ਇੱਥੇ ਨਾਮਾਤਰ ਹੀ ਇਨਸਾਨ ਅਜਿਹੇ ਹਨ, ਜੋ ਆਪਣੀ ਜ਼ਿੰਦਗੀ ਤੋਂ ਸੰਤੁਸ਼ਟ ਹਨ। ਹਰ ਕਿਸੇ ਨੂੰ ਕੋਈ ਨਾ ਕੋਈ ਸ਼ਿਕਵਾ ਹੈ। ਆਦਮੀ ਦੀਆਂ ਇੱਛਾਵਾਂ ਅਸੀਮਤ ਹਨ। ਜਦੋਂ ਇਹ ਪੂਰੀਆਂ ਨਹੀਂ ਹੁੰਦੀਆਂ ਤਾਂ ਉਹ ਪ੍ਰਮਾਤਮਾ ਨਾਲ ਸ਼ਿਕਵਾ ਕਰਦਾ ਹੈ। ਦੂਜੇ ਪਾਸੇ ਕਈ ਅਜਿਹੇ ਆਦਮੀ ਵੀ ਹਨ ਜੋ ਸਦਾ ਖੁਸ਼ ਰਹਿੰਦੇ ਹਨ।
ਅਜਿਹੇ ਹੀ ਇੱਕ ਇਨਸਾਨ ਹਨ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵਾਂ ਪਿੰਡ ਦੇ ਰਹਿਣ ਵਾਲੇ ਬਲਜੀਤ ਸਿੰਘ ਮਾਨ। ਉਨ੍ਹਾਂ ਦਵ ਕੋਈ ਬੱਚਾ ਨਹੀਂ ਹੈ। ਪਤਨੀ ਵੀ ਕਈ ਸਾਲ ਪਹਿਲਾਂ ਅੱਖਾਂ ਮੀਟ ਚੁੱਕੀ ਹੈ। ਬਲਜੀਤ ਸਿੰਘ ਨੇ ਆਪਣੀ 20 ਕਿੱਲੇ ਜ਼ਮੀਨ ਆਪਣੇ ਇੱਕ ਮਜ਼ਦੂਰ ਨੂੰ ਅਤੇ 10 ਕਿੱਲੇ ਜ਼ਮੀਨ ਦੂਜੇ ਮਜ਼ਦੂਰ ਦੇ ਨਾਮ ਕਰਵਾ ਦਿੱਤੀ ਹੈ।
ਖੇਤਾਂ ਵਿੱਚ ਬਣਾਈ ਹੋਈ 50 ਲੱਖ ਰੁਪਏ ਦੀ ਕੀਮਤ ਦੀ ਕੋਠੀ ਵੀ ਮਜ਼ਦੂਰ ਦੇ ਨਾਮ ਕਰਵਾ ਕੇ ਆਪ ਛੋਟੇ ਮਕਾਨ ਵਿੱਚ ਰਿਹਾਇਸ਼ ਕਰ ਲਈ। ਇੱਥੇ ਹੀ ਬਸ ਨਹੀਂ ਬਲਜੀਤ ਸਿੰਘ ਦੀ ਬਠਿੰਡਾ ਸ਼ਹਿਰ ਵਿੱਚ 15-20 ਕਰੋੜ ਰੁਪਏ ਦੀ ਜਾਇਦਾਦ ਹੈ। ਜਿਸ ਵਿੱਚ ਪੈਟਰੋਲ ਪੰਪ ਲੱਗਾ ਹੋਇਆ ਹੈ।
ਉਨ੍ਹਾਂ ਦੀ ਇੱਛਾ ਹੈ ਕਿ ਇਹ ਜਾਇਦਾਦ ਵੀ ਉਨ੍ਹਾਂ ਦੇ ਅੱਖਾਂ ਮੀਟ ਲੈਣ ਉਪਰੰਤ ਕਿਸੇ ਸੰਸਥਾ ਨੂੰ ਦਾਨ ਕਰ ਦਿੱਤੀ ਜਾਵੇ। ਇਸ ਪੰਪ ਨੂੰ ਬਲਜੀਤ ਸਿੰਘ ਪਹਿਲਾਂ ਖੁਦ ਚਲਾਉਂਦੇ ਸਨ ਪਰ ਕੁਝ ਸਮੇਂ ਤੋਂ ਉਨ੍ਹਾਂ ਨੇ ਇਹ ਪੰਪ ਵਾਲੀ ਜ਼ਮੀਨ 61 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇ ਹਿਸਾਬ 20 ਸਾਲਾਂ ਲਈ ਕੰਪਨੀ ਨੂੰ ਠੇਕੇ ਤੇ ਦਿੱਤੀ ਹੋਈ ਹੈ।
