ਲੋਕ ਦਿਖਾਵਾ ਨਾ ਰਹੇ ਕੁੜੀਆਂ ਦੀ ਲੋਹੜੀ

ਅੱਜਕਲ੍ਹ ਪੰਜਾਬੀ ਸੱਭਿਆਚਾਰ ਵਿਚ ਇਕ ਨਵੀਂ ਪੰ੍ਰਪਰਾ 'ਕੁੜੀਆਂ ਦੀ ਲੋਹੜੀ ਮਨਾਉਣਾ' 'ਤੇ ਜ਼ੋਰ ਦਿੱਤਾ ਜਾ ਰਿਹਾ ਹੈ ਤੇ ਕਈ ਲੋਕ ਇਸ ਪੰ੍ਰਪਰਾ ਨੂੰ ਅਪਣਾਅ ਵੀ ਰਹੇ ਹਨ | ਲੋਹੜੀ ਦੇ ਤਿਉਹਾਰ ਨੂੰ ਮਨਾਉਣ ਦਾ ਪੁਰਾਤਨ ਸਬੰਧ ਨਵੇਂ ਜਨਮੇ ਮੰੁਡੇ ਦੀ ਖੁਸ਼ੀ ਨਾਲ ਰਿਹਾ ਹੈ | ਪੰ੍ਰਪਰਾ ਅਨੁਸਾਰ ਜਦੋਂ ਮੰੁਡੇ ਦਾ ਜਨਮ ਹੁੰਦਾ ਹੈ ਤਾਂ ਉਸ ਦੀ ਲੋਹੜੀ ਪਾਉਣ ਦਾ ਰਿਵਾਜ ਰਿਹਾ ਹੈ, ਜਦੋਂ ਕਿ ਕੁੜੀ ਦੇ ਜੰਮਣ ਨੂੰ ਪਰਿਵਾਰ 'ਤੇ ਪਏ ਇਕ ਬੋਝ ਵਜੋਂ ਦੇਖਿਆ ਜਾਂਦਾ ਰਿਹਾ ਹੈ | ਪਰਿਵਾਰ ਵਿਚ ਮੰੁਡੇ ਦੇ ਜੰਮਣ 'ਤੇ ਖੁਸ਼ੀ ਤੇ ਕੁੜੀ ਦੇ ਜੰਮਣ 'ਤੇ ਡੰੂਘੀ ਚਿੰਤਾ ਦਾ ਪ੍ਰਗਟਾਵਾ ਹੁੰਦਾ ਰਿਹਾ ਹੈ | ਫਿਰ ਵੀ ਸਮੇਂ ਦੇ ਨਾਲ-ਨਾਲ ਕੁੜੀਆਂ ਦੇ ਜੰਮਣ ਪ੍ਰਤੀ ਸੋਚ ਨੂੰ ਬਦਲਣ ਲਈ ਲੋਕ-ਲਹਿਰਾਂ ਨੇ ਕਾਫੀ ਯੋਗਦਾਨ ਦਿੱਤਾ ਹੈ, ਜਿਸ ਅਧੀਨ ਹੀ 'ਭਰੂਣ ਹੱਤਿਆ' ਤੇ 'ਦਾਜ ਪ੍ਰਥਾ' ਵਿਰੁੱਧ ਲੋਕ-ਆਵਾਜ਼ ਵੀ ਬੁਲੰਦ ਹੋਈ ਹੈ | ਅਜਿਹਾ ਲੱਗ ਰਿਹਾ ਹੈ ਕਿ ਇਕ ਨਵੀਂ ਤੇ ਚੇਤਨਤਾ ਲੋਕ-ਮਨਾਂ ਅੰਦਰ ਫੂਕੀ ਜਾ ਰਹੀ ਹੈ |
ਨਵੀਂ ਚੇਤਨਤਾ ਅਤੇ ਹਾਂ-ਪੱਖੀ ਸੋਚ ਕਰਕੇ ਹੀ ਕੁੜੀਆਂ ਦੇ ਜੰਮਣ ਦੀ ਖੁਸ਼ੀ ਮਨਾਉਣ 'ਤੇ ਅੱਜ ਜ਼ੋਰ ਦਿੱਤਾ ਜਾ ਰਿਹਾ ਹੈ |

