ਮੈਡੀਕਲ ਦੀ ਵਿਦਿਆਰਥਣ ਕਿਵੇਂ ਬਣੀ ਪੰਜਾਬ ਦੀ ਸਭ ਤੋਂ ਚੋਟੀ ਦੀ ਸਿੰਗਰ



ਜਦੋਂ ਇਹ ਸੁਣਨ ਨੂੰ ਮਿਲੇ ਕਿ ਮੈਡੀਕਲ ਦੀ ਵਿਦਿਆਰਥਣ ਗਾਇਕੀ ਨੂੰ ਵੀ ਚੁਣ ਸਕਦੀ ਹੈ ਤਾਂ ਕੁਝ ਅਜੀਬ ਜਿਹਾ ਲੱਗਦਾ ਹੈ ਪਰ ਇਹ ਹੋਇਆ ਹੈ ਪੰਜਾਬੀ ਗਾਇਕਾ ਅਤੇ ਅਦਾਕਾਰਾ ਨਿਮਰਤ ਖਹਿਰਾ ਨਾਲ। ਜਿਸ ਦੇ ਅੱਜ ਅਨੇਕਾਂ ਹੀ ਫਾਲੋਅਰਜ਼ ਹਨ।



ਨਿਮਰਤ ਖਹਿਰਾ ਦਾ ਜਨਮ ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਸ਼ਹਿਰ ਵਿੱਚ 8 ਅਗਸਤ 1992 ਨੂੰ ਹੋਇਆ। ਸ਼ਿਵ ਕੁਮਾਰ ਬਟਾਲਵੀ ਵੀ ਇਸੇ ਸ਼ਹਿਰ ਨਾਲ ਸਬੰਧਿਤ ਸਨ। ਜਿਨ੍ਹਾਂ ਨੂੰ ‘ਪੀੜਾ ਅਤੇ ਬਿਰਹਾ ਦਾ ਕਵੀ’ ਕਿਹਾ ਜਾਂਦਾ ਹੈ।



ਨਿਮਰਤ ਖਹਿਰਾ ਦਾ ਅਸਲ ਨਾਮ ਨਿਮਰਤਪਾਲ ਕੌਰ ਖਹਿਰਾ ਹੈ। ਉਨ੍ਹਾਂ ਨੇ ਆਪਣੀ ਸਕੂਲੀ ਪੜ੍ਹਾਈ ਬਟਾਲਾ ਤੋਂ ਕੀਤੀ ਅਤੇ ਫੇਰ ਜਲੰਧਰ ਦੇ ਐੱਚ ਐੱਮ ਵੀ ਕਾਲਜ ਤੋਂ ਬਾਇਓ ਟੈਕਨਾਲੋਜੀ ਵਿੱਚ ਗ੍ਰੈਜੂਏਸ਼ਨ ਦੀ ਡਿਗਰੀ ਕੀਤੀ। ਨਿਮਰਤ ਖਹਿਰਾ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਕ ਸੀ।



ਜਿਸ ਕਰਕੇ ਉਸ ਨੇ ਇੱਕ ਵਾਰ 7 ਸਾਲ ਦੀ ਉਮਰ ਵਿੱਚ ਮਾਪਿਆਂ ਅੱਗੇ ਗਾਉਣਾ ਸਿੱਖਣ ਦੀ ਇੱਛਾ ਜ਼ਾਹਿਰ ਕੀਤੀ ਸੀ। ਉਸ ਸਮੇਂ ਤਾਂ ਮਾਪਿਆਂ ਨੇ ਇਸ ਪਾਸੇ ਕੋਈ ਖਾਸ ਗੌਰ ਨਹੀਂ ਕੀਤੀ ਪਰ ਫੇਰ ਉਸ ਦੀ ਦਿਲਚਸਪੀ ਨੂੰ ਦੇਖਦੇ ਹੋਏ ਉਸ ਲਈ ਮਿਊਜ਼ਿਕ ਟੀਚਰ ਦਾ ਪ੍ਰਬੰਧ ਕਰ ਦਿੱਤਾ।



