ਅਮਿਤਾਭ ਬੱਚਨ ਨੂੰ ਨਵੇਂ ਰੰਗ ਵਿਚ ਪੇਸ਼ ਕਰਦੀ ਫ਼ਿਲਮ : ਪੀਕੂ

ਆਪਣੀ ਢਲਦੀ ਉਮਰ ਵਿਚ ਅਮਿਤਾਭ ਬੱਚਨ ਨੂੰ ਜਿਸ ਤਰ੍ਹਾਂ ਦੀਆਂ ਭੂਮਿਕਾਵਾਂ ਮਿਲ ਰਹੀਆਂ ਹਨ ਉਹ ਇਕ ਅਦਾਕਾਰ ਦੇ ਨਾਤੇ ਉਨ੍ਹਾਂ ਦੀ ਬਹੁਤ ਵੱਡੀ ਉਪਲਬਧੀ ਮੰਨੀ ਜਾਵੇਗੀ | 'ਮੁਹੱਬਤੇਂ' ਤੋਂ ਬਾਅਦ ਉਨ੍ਹਾਂ ਨੇ ਆਪਣੇ ਕੈਰੀਅਰ ਦਾ ਟ੍ਰੈਕ ਬਦਲਿਆ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਇਸ ਨਵੇਂ ਟ੍ਰੈਕ 'ਤੇ ਉਨ੍ਹਾਂ ਦੇ ਕੈਰੀਅਰ ਦੀ ਗੱਡੀ ਤੇਜ਼ ਗਤੀ ਨਾਲ ਦੌੜ ਰਹੀ ਹੈ | 'ਸਰਕਾਰ', 'ਭੂਤਨਾਥ', 'ਬਾਗਬਾਨ' ਸਮੇਤ ਕਈ ਫ਼ਿਲਮਾਂ ਵਿਚ ਉਹ ਅਭਿਨੈ ਦੇ ਨਵੇਂ-ਨਵੇਂ ਰੰਗਾਂ ਵਿਚ ਨਜ਼ਰ ਆਏ |
ਪਹਿਲਾਂ 'ਯਹਾਂ,', 'ਮਦਰਾਸ ਕੈਫੇ', 'ਵਿੱਕੀ ਡਾਨਰ' ਆਦਿ ਫ਼ਿਲਮਾਂ ਨਿਰਦੇਸ਼ਿਤ ਕਰਨ ਵਾਲੇ ਸੁਜੀਤ ਸਰਕਾਰ ਨੇ ਅਮਿਤਾਭ ਨੂੰ ਲੈ ਕੇ 'ਸ਼ੂ ਬਾਈਟ' ਬਣਾਈ ਪਰ ਇਹ ਦਰਸ਼ਕਾਂ ਦੀ ਬੁਰੀ ਕਿਸਮਤ ਕਿਹਾ ਜਾਵੇਗਾ ਕਿ ਨਿਰਮਾਤਾ ਦੇ ਆਪਸੀ ਝਗੜਿਆਂ ਦੀ ਵਜ੍ਹਾ ਕਰਕੇ ਇਹ ਫ਼ਿਲਮ ਹੁਣ ਤੱਕ ਸਿਨੇਮਾਘਰਾਂ ਵਿਚ ਪਹੁੰਚ ਨਹੀਂ ਸਕੀ ਹੈ | ਖ਼ੁਦ ਅਮਿਤਾਭ ਇਸ ਫ਼ਿਲਮ ਵਿਚ ਆਪਣੀ ਭੂਮਿਕਾ ਨੂੰ ਉੱਚ ਪੱਧਰੀ ਭੂਮਿਕਾ ਦੱਸਦੇ ਹਨ | ਹੁਣ 'ਸ਼ੂ ਬਾਈਟ' ਤੋਂ ਬਾਅਦ ਸੁਜੀਤ ਸਰਕਾਰ ਇਸ ਮਹਾਨਾਇਕ ਨੂੰ ਲੈ ਕੇ 'ਪੀਕੂ' ਬਣਾ ਰਹੇ ਹਨ ਅਤੇ ਇਹ ਫ਼ਿਲਮ ਕੋਲਕਾਤਾ ਵਿਚ ਸ਼ੂਟ ਕੀਤੀ ਜਾ ਰਹੀ ਹੈ | ਇਸ ਫ਼ਿਲਮ ਵਿਚ ਅਮਿਤਾਭ ਦੇ ਨਾਲ ਦੀਪਿਕਾ ਪਾਦੂਕੋਨ ਹੈ | ਪ੍ਰਕਾਸ਼ ਝਾਅ ਦੀ ਫ਼ਿਲਮ 'ਆਰਕਸ਼ਣ' ਵਿਚ ਦੀਪਿਕਾ ਨੇ ਅਮਿਤਾਭ ਦੀ ਬੇਟੀ ਦੀ ਭੂਮਿਕਾ ਨਿਭਾਈ ਸੀ ਅਤੇ ਹੁਣ 'ਪੀਕੂ' ਵਿਚ ਵੀ ਪਿਤਾ-ਪੁੱਤਰੀ ਦੀ ਕਹਾਣੀ ਪੇਸ਼ ਕੀਤੀ ਗਈ ਹੈ | ਫ਼ਿਲਮ ਵਿਚ ਦੀਪਿਕਾ ਦੇ ਕਿਰਦਾਰ ਦਾ ਨਾਂਅ ਪੀਕੂ ਹੈ ਅਤੇ ਉਹ ਇਸ ਵਿਚ ਮੁੱਖ ਭੂਮਿਕਾ ਨਿਭਾਅ ਰਹੀ ਹੈ |
ਇਸ ਫ਼ਿਲਮ ਵਿਚ ਅਮਿਤਾਭ ਬਜ਼ੁਰਗ ਬੰਗਾਲੀ ਬਣੇ ਹਨ | ਕਿਉਂਕਿ ਅਮਿਤਾਭ ਦਾ ਬੰਗਾਲ ਨਾਲ ਨੇੜੇ ਦਾ ਸਬੰਧ ਰਿਹਾ ਹੈ | ਇਸ ਲਈ ਉਹ ਖ਼ੁਦ ਇਸ ਫ਼ਿਲਮ ਨੂੰ ਲੈ ਕੇ ਬਹੁਤ ਉਤਸ਼ਾਹੀ ਹਨ | ਆਪਣੀ ਇਸ ਫ਼ਿਲਮ ਬਾਰੇ ਉਹ ਕਹਿੰਦੇ ਹਨ, 'ਇਸ ਫ਼ਿਲਮ ਦੀ ਬਦੌਲਤ ਮੈਨੂੰ ਤਕਰੀਬਨ ਅੱਠ ਸਾਲ ਬਾਅਦ ਕੋਲਕਾਤਾ ਵਿਚ ਸ਼ੂਟਿੰਗ ਕਰਨ ਦਾ ਮੌਕਾ ਮਿਲਿਆ ਹੈ | ਇਸ ਸ਼ਹਿਰ ਨਾਲ ਮੇਰਾ ਪੁਰਾਣਾ ਸਬੰਧ ਹੈ | ਫ਼ਿਲਮਾਂ ਵਿਚ ਆਉਣ ਤੋਂ ਪਹਿਲਾਂ ਮੈਂ ਇਥੇ ਨੌਕਰੀ ਕਰਿਆ ਕਰਦਾ ਸੀ | ਜਦੋਂ ਮੈਨੂੰ ਕਿਹਾ ਗਿਆ ਕਿ ਇਸ ਫ਼ਿਲਮ ਲਈ ਮੈਨੂੰ ਕੋਲਕਾਤਾ ਦੀਆਂ ਸੜਕਾਂ 'ਤੇ ਸਾਈਕਲ ਚਲਾਉਣਾ ਹੋਵੇਗਾ ਤਾਂ ਉਦੋਂ ਮੇਰੇ ਦਿਲ ਵਿਚ ਇਸ ਮਹਾਂਨਗਰ ਵਿਚ ਬਿਤਾਏ ਪੁਰਾਣੇ ਦਿਨਾਂ ਦੀਆਂ ਯਾਦਾਂ ਆਉਣ ਲੱਗੀਆਂ | ਮੈਨੂੰ ਅੱਜ ਵੀ ਇਸ ਦੇ ਹਰ ਰਸਤੇ ਦਾ ਪਤਾ ਹੈ | ਇਥੇ ਆ ਕੇ ਕੰਮ ਕਰਨ ਦਾ ਅਨੰਦ ਹੀ ਕੁਝ ਹੋਰ ਹੈ |