ਭਰੂਣਹੱਤਿਆ ਰੋਕਣ ਅਤੇ ਕੁੜੀ ਜੰਮਣ 'ਤੇ ਲੋਹੜੀ ਮਨਾਉਣ ਦੀ ਨਵੀਂ ਪੰ੍ਰਪਰਾ ਤੋਰੀ ਜਾ ਰਹੀ ਹੈ | ਅੱਜਕਲ੍ਹ ਕਈ ਲੋਕਾਂ ਨੇ ਇਸ ਨੂੰ ਅਮਲੀ ਜਾਮਾ ਵੀ ਪਹਿਨਾਇਆ ਹੈ ਪਰ ਕੀ ਕੁੜੀ ਨੂੰ ਸਮਾਜ ਵਿਚ ਉਸ ਦੇ ਬਣਦੇ ਸਤਿਕਾਰਯੋਗ ਸਥਾਨ 'ਤੇ ਦੇਖਣ ਲਈ ਇਹ ਸਭ ਕਾਫੀ ਹੈ? ਚੰਗੀ ਤਰ੍ਹਾਂ ਘੋਖਣ 'ਤੇ ਪਤਾ ਲਗਦਾ ਹੈ ਕਿ ਇਹ ਸਿਰਫ ਇਕ ਲੋਕ ਦਿਖਾਵਾ ਹੀ ਹੋ ਰਿਹਾ ਹੈ, ਜਦੋਂ ਕਿ ਕੁੜੀਆਂ ਦੀ ਸਮਾਜ ਵਿਚ ਹਾਲੇ ਵੀ ਉਹੀ ਤਰਸਯੋਗ ਹਾਲਤ ਹੈ, ਜੋ ਪਹਿਲਾਂ ਸੀ | ਨਾ ਤਾਂ ਲੋਕਾਂ ਦੀ ਕੁੜੀਆਂ ਪ੍ਰਤੀ ਸੋਚ ਬਦਲੀ ਹੈ ਤੇ ਨਾ ਹੀ ਉਨ੍ਹਾਂ ਨੂੰ ਬਣਦਾ ਸਥਾਨ ਮਿਲ ਸਕਿਆ ਹੈ | ਕੁੜੀਆਂ ਦੀ ਲੋਹੜੀ ਮਨਾਉਣਾ ਗ਼ਲਤ ਨਹੀਂ ਹੈ, ਸਗੋਂ ਇਹ ਬਰਾਬਰੀ ਦੇ ਅਧਿਕਾਰ ਤੇ ਇਕ ਹਾਂ-ਪੱਖੀ ਸੋਚ ਵਾਲਾ ਕਦਮ ਹੈ ਪਰ ਸਵਾਲ ਇਹ ਹੈ ਕਿ ਕੀ ਸਿਰਫ ਲੋਹੜੀ ਹੀ ਕਿਉਂ, ਬਾਕੀ ਥਾਵਾਂ 'ਤੇ ਕੁੜੀ ਨੂੰ ਬਰਾਬਰੀ 'ਤੇ ਕਿਉਂ ਨਹੀਂ ਰੱਖਿਆ ਜਾਂਦਾ, ਜਦੋਂ ਕਿ ਮਰਦ ਤੇ ਔਰਤ ਦੋਵੇਂ ਜ਼ਿੰਦਗੀ ਦੀ ਗੱਡੀ ਦੇ ਪਹੀਏ ਹਨ |

ਸਾਡੀਆਂ ਪੰ੍ਰਪਰਾਵਾਂ ਹਾਲੇ ਵੀ ਕੁੜੀਆਂ ਨੂੰ ਬਰਾਬਰੀ ਦਾ ਹੱਕ ਨਹੀਂ ਦੇ ਰਹੀਆਂ | ਕੁੜੀ ਦੇ ਜੰਮਣ 'ਤੇ ਲੋਹੜੀ ਤਾਂ ਜ਼ਰੂਰ ਮਨਾ ਲਈ ਜਾਂਦੀ ਹੈ ਤੇ ਨਾਚ-ਗਾਣਾ, ਪਾਰਟੀ ਕਰਕੇ ਆਪਣਾ ਮਨੋਰੰਜਨ ਕਰ ਲਿਆ ਜਾਂਦਾ ਹੈ ਪਰ 'ਕੰਜਕ' ਤੇ 'ਘਰ ਦੀ ਲਕਸ਼ਮੀ' ਕਹਾਉਣ ਵਾਲੀ ਕੁੜੀ ਨੂੰ ਕਾਲਜ, ਯੂਨੀਵਰਸਿਟੀ ਵਿਚ ਉਚੇਰੀ ਸਿੱਖਿਆ ਤੋਂ ਇਹ ਕਹਿ ਕੇ ਵਾਂਝਾ ਰੱਖਿਆ ਜਾਂਦਾ ਹੈ ਕਿ ਇਸ ਨੇ ਪੜ੍ਹ ਕੇ ਕਿਹੜਾ ਨੌਕਰੀ ਕਰਨੀ ਹੈ ਜਾਂ ਫਿਰ ਇਹ ਕਿਹਾ ਜਾਂਦਾ ਹੈ ਕਿ ਕੁੜੀਆਂ ਨੇ ਤਾਂ ਰੋਟੀ-ਤਵਾ ਹੀ ਕਰਨਾ ਹੈ | ਲੜਕੀਆਂ ਦੀ ਸਿੱਖਿਆ, ਵਿਆਹ ਤੇ ਉਸ ਦੇ ਬਹੁਤੇ ਅਹਿਮੀਅਤ ਰੱਖਦੇ ਫ਼ੈਸਲੇ ਅੱਜ ਵੀ ਮਰਦ ਸਮਾਜ ਵੱਲੋਂ ਕੀਤੇ ਜਾਂਦੇ ਹਨ | ਅੱਜ ਵੀ ਕੁੜੀਆਂ ਨੂੰ ਆਪਣੀ ਹੋਂਦ ਬਚਾਉਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ | ਦਿਨ-ਬਦਿਨ ਲੜਕੀਆਂ ਪ੍ਰਤੀ ਵਧ ਰਹੀ ਹਿੰਸਾ, ਇੱਜ਼ਤ ਲਈ ਕਤਲ ਤੇ ਜਬਰ-ਜਨਾਹ ਦੀਆਂ ਘਟਨਾਵਾਂ ਇਹ ਸੋਚਣ ਲਈ ਮਜਬੂਰ ਕਰ ਦਿੰਦੀਆਂ ਹਨ ਕਿ ਕੁੜੀਆਂ ਦੀ ਲੋਹੜੀ ਮਨਾਉਂਦਿਆਂ ਤਸਵੀਰ ਖਿਚਵਾ ਕੇ ਅਖਬਾਰਾਂ ਵਿਚ ਛਪਵਾ ਦੇਣਾ ਜੇ ਇਕ ਲੋਕ-ਦਿਖਾਵਾ ਨਹੀਂ ਹੈ ਤਾਂ ਹੋਰ ਕੀ ਹੈ? ਦੋਸਤੋ! ਆਓ, ਆਪਣੀਆਂ ਕੁੱਖੋਂ ਜਾਈਆਂ ਦੀ ਲੋਹੜੀ ਮਨਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਬਰਾਬਰੀ ਦੇ ਹੱਕ ਤੇ ਜ਼ਿੰਦਗੀ ਵਿਚ ਅੱਗੇ ਵਧਣ ਦੇ ਮੌਕੇ ਦੇ ਕੇ ਉਨ੍ਹਾਂ ਦੀਆਂ ਖੁਸ਼ੀਆਂ, ਇੱਛਾਵਾਂ ਤੇ ਸੱਧਰਾਂ ਨੂੰ ਪੂਰਾ ਕਰਨ ਦਾ ਯਤਨ ਕਰੀਏ, ਤਾਂ ਕਿ ਇਸ ਮਨੁੱਖੀ ਜੂਨ ਦੇ ਦੂਜੇ ਹਿੱਸੇ ਨੂੰ ਵੀ ਆਪਣੀ ਹੋਂਦ ਦਾ ਅਹਿਸਾਸ ਹੋ ਸਕੇ |