ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਮੀਂਹ ਕਾਰਨ ਬਰਬਾਦ ਹੋਈਆਂ ਫਸਲਾਂ ਦੀ ਗਿਰਦਾਵਰੀ ਨੂੰ ਲੈ ਕੇ ਕਾਫੀ ਐਕਸ਼ਨ ਮੂਡ ਵਿਚ ਨਜ਼ਰ ਆ ਰਹੇ ਹਨ। ਇਸ ਦੌਰਾਨ ਉਹ ਖੁਦ ਖੇਤਾਂ ਵਿਚ ਜਾ ਕੇ ਗਿਰਦਾਵਰੀਆਂ ਕਰਵਾ ਰਹੇ ਹਨ। ਕੈਬਨਿਟ ਮੰਤਰੀ ਨਕਲੀ ਦਵਾਈਆਂ ਵੇਚਣ ਵਾਲਿਆਂ ਖਿਲਾਫ ਵੀ ਕਾਫੀ ਸਖਤੀ ਵਾਲੇ ਲਹਿਜ਼ੇ ਵਿਚ ਨਜ਼ਰ ਆਏ। ਉਨ੍ਹਾਂ ਨੇ ਜ਼ਿਲ੍ਹਾ ਗੁਰਦਾਸਪੁਰ ਜਿਲ੍ਹ ਦੇ ਪਿੰਡ ਅਗਵਾਨ ਦਾ ਦੌਰਾ ਕੀਤਾ। ਇਥੇ ਕਣਕ ਵਿਚ ਗੁੱਲੀਡੰਡਾ ਵੇਖ ਕੇ ਉਹ ਕਾਫੀ ਗੁੱਸੇ ਵਿਚ ਆ ਗਏ। ਇਸ ਮੌਕੇ ਉਨ੍ਹਾਂ ਦਵਾਈਆਂ ਵੇਚਣ ਵਾਲੇ ਦੋ ਸਟੋਰਾਂ ਖਿਲਾਫ ਤੁਰਤ ਕਾਰਵਾਈ ਦੇ ਹੁਕਮ ਦਿੱਤੇ। ਉਨ੍ਹਾਂ ਨੇ ਮੌਕੇ ਉਤੇ ਹੀ ਪੁੱਛਿਆ ਕਿ ਇਥੇ ਬਲਾਕ ਅਫਸਰ ਕੌਣ ਹੈ।
ਜਦੋਂ ਬਲਾਕ ਅਫਸਰ ਬਲਜਿੰਦਰ ਸਿੰਘ ਹਾਜ਼ਰ ਹੋਇਆ ਤਾਂ ਉਨ੍ਹਾਂ ਆਖਿਆ ਕਿ ਤੁਸੀਂ ਕਦੇ ਇਥੇ ਗੇੜਾ ਮਾਰਿਆ ਹੈ। ਜਦੋਂ ਉਹ ਤਸੱਲੀ ਵਾਲਾ ਜਵਾਬ ਨਾ ਦੇ ਸਕੇ ਤਾਂ ਮੰਤਰੀ ਨੇ ਕਿਹਾ ਇਨ੍ਹਾਂ ਦੀ ਰਿਪੋਰਟ ਭੇਜੇ ਤੇ ਇਸ ਨੂੰ ਸਸਪੈਂਡ ਕਰੋ। ਉਨ੍ਹਾਂ ਨੇ ਆਪਣੇ ਟਵਿੱਟਰ ਉਤੇ ਵੀਡੀਓ ਸਾਂਝੀ ਕਰਦੇ ਹੋਏ ਲਿਖਿਆ ਹੈ- ''ਨਕਲੀ ਦਵਾਈ ਕਿਸਾਨ ਨੂੰ ਬਰਬਾਦ ਕਰ ਦਿੰਦੀ ਹੈ। ਪਿੰਡ ਅਗਵਾਨ, ਜ਼ਿਲ੍ਹਾ ਗੁਰਦਾਸਪੁਰ 'ਚ 4 ਵਾਰ ਛਿੜਕਾਅ ਕਰਨ ਤੋਂ ਬਾਅਦ ਵੀ ਕਣਕ ਦੀ ਫਸਲ ਖਰਾਬ ਹੋ ਗਈ। ਨਕਲੀ ਦਵਾਈ ਵੇਚਣ ਵਾਲੇ ਅਤੇ ਕਾਰਵਾਈ ਨਾ ਕਰਨ ਵਾਲੇ ਅਧਿਕਾਰੀ ਵਿਰੁੱਧ ਤੁਰੰਤ ਕਾਰਵਾਈ ਕਰਨ ਦੇ ਹੁਕਮ ਦਿੱਤੇ।