ਪੈੱਗ ਲਾੳੁਣ ਦੇ ਸੌਕੀਨਾ ਲਈ ਬੁਰੀ ਖ਼ਬਰ

Tags

ਇੱਕ ਅਪ੍ਰੈਲ ਤੋਂ ਬਾਦ ਸ਼ਰਾਬ ਤੇ ਬੀਅਰ ਮਹਿੰਗੀ ਹੋਵੇਗੀ, ਜਿਸ ਵਿਚ ਅੰਗਰੇਜ਼ੀ ਸ਼ਰਾਬ ਦੇ 40 ਰੁਪਏ ਤੇ ਬੀਅਰ ਦੇ 30 ਰੁਪਏ ਵਧਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਕਾਰੋਬਾਰੀ ਸੂਤਰਾਂ ਦਾ ਕਹਿਣਾ ਹੈ ਕਿ ਸਾਲ 2016-17 ਦੀ ਸ਼ਰਾਬ ਨੀਤੀ ‘ਚ ਸ਼ਰਾਬ ਦਾ ਗਰੁੱਪ 20 ਤੋਂ 25 ਕਰੋੜ ਰੁਪਏ ਦੇ ਕਰੀਬ ਸੀ। ਜਦ ਕਿ ਇਸ ਵਾਰ ਗਰੁੱਪ ਦਾ ਮੁੱਲ 30 ਤੋਂ 50 ਕਰੋੜ ਰੁਪਏ ਤੱਕ ਰੱਖਿਆ ਗਿਆ। ਅੰਦਾਜ਼ਨ ਸ਼ਰਾਬ ਦਾ ਗਰੁੱਪ 40 ਕਰੋੜ ਰੁਪਏ ਦੇ ਕਰੀਬ ਅਲਾਟ ਹੋਇਆ ਹੈ।

ਅਦਾਲਤ ਦੀਆਂ ਹਦਾਇਤਾਂ ਤੋਂ ਬਾਅਦ ਤਾਂ ਇਸ ਵਾਰ ਸ਼ਰਾਬ ਦੇ 500 ਠੇਕਿਆਂ ਦੀ ਗਿਣਤੀ ਘੱਟ ਕੀਤੀ ਗਈ ਹੈ। ਜਿਸ ਤਰ੍ਹਾਂ ਨਾਲ ਵੱਡੇ ਸ਼ਰਾਬ ਦੇ ਗਰੁੱਪ ਬਣੇ ਹਨ ਸਰਕਾਰ ਵੱਲੋਂ ਵੀ ਨਾਜਾਇਜ਼ ਸ਼ਰਾਬ ‘ਤੇ ਸ਼ਿਕੰਜਾ ਕੱਸਣ ਦੀ ਸੰਭਾਵਨਾ ਹੈ। ਇਸ ਵਾਰ ਗਰੁੱਪ ਮਹਿੰਗਾ ਹੋਣ ਕਰਕੇ ਕਈ ਕਾਰੋਬਾਰੀਆਂ ਨੇ ਦਿਲਚਸਪੀ ਨਹੀਂ ਦਿਖਾਈ, ਜਿਸ ਕਾਰਨ ਪੰਜਾਬ ਦੇ ਸਾਰੇ ਜ਼ਿਲ੍ਹਿਆਂ ‘ਚ ਠੇਕੇ ਅਲਾਟ ਨਹੀਂ ਹੋਏ। ਐਕਸਾਈਜ਼ ਵਿਭਾਗ ਨੇ ਮੰਗਲਵਾਰ ਦੀ ਸ਼ਾਮ ਨੂੰ ਉਨ੍ਹਾਂ ਥਾਵਾਂ ‘ਤੇ ਠੇਕੇ ਅਲਾਟ ਕਰਨ ਦੀ ਤਰੀਕ ਅੱਗੇ ਕਰ ਦਿੱਤੀ ਸੀ।

ਗਰੁੱਪ ਮਹਿੰਗੇ ਹੋਣ ਕਰਕੇ ਅੰਗਰੇਜ਼ੀ ਸ਼ਰਾਬ ਤਾਂ ਮਹਿੰਗੀ ਹੋਣ ਦੀ ਸੰਭਾਵਨਾ ਹੈ, ਸਗੋਂ ਬੀਅਰ ਵੀ ਇਸ ਕਰਕੇ ਮਹਿੰਗੀ ਹੋਣ ਦੀ ਸੰਭਾਵਨਾ ਹੈ ਕਿਉਂਕਿ ਪਿਛਲੀ ਸ਼ਰਾਬ ਨੀਤੀ ਵਿਚ ਬੀਅਰ ਦੇ ਘੱਟੋ-ਘੱਟ ਤੇ ਵੱਧ ਤੋਂ ਵੱਧ ਮੁੱਲ ਵਸੂਲ ਕਰਨ ਦਾ ਰੇਟ ਸ਼ਾਮਿਲ ਸੀ। ਪਰ ਇਸ ਵਾਰ ਦੀ ਨੀਤੀ ‘ਚ ਬੀਅਰ ਦਾ ਘੱਟੋ-ਘੱਟ ਰੇਟ ਵਸੂਲਣਾ ਤਾਂ ਸ਼ਾਮਿਲ ਕੀਤਾ ਗਿਆ ਹੈ ਪਰ ਵੱਧ ਤੋਂ ਵੱਧ ਕਿੰਨਾ ਮੁੱਲ ਹੋਵੇਗਾ, ਇਸ ਦਾ ਜ਼ਿਕਰ ਨਹੀਂ ਕੀਤਾ। ਪ੍ਰਤੀ ਪਰੂਫ਼ ਲਿਟਰ ਡਿਊਟੀ ‘ਚ ਵਾਧਾ ਵੀ ਐਕਸਾਈਜ਼ ਵਿਭਾਗ ਨੇ ਕੀਤਾ ਹੈ।