖਤ ਹੈ। ਉਸ ਵੱਲੋਂ ਜਾਰੀ ਹਦਾਇਤਾਂ ‘ਤੇ ਹੀ ਇਹ ਕਾਰਵਾਈ ਕੀਤੀ ਜਾ ਰਹੀ ਹੈ।
 
ਉਨ੍ਹਾਂ ਦੱਸਿਆ ਕਿ ਅਸੀਂ ਪਿੰਡ-ਪਿੰਡ ਕੈਂਪ ਲਾ ਕੇ ਕਿਸਾਨਾਂ ਨੂੰ ਇਹ ਜਾਣਕਾਰੀ ਦੇ ਰਹੇ ਹਾਂ ਤੇ ਫਸਲਾਂ ਦੀ ਰਹਿੰਦ-ਖੂੰਹਦ ਨੂੰ ਖੇਤਾਂ ਵਿੱਚ ਵਹਾਉਣ ਦੇ ਤਰੀਕੇ ਵੀ ਦੱਸ ਰਹੇ ਹਾਂ। ਛੀਨਾ ਨੇ ਦੱਸਿਆ ਕਿ ਜੋ ਕਿਸਾਨ ਆਪਣੇ ਖੇਤਾਂ ਵਿਚ ਅੱਗ ਨਹੀਂ ਲਾਉਂਦੇ ਉਨ੍ਹਾਂ ਦੇ ਖੇਤਾਂ ਵਿੱਚ ਕਣਕ ਦਾ ਝਾੜ 4 ਤੋਂ 5 ਕੁਇੰਟਲ ਵੱਧ ਆ ਰਿਹਾ ਹੈ ਤੇ ਤੂੜੀ ਵੀ ਆਮ ਨਾਲੋਂ ਦੁੱਗਣੀ ਬਣ ਰਹੀ ਹੈ। ਇਸ ਤਰ੍ਹਾਂ ਕਿਸਾਨ ਨੂੰ 8 ਤੋਂ 10 ਹਜ਼ਾਰ ਪ੍ਰਤੀ ਏਕੜ ਦਾ ਵੱਧ ਮੁਨਾਫਾ ਵੀ ਹੋ ਰਿਹਾ ਹੈ।
 
ਛੀਨਾ ਨੇ ਦੱਸਿਆ ਕਿ ਇਸ ਰਹਿੰਦ-ਖੂੰਹਦ ਨੂੰ ਖੇਤਾਂ ਵਿੱਚ ਸਮੇਟਣ ਵਾਸਤੇ ਆਈ ਨਵੀਂ ਮਸ਼ਨੀਰੀ ਤੇ ਇਸ ਦੇ ਲਾਭ ਦੀ ਜਾਣਕਾਰੀ ਕਿਸਾਨਾਂ ਤੱਕ ਪਹੁੰਚਾਉਣ ਲਈ ਵੀਡੀਓ ਵੈਨਾਂ ਦੀ ਵੀ ਮਦਦ ਲਈ ਜਾ ਰਹੀ ਹੈ। ਹਰੇਕ ਪਿੰਡ ਵਿੱਚ ਇਹ ਸੰਦੇਸ਼ ਪਹੁੰਚਾਉਣ ਲਈ ਪਿੰਡਾਂ ਦੇ ਗੁਰਦੁਆਰਿਆਂ ਦੀ ਮਦਦ ਵੀ ਲਈ ਜਾਵੇਗੀ। ਉੱਥੋਂ ਰੋਜ਼ਾਨਾ ਗ੍ਰੰਥੀ ਸਿੰਘ ਇਸ ਅੱਗ ਵਿਰੁੱਧ ਸੰਦੇਸ਼ ਸਪੀਕਰ ਤੋਂ ਪੜ੍ਹ ਕੇ ਸੁਣਾਏਗਾ। ਉਨਾਂ ਦੱਸਿਆ ਕਿ ਖੇਤੀ ਵਿਭਾਗ ਤੋਂ ਇਲਾਵਾ ਪ੍ਰਦੂਸ਼ਣ ਰੋਕਥਾਮ ਵਿਭਾਗ ਵੀ ਆਪਣੇ ਤੌਰ ‘ਤੇ ਲੋਕਾਂ ਨੂੰ ਅੱਗ ਲਗਾਉਣ ਦੀ ਹਾਨੀ ਤੋਂ ਜਾਗਰੂਕ ਕਰਨ ਲਈ ਮੁਹਿੰਮ ਸ਼ੁਰੂ ਕਰ ਰਿਹਾ ਹੈ।