ਬਾਰਵੀਂ ਜਮਾਤ ਦੀ ਪੜ੍ਹਾਈ ਕਰਦੇ ਸਮੇਂ ਨਿਮਰਤ ਖਹਿਰਾ ਨੇ ਪਹਿਲੀ ਵਾਰ ਵਾਇਸ ਆਫ ਪੰਜਾਬ ਰਾਇਲਟੀ ਸ਼ੋਅ ਵਿੱਚ ਹਿੱਸਾ ਲਿਆ ਪਰ ਸਫਲਤਾ ਨਹੀਂ ਮਿਲੀ। ਦੂਸਰੀ ਵਾਰ ਕੋਸ਼ਿਸ਼ ਕਰਨ ਤੇ ਵੀ ਸਫਲਤਾ ਨਹੀਂ ਮਿਲੀ ਪਰ ਤੀਸਰੀ ਵਾਰ 2012 ਵਿੱਚ ਫੇਰ ਟਰਾਈ ਕੀਤੀ ਤਾਂ ਕਾਮਯਾਬੀ ਮਿਲ ਗਈ। ਜਿਸ ਨੇ ਨਿਮਰਤ ਖਹਿਰਾ ਨੂੰ ਬੜਾ ਹੌਸਲਾ ਦਿੱਤਾ।



ਉਨ੍ਹਾਂ ਨੇ ਮਿਹਨਤ ਜਾਰੀ ਰੱਖੀ। ਉਨ੍ਹਾਂ ਨੇ 24 ਸਤੰਬਰ 2015 ਨੂੰ ਨਿਸ਼ਾਨ ਭੁੱਲਰ ਨਾਲ ਆਪਣਾ ਪਹਿਲਾ ਦੋਗਾਣਾ ‘ਰੱਬ ਕਰਕੇ’ ਰਿਲੀਜ਼ ਕਰਵਾਇਆ। ਇਸ ਗਾਣੇ ਨੂੰ ਕੁਝ ਹੁੰਗਾਰਾ ਮਿਲਿਆ। ਇਸ ਤੋਂ ਬਾਅਦ 2016 ਵਿੱਚ ਉਨ੍ਹਾਂ ਦੇ 2 ਗਾਣੇ ‘ਇਸ਼ਕ ਕਚਹਿਰੀ’ ਅਤੇ ‘ਐੱਸ ਪੀ’ ਦੇ ਰੈਂਕ ਵਰਗੀ’ ਆਏ। ਇਹ ਦੋਵੇਂ ਗਾਣੇ ਸੁਪਰ ਹਿੱਟ ਹੋਏ।



ਜਿਨ੍ਹਾਂ ਨੇ ਨਿਮਰਤ ਖਹਿਰਾ ਦੀ ਪਛਾਣ ਬਣਾ ਦਿੱਤੀ। 2016 ਵਿੱਚ ਹੀ ਬਠਿੰਡਾ ਵਿਖੇ ਸਰਸ ਮੇਲੇ ਵਿੱਚ ਪੇਸ਼ਕਾਰੀ ਕੀਤੀ। ਹੁਣ ਨਿਮਰਤ ਖਹਿਰਾ ਨੂੰ ਹਰ ਕੋਈ ਪਛਾਣਨ ਲੱਗਾ। 2017 ਵਿੱਚ ਉਨ੍ਹਾਂ ਨੂੰ ਪੰਜਾਬੀ ਫਿਲਮ ‘ਲਾਹੌਰੀਏ’ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ। ਇਸ ਫਿਲਮ ਵਿੱਚ ਉਨ੍ਹਾਂ ਨੂੰ ਅਮਰਿੰਦਰ ਗਿੱਲ ਦੀ ਭੈਣ ਦਾ ਰੋਲ ਮਿਲਿਆ।



5 ਅਕਤੂਬਰ 2018 ਨੂੰ ਨਿਮਰਤ ਖਹਿਰਾ ਦੀ ਤਰਸੇਮ ਜੱਸੜ ਨਾਲ ਫਿਲਮ ‘ਅਫਸਰ’ ਆਈ। ਜਿਸ ਵਿੱਚ ਨਿਮਰਤ ਨੇ ਹਰਮਨ ਦੀ ਭੂਮਿਕਾ ਨਿਭਾਈ ਹੈ। 2020 ਵਿੱਚ ਨਿਮਰਤ ਖਹਿਰਾ ਨੇ ਅੰਬਰਦੀਪ ਸਿੰਘ ਦੀ ਲਿਖੀ ਅਤੇ ਡਾਇਰੈਕਟ ਕੀਤੀ ‘ਜੋੜੀ’ ਫਿਲਮ ਵਿੱਚ ਕੰਮ ਕੀਤਾ।



