ਲੁਧਿਆਣਾ 'ਚ ਵਾਪਰਿਆ ਰੂਹ ਕੰਬਾਊ ਹਾਦਸਾ, CCTV 'ਚ ਹੋਇਆ ਕੈਦ

Tags

ਲੁਧਿਆਣਾ 'ਚ ਚੰਡੀਗੜ੍ਹ ਰੋਡ 'ਤੇ ਉਸ ਵੇਲੇ ਰੂਹ ਕੰਬਾਊ ਹਾਦਸਾ ਵਾਪਰਿਆ, ਜਦੋਂ ਕਰੇਨ ਹੇਠਾਂ ਆਉਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ, ਜਦੋਂ ਕਿ ਦੂਜਾ ਨੌਜਵਾਨ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਇਹ ਸਾਰੀ ਘਟਨਾ ਉੱਥੇ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ। ਜਾਣਕਾਰੀ ਮੁਤਾਬਕ ਮੋਟਰਸਾਈਕਲ ਸਵਾਰ 2 ਨੌਜਵਾਨ ਸਮਰਾਲਾ ਚੌਂਕ ਵੱਲੋਂ ਆ ਰਹੇ ਸਨ। ਜਦੋਂ ਉਹ ਵੀਰ ਪੈਲਸ ਚੌਂਕ ਨੇੜੇ ਆਏ ਤਾਂ ਇਕ ਕਰੇਨ ਨੂੰ ਓਵਰਟੇਕ ਕਰਨ ਲੱਗੇ। ਇਸ ਦੌਰਾਨ ਅਚਾਨਕ ਸੜਕ 'ਤੇ ਉਨ੍ਹਾਂ ਦਾ ਮੋਟਰਸਾਈਕਲ ਬੇਕਾਬੂ ਹੋ ਕੇ ਸਲਿੱਪ ਕਰ ਗਿਆ ਅਤੇ ਦੋਵੇਂ ਨੌਜਵਾਨ ਸੜਕ 'ਤੇ ਡਿੱਗ ਗਏ।

ਇਸ ਦੌਰਾਨ ਪਿੱਛਿਓਂ ਆ ਰਹੀ ਕਰੇਨ ਉਨ੍ਹਾਂ ਤੋਂ ਲੰਘ ਗਈ। ਇਸ ਘਟਨਾ ਦੌਰਾਨ ਇਕ ਨੌਜਵਾਨ ਦੀ ਮੌਤ ਹੋ ਗਈ, ਜਦੋਂ ਕਿ ਦੂਜਾ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਮ੍ਰਿਤਕ ਨੌਜਵਾਨ ਦੀ ਪਛਾਣ ਮੁੰਡੀਆਂ ਕਲਾਂ ਦੇ ਰਹਿਣ ਵਾਲੇ ਸੁਰਿੰਦਰ ਕੁਮਾਰ ਦੇ ਤੌਰ 'ਤੇ ਕੀਤੀ ਗਈ ਹੈ। ਜਾਂਚ ਅਧਿਕਾਰੀ ਏ. ਐੱਸ. ਆਈ. ਬਲਬੀਰ ਸਿੰਘ ਨੇ ਦੱਸਿਆ ਕਿ ਜ਼ਖ਼ਮੀ ਨੌਜਵਾਨ ਨੂੰ ਸੀ. ਐੱਮ. ਸੀ. ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਪੁਲਸ ਨੇ ਕਰੇਨ ਨੂੰ ਕਬਜ਼ੇ 'ਚ ਲੈ ਲਿਆ ਹੈ। ਘਟਨਾ ਤੋਂ ਬਾਅਦ ਕਰੇਨ ਦਾ ਡਰਾਈਵਰ ਮੌਕੇ ਤੋਂ ਫ਼ਰਾਰ ਹੈ।