ਜਲੰਧਰ: ਥਾਣਾ ਭਾਰਗਵ ਕੈਂਪ ਅਧੀਨ ਪੈਂਦੇ ਨਿਊ ਮਾਡਲ ਹਾਊਸ ’ਚ ਰਹਿਣ ਵਾਲੀ 23 ਸਾਲਾ ਨਵ-ਵਿਆਹੁਤਾ ਦੀ ਸ਼ੱਕੀ ਹਾਲਾਤ ’ਚ ਫਾਹਾ ਲਾਉਣ ਕਾਰਨ ਮੌਤ ਹੋ ਗਈ। ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਚੁੰਨੀ ਸਮੇਤ ਪੱਖੇ ਨਾਲ ਲਟਕਦੀ ਲਾਸ਼ ਨੂੰ ਵੇਖ ਕੇ ਗੁਆਂਢੀ ਨੇ ਰੌਲਾ ਪਾਇਆ। ਮੌਕੇ ’ਤੇ ਪਹੁੰਚੇ ਡਿਊਟੀ ਅਫ਼ਸਰ ਏ. ਐੱਸ. ਆਈ. ਦਲਜਿੰਦਰ ਲਾਲ ਨੇ ਜਾਂਚ ਉਪਰੰਤ ਮ੍ਰਿਤਕ ਲਕਸ਼ਮੀ ਵਰਮਾ ਪਤਨੀ ਰਾਹੁਲ ਵਰਮਾ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਲਕਸ਼ਮੀ ਦਾ ਵਿਆਹ ਕਰੀਬ 6 ਮਹੀਨੇ ਪਹਿਲਾਂ ਰਾਹੁਲ ਨਾਲ ਹੋਇਆ ਸੀ। ਦੋਹਾਂ ਨੇ 'ਲਵ ਮੈਰਿਜ' ਕਰਵਾਈ ਸੀ।
ਇਲਾਕੇ ਦੇ ਲੋਕਾਂ ਅਨੁਸਾਰ ਪਹਿਲਾਂ ਤੋਂ ਹੀ ਘਰੇਲੂ ਝਗੜਾ ਚੱਲ ਰਿਹਾ ਸੀ ਅਤੇ ਲਕਸ਼ਮੀ ਨਾਲ ਕੁੱਟਮਾਰ ਵੀ ਹੁੰਦੀ ਰਹੀ। ਪੁਲਸ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਐਤਵਾਰ ਵੀ ਘਰੇਲੂ ਕਲੇਸ਼ ਹੋਇਆ ਅਤੇ ਰਾਹੁਲ ਲਕਸ਼ਮੀ ਖ਼ਿਲਾਫ਼ ਸ਼ਿਕਾਇਤ ਕਰਨ ਥਾਣੇ ਪਹੁੰਚਿਆ ਸੀ ਕਿ ਰਾਹੁਲ ਨੂੰ ਪਤਾ ਲੱਗਾ ਕਿ ਉਸ ਦੀ ਪਤਨੀ ਨੇ ਫਾਹਾ ਲਾ ਲਿਆ ਹੈ। ਉਥੇ ਹੀ ਸਿਵਲ ਹਸਪਤਾਲ ਪਹੁੰਚੇ ਲਕਸ਼ਮੀ ਦੇ ਪਰਿਵਾਰਕ ਮੈਂਬਰਾਂ ਦਾ ਵੀ ਦੋਸ਼ ਹੈ ਕਿ ਰਾਹੁਲ ਦੇ ਪਰਿਵਾਰਕ ਮੈਂਬਰਾਂ ਤੋਂ ਦੁਖ਼ੀ ਹੋ ਕੇ ਹੀ ਉਸ ਨੇ ਮੌਤ ਨੂੰ ਗਲੇ ਲਾਇਆ ਹੈ। ਜਾਂਚ ਅਧਿਕਾਰੀ ਏ. ਐੱਸ. ਆਈ. ਦਲਜਿੰਦਰ ਲਾਲ ਦਾ ਕਹਿਣਾ ਹੈ ਕਿ ਮ੍ਰਿਤਕਾ ਦੇ ਪਰਿਵਾਰਕ ਮੈਂਬਰ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ, ਉਨ੍ਹਾਂ ਦੇ ਆਉਣ ਤੋਂ ਬਾਅਦ ਜੋ ਬਿਆਨ ਪੁਲਸ ਨੂੰ ਦਰਜ ਕਰਵਾਏ ਜਾਣਗੇ ਉਨ੍ਹਾਂ ਦੇ ਆਧਾਰ ’ਤੇ ਪੁਲਸ ਅਗਲੀ ਕਾਰਵਾਈ ਕਰੇਗੀ।