ਫ਼ਰਾਂਸ 'ਚ ਹਮਲਿਆਂ ਤੋਂ ਬਾਅਦ ਅਮਰੀਕਾ ਨੇ ਆਪਣੇ ਨਾਗਰਿਕਾਂ ਲਈ ਜਾਰੀ ਕੀਤੀ ਚਿਤਾਵਨੀ

ਵਾਸ਼ਿੰਗਟਨ- ਫ਼ਰਾਂਸ 'ਚ ਹੋਏ ਭਿਆਨਕ ਅੱਤਵਾਦੀ ਹਮਲਿਆਂ ਤੋਂ ਬਾਅਦ ਅਮਰੀਕਾ ਨੇ ਭਾਰਤ ਸਮੇਤ ਪੂਰੀ ਦੁਨੀਆ 'ਚ ਰਹਿ ਰਹੇ ਆਪਣੇ ਨਾਗਰਿਕਾਂ ਲਈ ਚਿਤਾਵਨੀ ਜਾਰੀ ਕੀਤੀ ਹੈ ਤੇ ਕਿਹਾ ਹੈ ਕਿ ਅਮਰੀਕੀਆਂ ਦੇ ਖ਼ਿਲਾਫ਼ ਹਮਲੇ 'ਚ ਵਾਧਾ ਹੋ ਰਿਹਾ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਚਾਹੇ ਅੱਤਵਾਦੀ ਸੰਗਠਨਾਂ ਦੇ ਨਾਲ ਜੁੜੇ ਲੋਕਾਂ, ਉਨ੍ਹਾਂ ਦੀ ਨਕਲ ਕਰਨ ਵਾਲਿਆਂ ਜਾਂ ਵਿਅਕਤੀਗਤ ਮੁਲਜ਼ਮਾਂ ਵੱਲੋਂ ਹੋਏ ਹੋਣ, ਹਾਲ ਦੇ ਅੱਤਵਾਦੀ ਹਮਲੇ ਸਾਨੂੰ ਯਾਦ ਕਰਵਾਉਂਦੇ ਹਨ ਕਿ ਅਮਰੀਕੀ ਨਾਗਰਿਕਾਂ ਨੂੰ ਉੱਚ ਪੱਧਰ ਦੀ ਸਾਵਧਾਨੀ ਰੱਖਣ ਤੇ ਆਪਣੀ ਸੁਰੱਖਿਆ ਦੇ ਪ੍ਰਤੀ ਜਾਗਰੂਕਤਾ ਰੱਖਣ ਲਈ ਉਚਿੱਤ ਕਦਮ ਚੁੱਕਣ ਦੀ ਜ਼ਰੂਰਤ ਹੈ। ਵਿਸ਼ਵ ਭਰ 'ਚ ਅਮਰੀਕੀਆਂ ਤੇ ਉਨ੍ਹਾਂ ਦੀ ਸੰਪਤੀ ਦੇ ਸਾਹਮਣੇ ਖ਼ਤਰਿਆਂ ਦਾ ਹਵਾਲਾ ਦਿੰਦੇ ਹੋਏ ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਭਾਰਤ ਲਗਾਤਾਰ ਅੱਤਵਾਦ ਤੇ ਬਾਗ਼ੀ ਗਤੀਵਿਧੀਆਂ ਨਾਲ ਰੂਬਰੂ ਹੋ ਰਿਹਾ ਹੈ, ਜਿਸਦਾ ਅਮਰੀਕੀ ਨਾਗਰਿਕਾਂ 'ਤੇ ਸਿੱਧੇ ਤੇ ਅਸਿੱਧੇ ਰੂਪ ਨਾਲ ਅਸਰ ਹੋ ਸਕਦਾ ਹੈ । ਬਿਆਨ 'ਚ ਦੱਸਿਆ ਗਿਆ ਹੈ ਕਿ ਬੀਤੇ ਸਮੇਂ 'ਚ ਵੱਡੇ ਸ਼ਹਿਰੀ ਖੇਤਰਾਂ 'ਚ ਪੱਛਮੀ ਲੋਕਾਂ ਵੱਲੋਂ ਇਸਤੇਮਾਲ ਕੀਤੇ ਜਾਣ ਵਾਲੀਆਂ ਸਰਵਜਨਕ ਥਾਵਾਂ, ਲਗਜਰੀ ਤੇ ਹੋਰ ਹੋਟਲਾਂ, ਰੇਲ ਗੱਡੀਆਂ, ਰੇਲਵੇ ਸਟੇਸ਼ਨਾਂ, ਬਾਜ਼ਾਰਾਂ, ਸਿਨੇਮਾ ਘਰਾਂ, ਧਾਰਮਿਕ ਸਥਾਨਾਂ ਤੇ ਰੇਸਤਰਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਰਿਹਾ ਹੈ। ਹਮਲਾਵਰ ਸ਼ਾਮ ਦੇ ਵਿਅਸਤ ਸਮੇਂ ਦੌਰਾਨ ਬਾਜ਼ਾਰਾਂ ਤੇ ਹੋਰ ਭੀੜ-ਭਾੜ ਵਾਲੇ ਸਥਾਨਾਂ 'ਤੇ ਹਮਲਾ ਕਰਦੇ ਹਨ ਲੇਕਿਨ ਇਹ ਹਮਲਾ ਕਿਸੇ ਵੀ ਸਮੇਂ ਹੋ ਸਕਦਾ ਹੈ।