ਨਿਮਰਤ ਖਹਿਰਾ ਨੂੰ ਅੰਮ੍ਰਿਤ ਮਾਨ ਨਾਲ ਰੇਡੀਓ ਮਿਰਚੀ ਸੰਗੀਤ ਅਵਾਰਡ ਦੇ ਤੀਜੇ ਐਡੀਸ਼ਨ ਦੀ ਮੇਜ਼ਬਾਨੀ ਕਰਨ ਦਾ ਵੀ ਮਾਣ ਹਾਸਲ ਹੈ। ਬ੍ਰਿਟ ਏਸ਼ੀਆ ਅਵਾਰਡ ਵੱਲੋਂ ਨਿਮਰਤ ਖਹਿਰਾ ਨੂੰ ਬੈਸਟ ਫੀਮੇਲ ਗਾਇਕਾ ਵਜੋਂ ਸਨਮਾਨਿਆ ਗਿਆ। ਉਨ੍ਹਾਂ ਦਾ ‘ਸੂਟ’ ਗੀਤ ਯੂ ਕੇ ਏਸ਼ੀਅਨ ਚਾਰਟ ਦੇ ਟਾਪ-20 ਗੀਤਾਂ ਵਿੱਚ ਆ ਚੁੱਕਾ ਹੈ।



ਨਿਮਰਤ ਦੇ ਮਾਰਕੀਟ ਵਿੱਚ ਚੱਲ ਰਹੇ ਗੀਤਾਂ ਦੀ ਸੂਚੀ ਕਾਫੀ ਲੰਬੀ ਹੈ। ਜਿਨ੍ਹਾਂ ਵਿੱਚ ਪ੍ਰਮੁੱਖ ਤੌਰ ਤੇ ਸਲੂਟ ਵੱਜਦੇ, ਰੋਅਬ ਰੱਖਦੀ, ਦੁਬਈ ਵਾਲੇ ਸ਼ੇਖ, ਰਾਣੀ ਹਾਰ, ਡਿਜ਼ਾਈਨਰ, ਉਧਾਰ ਚੱਲਦਾ, ਲਹਿੰਗਾ, ਸਿਰਾ, ਸੰਗਦੀ ਸੰਗਦੀ, ਤਾਂ ਵੀ ਚੰਗਾ ਲੱਗਦਾ, ਝੁਮਕੇ (‘ਸਰਗੀ’ ਫਿਲਮ), ਅੱਖਰ, ਸੁਣ ਸੋਹਣੀਏ, ਖਤ ਅਤੇ ਸੱਚਾ ਝੂਠਾ ਆਦਿ ਦੇ ਨਾਮ ਲਏ ਜਾ ਸਕਦੇ ਹਨ।



ਨਿਮਰਤ ਖਹਿਰਾ ਨੂੰ ਪੰਜਾਬੀ ਅਦਾਕਾਰਾਂ ਵਿੱਚ ਦਲਜੀਤ ਦੁਸਾਂਝ ਪਸੰਦ ਹੈ, ਜਦਕਿ ਬਾਲੀਵੁੱਡ ਅਦਾਕਾਰਾਂ ਵਿੱਚੋਂ ਸ਼ਾਹਰੁਖ ਖਾਨ ਅਤੇ ਦੀਪਿਕਾ ਪਾਦੂਕੋਣ ਪਸੰਦੀਦਾ ਅਦਾਕਾਰ ਹਨ। ਨਿਮਰਤ ਨੂੰ ਰਾਜਸਥਾਨ ਵਿੱਚ ਬਣੇ ਹੋਏ ਮਹਿਲ ਦੇਖਣਾ ਚੰਗਾ ਲੱਗਦਾ ਹੈ। ਨਿਮਰਤ ਖਹਿਰਾ ਦੀ ਇੱਛਾ ਹੈ ਕਿ



ਉਸ ਦਾ ਪਤੀ ਸ਼ਾਂਤ ਸੁਭਾਅ ਦਾ ਮਾਲਕ ਹੋਵੇ ਅਤੇ ਹਰ ਕਿਸੇ ਦੀ ਇੱਜ਼ਤ ਕਰਦਾ ਹੋਵੇ। ਉਮੀਦ ਕੀਤੀ ਜਾਂਦੀ ਹੈ ਕਿ ਆਉਣ ਵਾਲੇ ਸਮੇਂ ਦੌਰਾਨ ਨਿਮਰਤ ਖਹਿਰਾ ਨੂੰ ਗਾਇਕੀ ਅਤੇ ਅਦਾਕਾਰੀ ਦੇ ਖੇਤਰ ਵਿੱਚ ਹੋਰ ਵੀ ਕਾਮਯਾਬੀ ਹਾਸਲ ਹੋਵੇਗੀ।