ਮਾਪੇ ਚਾਹੁੰਦੇ ਸਨ ਸਾਡਾ ਮੁੰਡਾ ਇੰਜੀਨੀਅਰ ਬਣੇ ਪਰ ਸ਼ਰਮਾ ਜੀ ਨੂੰ ਪਸੰਦ ਸੀ ਐਕਟਿੰਗ

ਪੰਜਾਬੀ ਫਿਲਮਾਂ ਵਿੱਚ ‘ਬਿੱਲੂ ਬੱਕਰਾ’ ਵਜੋਂ ਜਾਣੇ ਜਾਂਦੇ ਕਲਾਕਾਰ ਬੀ ਐੱਨ ਸ਼ਰਮਾ ਇੱਕ ਅਜਿਹੀ ਸ਼ਖਸ਼ੀਅਤ ਹਨ, ਜਿਨ੍ਹਾਂ ਤੋਂ ਬਿਨਾਂ ਕੋਈ ਵੀ ਪੰਜਾਬੀ ਫਿਲਮ ਅਧੂਰੀ ਜਾਪਦੀ ਹੈ। ਉਨ੍ਹਾਂ ਦਾ ਗੱਲ ਕਰਨ ਦਾ ਅੰਦਾਜ਼ ਅਤੇ ਉਨ੍ਹਾਂ ਦੁਆਰਾ ਦਿਖਾਏ ਜਾਂਦੇ ਚਿਹਰੇ ਦੇ ਹਾਵ-ਭਾਵ ਦਰਸ਼ਕਾਂ ਨੂੰ ਮੱਲੋਮੱਲੀ ਹਸਾ ਦਿੰਦੇ ਹਨ।

ਭਾਵੇਂ ਦਰਸ਼ਕ ਉਨ੍ਹਾਂ ਨੂੰ ਕਮੇਡੀ ਕਲਾਕਾਰ ਖਿਆਲ ਕਰਦੇ ਹਨ ਪਰ ਉਹ ਹਰ ਕਿਸਮ ਦੇ ਰੋਲ ਨੂੰ ਬਾਖੂਬੀ ਨਿਭਾਉਣ ਦੀ ਸਮਰੱਥਾ ਰੱਖਦੇ ਹਨ। ਅਜਿਹਾ ਅਸੀਂ ਵੱਖ ਵੱਖ ਫਿਲਮਾਂ ਵਿੱਚ ਦੇਖ ਚੁੱਕੇ ਹਾਂ। ਬੀ ਐੱਨ ਸ਼ਰਮਾ ਨੇ ਥੀਏਟਰ ਤੋਂ ਕਲਾਕਾਰੀ ਸ਼ੁਰੂ ਕੀਤੀ।

ਫੇਰ ਛੋਟੇ ਪਰਦੇ ਤੋਂ ਹੁੰਦੇ ਹੋਏ ਉਨ੍ਹਾਂ ਨੇ ਪਾਲੀਵੁੱਡ ਵਿੱਚ ਵੱਡਾ ਮੁਕਾਮ ਹਾਸਲ ਕਰ ਲਿਆ। ਇੱਥੇ ਹੀ ਬਸ ਨਹੀਂ ਉਨ੍ਹਾਂ ਨੂੰ ਬਾਲੀਵੁੱਡ ਦੀਆਂ ਗਦਰ, ਅਬ ਤੁਮਹਾਰੇ ਹਵਾਲੇ ਵਤਨ ਸਾਥੀਓ, ਪ੍ਰਾਸ਼ਚਿਤ ਅਤੇ ਲੇਡੀ ਡਕੈਤ ਆਦਿ ਫਿਲਮਾਂ ਵਿੱਚ ਵੀ ਕੰਮ ਕਰਨ ਦਾ ਮੌਕਾ ਮਿਲਿਆ।

ਪੰਜਾਬੀ ਫਿਲਮਾਂ ਵਿੱਚ ਉਨ੍ਹਾਂ ਨੂੰ ਜਸਵਿੰਦਰ ਭੱਲਾ, ਰਾਣਾ ਰਣਬੀਰ, ਕਰਮਜੀਤ ਅਨਮੋਲ ਅਤੇ ਗੁਰਪ੍ਰੀਤ ਘੁੱਗੀ ਆਦਿ ਕਲਾਕਾਰਾਂ ਨਾਲ ਦੇਖਿਆ ਜਾ ਸਕਦਾ ਹੈ। ਜਸਪਾਲ ਭੱਟੀ ਦੀ ਫਿਲਮ ਵਿੱਚ ‘ ਬਿੱਲੂ ਬੱਕਰਾ’ ਦਾ ਕਿਰਦਾਰ ਉਨ੍ਹਾਂ ਦਾ ਯਾਦਗਾਰੀ ਕਿਰਦਾਰ ਹੋ ਨਿਬੜਿਆ।

ਇਸ ਤਰਾਂ ਹੀ ਜਦੋਂ ਉਹ ਸਪਸ਼ਟ ਕਰਦੇ ਹਨ ਕਿ ਪੂਜਾ ਕੋਈ ਕੁੜੀ ਨਹੀਂ ਹੈ, ਸਗੋਂ ਉਨ੍ਹਾਂ ਨੂੰ ਹੀ ਪੂਜਾ ਕਿਹਾ ਜਾਂਦਾ ਹੈ ਜਾਂ ਉਹ ਕਹਿੰਦੇ ਹਨ ਇਹ ਪਹਿਲਾ ਵਿਆਹ ਹੋਵੇਗਾ, ਜਿਸ ਵਿੱਚ ਸ਼ਗਨ ਨਹੀਂ ਨੀਲ ਪੈਣਗੇ। ਬੀ ਐੱਨ ਸ਼ਰਮਾ ਨੇ 20-22 ਸਾਲ ਚੰਡੀਗੜ੍ਹ ਪੁਲਿਸ ਦੀ ਨੌਕਰੀ ਕੀਤੀ ਅਤੇ ਫਿਰ ਸਮੇਂ ਤੋਂ ਪਹਿਲਾਂ ਹੀ ਆਪਣੀ ਮਰਜੀ ਨਾਲ ਸੇਵਾ ਮੁਕਤੀ ਲੈ ਲਈ।

ਉਹ ਹੁਣ ਤੱਕ 100 ਦੇ ਕਰੀਬ ਫਿਲਮਾਂ ਕਰ ਚੁੱਕੇ ਹਨ। ਜਿਨ੍ਹਾਂ ਵਿੱਚੋਂ ਲਗਭਗ 40 ਫਿਲਮਾਂ ਤਾਂ ਪੁਲਿਸ ਸਰਵਿਸ ਦੌਰਾਨ ਹੀ ਕੀਤੀਆਂ। ਇਸ ਕਲਾ ਦੇ ਸ਼ੌਕ ਨੇ ਇੱਕ ਦੋ ਵਾਰ ਉਨ੍ਹਾਂ ਨੂੰ ਸਸਪੈੰਡ ਵੀ ਕਰਵਾਇਆ, ਕਿਉਂਕਿ ਉਹ ਮੈਡੀਕਲ ਛੁੱਟੀ ਲੈ ਕੇ ਫਿਲਮ ਦੀ ਸ਼ੂਟਿੰਗ ਕਰ ਰਹੇ ਸਨ।

ਅਖਬਾਰਾਂ ਵਿੱਚ ਸ਼ੂਟਿੰਗ ਦੀ ਖਬਰ ਨੇ ਉਨ੍ਹਾਂ ਦਾ ਝੂਠ ਬੇਨਕਾਬ ਕਰ ਦਿੱਤਾ ਅਤੇ ਵਿਭਾਗ ਨੇ ਉਨ੍ਹਾਂ ਨੂੰ ਸਸਪੈੰਡ ਕਰ ਦਿੱਤਾ। ਬੀ ਐੱਨ ਸ਼ਰਮਾ ਨੂੰ ਬਚਪਨ ਤੋਂ ਹੀ ਕਲਾ ਦਾ ਸ਼ੌਕ ਸੀ, ਜਦਕਿ ਉਨ੍ਹਾਂ ਦੇ ਪਿਤਾ ਉਨ੍ਹਾਂ ਨੂੰ ਇੰਜੀਨੀਅਰ ਬਣਿਆ ਹੋਇਆ ਦੇਖਣਾ ਚਾਹੁੰਦੇ ਸਨ।