ਫ਼ਿਲਮ ਵਿਚ ਆਪਣੀ ਭੂਮਿਕਾ ਬਾਰੇ ਵਿਸਥਾਰ ਨਾਲ ਜਾਣਕਾਰੀ ਦੇਣ ਤੋਂ ਮਨ੍ਹਾਂ ਕਰਦੇ ਹੋਏ ਸਿਰਫ਼ ਏਨਾ ਜ਼ਰੂਰ ਕਹਿੰਦੇ ਹਨ 'ਮੈਂ ਇਸ ਵਿਚ ਬੰਗਾਲੀ ਬਾਬੂ ਬਣਿਆ ਹਾਂ | ਇਹ ਬਾਬੂ ਮੋਸ਼ਾਏ ਮੱਧਵਰਗੀ ਹੈ | ਇਸ ਲਈ ਆਪਣੀ ਸਿਹਤ 'ਤੇ ਜ਼ਿਆਦਾ ਧਿਆਨ ਨਹੀਂ ਦਿੰਦਾ | ਇਹੀ ਵਜ੍ਹਾ ਹੈ ਕਿ ਉਸ ਦੀ ਥੋੜ੍ਹੀ ਗੋਗੜ ਵੀ ਨਿਕਲੀ ਹੋਈ ਹੈ | ਜਦੋਂ ਮੈਂ ਸੁਜੀਤ ਤੋਂ ਗੋਗੜ ਬਾਰੇ ਪੁੱਛਿਆ ਤਾਂ ਉਨ੍ਹਾਂ ਦਾ ਜਵਾਬ ਸੀ ਕਿ ਜੇਕਰ ਮੈਂ ਸਰੀਰਕ ਤੌਰ 'ਤੇ ਫਿਟ ਨਜ਼ਰ ਆਇਆ ਤਾਂ ਇਹ ਕਿਰਦਾਰ ਨਕਲੀ ਲੱਗੇਗਾ | ਇਸ ਫ਼ਿਲਮ ਵਿਚ ਕਿਤੇ-ਕਿਤੇ ਬੰਗਲਾ ਭਾਸ਼ਾ ਵੀ ਬੋਲੀ ਹੈ | ਮੈਨੂੰ ਇਹ ਭਾਸ਼ਾ ਆਉਂਦੀ ਹੈ | ਇਸ ਲਈ ਇਥੇ ਸੰਵਾਦ ਬੋਲਣ ਵਿਚ ਕੋਈ ਮੁਸ਼ਕਿਲ ਨਹੀਂ ਆਈ | ਸਾਡੇ ਇਥੇ ਬਾਪ-ਬੇਟੀ ਦੇ ਰਿਸ਼ਤੇ 'ਤੇ ਘੱਟ ਹੀ ਫ਼ਿਲਮਾਂ ਬਣੀਆਂ ਹਨ | ਮੈਨੂੰ ਲਗਦਾ ਹੈ ਕਿ 'ਪੀਕੂ' ਦੀ ਕਹਾਣੀ ਵਿਚ ਦਰਸ਼ਕਾਂ ਨੂੰ ਨਵੀਂ ਅਪੀਲ ਨਜ਼ਰ ਆਵੇਗੀ ਅਤੇ ਉਹ ਇਸ ਨੂੰ ਪਸੰਦ ਵੀ ਕਰਨਗੇ |'
ਅਮਿਤਾਭ ਜਦੋਂ ਫ਼ਿਲਮਾਂ ਵਿਚ ਨਵੇਂ ਆਏ ਸਨ ਉਦੋਂ ਮੀਲ ਦਾ ਪੱਥਰ ਬਣ ਚੁੱਕੀ ਫ਼ਿਲਮ 'ਅਨੰਦ' ਵਿਚ ਉਨ੍ਹਾਂ ਨੇ ਬੰਗਾਲੀ ਡਾਕਟਰ ਦੀ ਭੂਮਿਕਾ ਨਿਭਾਈ ਸੀ ਅਤੇ ਇਸ ਵਿਚ ਉਨ੍ਹਾਂ ਵੱਲੋਂ ਨਿਭਾਇਆ ਗਿਆ ਬਾਬੂ ਮੋਸ਼ਾਏ ਦਾ ਕਿਰਦਾਰ ਅਮਰ ਹੋ ਗਿਆ |
ਹੁਣ ਦੇਖੋ 'ਪੀਕੂ' ਵਿਚ ਬੰਗਾਲੀ ਬਾਬੂ ਬਣ ਕੇ ਉਹ ਕੀ ਨਵਾਂ ਕਮਾਲ ਦਿਖਾਉਂਦੇ ਹਨ |
-ਇੰਦਰਮੋਹਨ ਪੰਨੂੰ