ਬਲਜੀਤ ਸਿੰਘ ਮਾਨ ਦਾ ਜਨਮ 24 ਅਗਸਤ 1936 ਨੂੰ ਪਿੰਡ ਵਾਂ ਵਿੱਚ ਹੀ ਹੋਇਆ। ਉਹ 5 ਭਰਾਵਾਂ ਵਿੱਚ ਸਭ ਤੋਂ ਵੱਡੇ ਹਨ। ਉਨ੍ਹਾਂ ਦੀ ਇੱਕ ਭੈਣ ਹੈ। ਉਹ ਵੀ ਉਨ੍ਹਾ ਤੋਂ ਛੋਟੀ ਹੈ। ਇਹ ਸਾਰੇ ਭੈਣ ਭਰਾ ਚੰਗੇ ਪੜ੍ਹੇ ਲਿਖੇ ਹਨ। ਬਲਜੀਤ ਸਿੰਘ ਦੇ ਦਾਦਾ ਅਮਰ ਸਿੰਘ ਮਾਨ ਕੋਲ 300 ਕਿੱਲੇ ਜ਼ਮੀਨ ਸੀ।
ਉਨ੍ਹਾਂ ਦੇ 3 ਪੁੱਤਰ ਸਨ। ਜਿਨ੍ਹਾਂ ਵਿੱਚੋਂ 2 ਤਾਂ ਬਚਪਨ ਵਿੱਚ ਹੀ ਅੱਖਾਂ ਮੀਟ ਗਏ। ਬਲਜੀਤ ਸਿੰਘ ਦਾ ਵਿਆਹ 1957 ਵਿੱਚ ਹੋਇਆ ਪਰ ਉਨ੍ਹਾਂ ਦੇ ਘਰ ਕੋਈ ਬੱਚਾ ਨਹੀਂ ਹੋਇਆ। ਜਿਸ ਕਰਕੇ ਉਨ੍ਹਾਂ ਦੀ ਪਤਨੀ ਨੇ ਉਨ੍ਹਾਂ ਨੂੰ ਦੂਜਾ ਵਿਆਹ ਕਰਵਾਉਣ ਦੀ ਸਲਾਹ ਦਿੱਤੀ।
ਪਤਨੀ ਨੇ ਆਪਣੀ ਰਿਸ਼ਤੇਦਾਰੀ ਵਿੱਚੋਂ ਇੱਕ ਲੜਕੀ ਵੀ ਦਿਖਾਈ ਪਰ ਬਲਜੀਤ ਸਿੰਘ ਨਹੀਂ ਮੰਨੇ ਕਿਉਂਕਿ ਉਹ ਆਪਣੀ ਪਤਨੀ ਨੂੰ ਬਹੁਤ ਪਿਆਰ ਕਰਦੇ ਸਨ। ਉਨ੍ਹਾਂ ਨੂੰ ਜਾਪਦਾ ਸੀ ਕਿ ਉਨ੍ਹਾਂ ਦੇ ਦੂਜਾ ਵਿਆਹ ਕਰਵਾ ਲੈਣ ਨਾਲ ਉਨ੍ਹਾਂ ਦਾ ਆਪਣੀ ਪਤਨੀ ਨਾਲੋਂ ਪਿਆਰ ਵੰਡਿਆ ਜਾਵੇਗਾ।
ਬਲਜੀਤ ਸਿੰਘ ਆਪਣੇ ਪੰਪ ਤੇ ਆਪਣੇ ਹੱਥੀਂ ਤੇਲ ਪਾਉਂਦੇ ਰਹੇ ਹਨ। ਉਹ ਖੁਦ ਗੱਡੀਆਂ ਵਿੱਚ ਹਵਾ ਭਰਦੇ ਸਨ। ਉਨ੍ਹਾਂ ਦੇ ਕੰਮ ਵਿੱਚ ਇੰਨੀ ਇਮਾਨਦਾਰੀ ਸੀ ਕਿ ਇੱਕ ਵਾਰ ਜਦੋਂ ਤੇਲ ਕੰਪਨੀ ਨੇ ਪੂਰੇ ਸੂਬੇ ਵਿੱਚੋਂ ਟਾਪ 10 ਨਾਮ ਚੁਣੇ ਤਾਂ ਬਲਜੀਤ ਸਿੰਘ ਦਾ ਨਾਮ ਪਹਿਲੇ ਨੰਬਰ ਉੱਤੇ ਸੀ।
ਅੱਜ ਬਲਜੀਤ ਸਿੰਘ ਆਪਣੇ ਮਜਦੂਰਾਂ ਦੇ ਪਰਿਵਾਰ ਨੂੰ ਹੀ ਆਪਣਾ ਪਰਿਵਾਰ ਸਮਝਦੇ ਹਨ। ਉਹ ਆਪਣੀ ਜ਼ਿੰਦਗੀ ਤੋਂ ਪੂਰਨ ਤੌਰ ਤੇ ਸੰਤੁਸ਼ਟ ਹਨ। ਭਾਵੇਂ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਪਤਨੀ 2011 ਵਿੱਚ ਉਨ੍ਹਾਂ ਨੂੰ ਸਦੀਵੀ ਵਿਛੋੜਾ ਦੇ ਗਈ ਸੀ ਪਰ ਅਜੇ ਵੀ ਉਹ ਆਪਣੀ ਪਤਨੀ ਨੂੰ ਯਾਦ ਕਰਦੇ ਹਨ।
86 ਸਾਲ ਦੀ ਉਮਰ ਬੀਤ ਜਾਣ ਉਪਰੰਤ ਵੀ ਬਲਜੀਤ ਸਿੰਘ ਦੀ ਯਾਦਾਸ਼ਤ ਠੀਕ ਠਾਕ ਹੈ। ਉਹ ਤੰਦਰੁਸਤ ਹਨ, ਖੁਦ ਵਧੀਆ ਦਸਤਾਰ ਸਜਾਉੰਦੇ ਹਨ ਅਤੇ ਦਾੜ੍ਹੀ ਬੰਨ੍ਹਦੇ ਹਨ।