ਵਿਸ਼ਵ ਕਬੱਡੀ ਕੱਪ ਦਾ ਫਾਈਨਲ ਮੈਚ

ਪੰਜਵੇਂ ਵਿਸ਼ਵ ਕਬੱਡੀ ਕੱਪ ਦਾ ਫਾਈਨਲ ਮੈਚ ਹਾਲੇ ਵੀ ਚਰਚਾ ਵਿਚ ਹੈ। ਟੀ. ਵੀ. ਰਾਹੀਂ ਇਹ ਮੈਚ ਕਰੋੜਾਂ ਲੋਕਾਂ ਨੇ ਵੇਖਿਆ ਤੇ ਯੂ ਟਿਊਬ ਤੋਂ ਅਜੇ ਵੀ ਵੇਖਿਆ ਜਾ ਰਿਹੈ। ਇਹ ਮੈਚ ਕਾਫੀ ਵਾਦ-ਵਿਵਾਦੀ ਰਿਹਾ। ਉਲੰਪੀਅਨ ਪਰਗਟ ਸਿੰਘ ਦੀ ਪ੍ਰਧਾਨਗੀ ਵਿਚ ਬਣੀ ਤਕਨੀਕੀ ਕਮੇਟੀ ਨੇ ਇਸ ਦੀ ਪੁਣ-ਛਾਣ ਕਰ ਲਈ ਹੈ ਤੇ ਕਈ ਲੁਕਵੇਂ ਤੱਥ ਲੱਭੇ ਹਨ। ਕਬੱਡੀ ਪ੍ਰੇਮੀ ਚਾਹੁੰਦੇ ਹੋਣਗੇ ਕਿ ਉਨ੍ਹਾਂ ਤੱਥਾਂ ਦਾ ਪਤਾ ਲੱਗੇ ਤਾਂ ਕਿ ਫੈਲਾਏ ਜਾ ਰਹੇ ਭਰਮ-ਭੁਲੇਖੇ ਦੂਰ ਹੋਣ, ਦਰਸ਼ਕ ਹਾਰੇ ਖਿਡਾਰੀਆਂ ਦੇ ਹੰਝੂ ਵੇਖ ਕੇ ਗ਼ਲਤ ਅਨੁਮਾਨ ਨਾ ਲਾਉਣ, ਵਾਧੂ ਦੀਆਂ ਊਜਾਂ ਦੇ ਸ਼ਿਕਾਰ ਨਾ ਹੋਣ।
ਅਕਸਰ ਵੇਖਿਆ ਜਾਂਦੈ ਕਿ ਖਿਡਾਰੀ ਹਾਰ ਜਾਣ ਪਿੱਛੋਂ ਰੋਂਦੇ-ਧੋਂਦੇ ਤੇ ਬੇਇਨਸਾਫ਼ੀ ਦੇ ਇਲਜ਼ਾਮ ਲਾਉਂਦੇ ਹਨ। ਕੁਝ ਐਸਾ ਹੀ ਭਾਰਤ-ਪਾਕਿ ਫਾਈਨਲ ਮੈਚ ਪਿੱਛੋਂ ਹੋਇਆ। ਵਿਸ਼ਵ ਕਬੱਡੀ ਕੱਪ ਦਾ ਡਾਇਰੈਕਟਰ ਉੱਘਾ ਕਬੱਡੀ ਖਿਡਾਰੀ, ਪੁਲਿਸ ਅਫਸਰ ਸ਼ਿਵਦੇਵ ਸਿੰਘ ਸੀ, ਜਿਸ ਦੀ ਛਬੀ ਨਿਰਪੱਖ, ਇਮਾਨਦਾਰ ਤੇ ਅਨੁਸ਼ਾਸਨਬੱਧ ਪ੍ਰਬੰਧਕ ਹੋਣ ਦੀ ਬਣੀ ਹੋਈ ਹੈ। ਉਸ ਦਾ ਖ਼ੁਦ ਖੇਡਣ, ਖਿਡਾਉਣ ਤੇ ਖੇਡ ਪ੍ਰਬੰਧਕ ਹੋਣ ਦਾ 40 ਵਰ੍ਹੇ ਲੰਮਾ ਤਜਰਬਾ ਹੈ। ਉਸ ਨੇ ਮੈਚ ਤੋਂ ਪਹਿਲਾਂ ਭਾਰਤ-ਪਾਕਿ ਟੀਮਾਂ ਦੀ ਨਿਗਰਾਨੀ ਲਈ ਨਿਗਰਾਨ ਲਾ ਦਿੱਤੇ ਸਨ ਤਾਂ ਕਿ ਖਿਡਾਰੀ ਪਿੰਡੇ 'ਤੇ ਤੇਲੀਆ ਸ਼ੈਅ ਜਾਂ ਟੀਕੇ ਆਦਿ ਨਾ ਲਾ ਸਕਣ। ਇਹਦੇ ਬਾਵਜੂਦ ਦੋਵਾਂ ਟੀਮਾਂ ਦੇ ਕੁਝ ਖਿਡਾਰੀਆਂ ਨੇ ਤੇਲੀਆ ਵਸਤੂਆਂ ਪਿੰਡਿਆਂ 'ਤੇ ਲਾ ਲਈਆਂ ਸਨ। ਪਾਕਿਸਤਾਨ ਦੀ ਟੀਮ ਨਾਲ ਲਾਏ ਨਿਗਰਾਨ ਨੇ ਦੱਸਿਆ ਕਿ ਮੈਚ ਤੋਂ ਪਹਿਲਾਂ ਉਸ ਨੂੰ ਇਹ ਕਹਿ ਕੇ ਕਮਰੇ ਤੋਂ ਬਾਹਰ ਭੇਜਿਆ ਗਿਆ ਪਈ ਉਨ੍ਹਾਂ ਨੇ ਦੁਆ ਕਰਨੀ ਹੈ। ਉਹ ਬਾਹਰ ਨਿਕਲਿਆ ਤਾਂ ਜਿਨ੍ਹਾਂ ਨੇ ਤੇਲ ਲਾਉਣਾ ਸੀ, ਉਹ ਤੇਲ ਦੀ 'ਦੁਆ' ਲਾ ਕੇ ਬਾਹਰ ਨਿਕਲੇ। ਇੰਜ ਹੀ ਕੁਝ ਭਾਰਤੀ ਖਿਡਾਰੀਆਂ ਨੇ 'ਬਾਮ' ਲਾਈ।
ਟੀਮਾਂ ਦਾਇਰੇ ਵਿਚ ਆਈਆਂ ਤਾਂ ਸ਼ਿਵਦੇਵ ਸਿੰਘ ਨੇ ਪਾਕਿਸਤਾਨੀ ਟੀਮ ਦੇ ਕਪਤਾਨ ਸ਼ਫੀਕ ਚਿਸ਼ਤੀ ਦੇ ਲਿਸ਼ਕਦੇ ਪਟੇ ਵੇਖਦਿਆਂ ਉਨ੍ਹਾਂ ਨੂੰ ਹੱਥ ਲਾ ਕੇ ਟੋਹਿਆ। ਉਸ ਦਾ ਕਹਿਣਾ ਹੈ ਕਿ ਉਹਦਾ ਹੱਥ ਤੇਲ ਨਾਲ ਗੱਚ ਹੋ ਗਿਆ। ਚੰਗੀ ਤਰ੍ਹਾਂ ਪੂੰਝਣ ਨਾਲ ਵੀ ਉਸ ਦਾ ਚਿਪਚਿਪਾਪਨ ਕਾਇਮ ਰਿਹਾ। ਨਿਯਮਾਂ ਅਨੁਸਾਰ ਪਿੰਡੇ ਜਾਂ ਵਾਲਾਂ ਨੂੰ ਤੇਲ ਲਾ ਕੇ ਆਏ ਖਿਡਾਰੀਆਂ ਨੂੰ ਲਾਲ ਕਾਰਡ ਵਿਖਾ ਕੇ ਮੈਚ ਖੇਡਣ ਤੋਂ ਬੈਨ ਕਰ ਦੇਣਾ ਬਣਦਾ ਸੀ, ਪਰ ਉਸ ਵੇਲੇ ਤੇਲੀਆ ਖਿਡਾਰੀਆਂ ਨੂੰ ਬੈਨ ਕੀਤਾ ਜਾਂਦਾ ਤਾਂ ਸੰਭਾਵਨਾ ਸੀ ਕਿ ਮੈਚ ਹੁੰਦਾ ਹੀ ਨਾ। ਉਸ ਵੇਲੇ ਪੰਜਾਬ ਤੇ ਹਰਿਆਣੇ ਦੇ ਮੁੱਖ ਮੰਤਰੀ ਸੁਸ਼ੋਭਿਤ ਸਨ ਅਤੇ ਦਰਸ਼ਕਾਂ ਨਾਲ ਭਰੇ ਹੋਏ ਸਟੇਡੀਅਮ 'ਚ ਮੈਚ ਵੇਖਣ ਦੀ ਤੀਬਰ ਚਾਹਤ ਸੀ। ਕਰੋੜਾਂ ਲੋਕ ਟੀ. ਵੀ. ਤੋਂ ਮੈਚ ਵੇਖਣ ਦੀ ਇੰਤਜ਼ਾਰ ਕਰ ਰਹੇ ਸਨ। ਉਸ ਸਥਿਤੀ ਵਿਚ ਤੌਲੀਆਂ ਨਾਲ ਪਿੰਡੇ ਪੂੰਝੇ ਗਏ, ਪਰ ਤੇਲ ਪੂਰੀ ਤਰ੍ਹਾਂ ਪੂੰਝਿਆ ਨਾ ਜਾ ਸਕਿਆ।