ਜਦੋਂ ਉਹ ਚੌਥੀ ਜਮਾਤ ਵਿੱਚ ਪੜ੍ਹਦੇ ਸਨ ਤਾਂ ਉਨ੍ਹਾਂ ਨੂੰ ਲਵ ਕੁਸ਼ ਨਾਟਕ ਵਿੱਚ ਕੰਮ ਕਰਨ ਤੇ ਪਹਿਲੀ ਵਾਰ ਇੱਕ ਪਿੱਤਲ ਦਾ ਗਲਾਸ ਇਨਾਮ ਵਜੋਂ ਮਿਲਿਆ। ਇਸ ਇਨਾਮ ਕਾਰਨ ਉਨ੍ਹਾਂ ਦੇ ਮਨ ਵਿੱਚ ਕਲਾ ਪ੍ਰਤੀ ਹੋਰ ਵੀ ਖਿੱਚ ਪੈਦਾ ਹੋ ਗਈ। ਜਦੋਂ ਉਹ ਦਿੱਲੀ ਵਿਖੇ ਅੱਠਵੀਂ ਕਲਾਸ ਵਿੱਚ ਪੜ੍ਹਦੇ ਸਨ ਤਾਂ ਇੱਕ ਮੁਕਾਬਲੇ ਵਿੱਚ ਉਨ੍ਹਾਂ ਨੇ ਗੋਲਡ ਮੈਡਲ ਹਾਸਲ ਕੀਤਾ।

ਇਸ ਤਰਾਂ ਸਕੂਲ ਦੀ ਪੜ੍ਹਾਈ ਪੂਰੀ ਕਰਕੇ ਉਹ ਬੀ ਐੱਸ ਸੀ ਕਰਨ ਲਈ ਦਿਆਲ ਸਿੰਘ ਕਾਲਜ ਵਿੱਚ ਪੜ੍ਹਨ ਲੱਗੇ ਪਰ ਪਿਤਾ ਦੁਆਰਾ ਘੂਰ ਘੱਪ ਕੀਤੇ ਜਾਣ ਕਾਰਨ ਦਿੱਲੀ ਤੋਂ ਘਰੋਂ ਭੱਜ ਕੇ ਉਹ ਆਪਣੇ ਨਾਨਕੇ ਚੰਡੀਗੜ੍ਹ ਆ ਗਏ। ਇੱਥੇ ਉਨ੍ਹਾਂ ਨੂੰ ਪੁਲਿਸ ਦੀ ਨੌਕਰੀ ਮਿਲ ਗਈ।

ਸੀ ਆਈ ਡੀ ਵਿੱਚ ਨੌਕਰੀ ਕਰਨ ਦੇ ਨਾਲ ਨਾਲ ਉਹ ਈਵਨਿੰਗ ਕਲਾਸਾਂ ਵਿੱਚ ਮਿਊਜ਼ਿਕ ਸਿੱਖਣ ਲੱਗੇ। ਉਨ੍ਹਾਂ ਦੇ 4 ਬੱਚੇ ਹਨ। ਜਿਨ੍ਹਾਂ ਵਿੱਚ ਵੱਡੀ ਲੜਕੀ ਹੈ ਅਤੇ ਤਿੰਨੇ ਜੁੜਵਾ ਪੁੱਤਰ ਹਨ। ਉਨ੍ਹਾਂ ਨੂੰ ਆਪਣੀ ਪਤਨੀ ਵੱਲੋਂ ਪੂਰਾ ਸਹਿਯੋਗ ਮਿਲਣ ਕਾਰਨ ਉਨ੍ਹਾਂ ਨੇ ਕਲਾ ਨੂੰ ਪੂਰਾ ਸਮਾਂ ਦਿੱਤਾ। ਉਨ੍ਹਾਂ ਨੇ ਹਰ ਪ੍ਰਕਾਰ ਦੇ ਰੋਲ ਕੀਤੇ ਹਨ। ਜਿਨ੍ਹਾਂ ਵਿੱਚ ਖਲਨਾਇਕ, ਹਾਸਰਸ ਅਤੇ ਸੰਜੀਦਾ ਰੋਲ ਸ਼ਾਮਲ ਹਨ।