ਪੰਜਾਬੀ ਫਿਲਮ ਇੰਡਸਟਰੀ ਵਿੱਚ ਨੀਰੂ ਬਾਜਵਾ ਉਹ ਸ਼ਖਸ਼ੀਅਤ ਹੈ, ਜੋ ਬਾਲੀਵੁੱਡ ਦੀ ਚਕਾਚੌੰਧ ਤੋਂ ਪ੍ਰਭਾਵਿਤ ਹੋ ਕੇ ਆਪਣੀ ਪੜ੍ਹਾਈ ਵਿਚਾਲੇ ਛੱਡ ਕੇ ਮੁੰਬਈ ਆ ਗਈ ਅਤੇ ਆਪਣੇ ਕਰੀਅਰ ਲਈ ਸੰਘਰਸ਼ ਸ਼ੁਰੂ ਕਰ ਦਿੱਤਾ।
ਉਨ੍ਹਾਂ ਨੂੰ ਸਭ ਤੋਂ ਪਹਿਲਾਂ ਦੇਵ ਅਨੰਦ ਦੀ ਫਿਲਮ ‘ਮੈੰ ਸੋਲ੍ਹਾ ਬਰਸ ਕੀ’ ਵਿੱਚ ਕੰਮ ਮਿਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਛੋਟੇ ਪਰਦੇ ਦਾ ਰੁਖ ਕੀਤਾ। ਅੱਜ ਪੰਜਾਬੀ ਫਿਲਮਾਂ ਵਿੱਚ ਨੀਰੂ ਬਾਜਵਾ ਨੇ ਇੱਕ ਅਹਿਮ ਸਥਾਨ ਹਾਸਲ ਕਰ ਲਿਆ ਹੈ।
ਇੱਥੋਂ ਤਕ ਕਿ ਅਦਾਕਾਰਾ ਦੇ ਨਾਲ ਨਾਲ ਉਨ੍ਹਾਂ ਨੂੰ ਨਿਰਦੇਸ਼ਕ ਵਜੋਂ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਦੀ ਕੰਪਨੀ ਦਾ ਨਾਮ ‘ਨੀਰੂ ਬਾਜਵਾ ਇੰਟਰਟੇਨਮੈਂਟ’ ਹੈ ਪਰ ਇਸ ਮੁਕਾਮ ਤੇ ਪਹੁੰਚਣ ਲਈ ਉਨ੍ਹਾਂ ਨੂੰ ਲੰਬਾ ਸੰਘਰਸ਼ ਕਰਨਾ ਪਿਆ।
ਨੀਰੂ ਬਾਜਵਾ ਦਾ ਪੂਰਾ ਨਾਮ ਨੀਰੂਜੀਤ ਕੌਰ ਬਾਜਵਾ ਹੈ। ਉਨ੍ਹਾਂ ਦਾ ਜਨਮ 26 ਅਗਸਤ 1980 ਨੂੰ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਵੈਨਕੂਵਰ ਵਿੱਚ ਹੋਇਆ। ਛੋਟੇ ਪਰਦੇ ਤੇ ਉਨ੍ਹਾਂ ਨੇ ਸੋਪ ਓਪੇਰਾ ਵਿੱਚ ‘ਹਰੀ ਮਿਰਚੀ ਲਾਲ ਮਿਰਚੀ’ ਵਿੱਚ ਕੰਮ ਕੀਤਾ।
ਇਹ ਸੀਰੀਅਲ ਡੀ ਡੀ-1 ਤੇ ਦਿਖਾਇਆ ਗਿਆ। ਇਸ ਤਰਾਂ ਹੀ ਅਸਤਿਤਵ, ਏਕ ਪ੍ਰੇਮ ਕਹਾਨੀ, ‘ਜੀਨ’ ਅਤੇ ‘ਸੀ ਆਈ ਡੀ’ ਰਾਹੀਂ ਉਹ ਦਰਸ਼ਕਾਂ ਦੇ ਰੂਬਰੂ ਹੋਏ।
2015 ਵਿੱਚ ਨੀਰੂ ਬਾਜਵਾ ਅਤੇ ਹੈਰੀ ਜਵੰਧਾ ਵਿਅਹ ਦੇ ਬੰਧਨ ਵਿੱਚ ਬੱਝ ਗਏ। ਅਗਸਤ 2015 ਵਿੱਚ ਇਨ੍ਹਾਂ ਦੇ ਘਰ ਇੱਕ ਬੱਚੇ ਨੇ ਜਨਮ ਲਿਆ। ਫੇਰ ਜਨਵਰੀ 2020 ਵਿੱਚ ਇਨ੍ਹਾਂ ਦੇ ਘਰ ਜੁੜਵਾ 2 ਧੀਆਂ ਪੈਦਾ ਹੋਈਆਂ।
ਹੈਰੀ ਜਵੰਧਾ ਨਾਲ ਦੋਸਤੀ ਦੌਰਾਨ ਉਹ ਇਟਲੀ ਵਿੱਚ ਰੋਮ ਵਿਖੇ ਘੁੰਮਣ ਗਏ। ਨੀਰੂ ਬਾਜਵਾ ਨੇ 2017 ਵਿੱਚ ਪੰਜਾਬੀ ਫਿਲਮ ‘ਸਰਘੀ’ ਨਿਰਦੇਸ਼ਿਤ ਕੀਤੀ, ਜਦਕਿ ਉਨ੍ਹਾਂ ਦੁਆਰਾ ਇੱਕ ਅਦਾਕਾਰਾ ਵਜੋਂ ਕੀਤੀਆਂ ਗਈਆਂ ਪੰਜਾਬੀ ਫਿਲਮਾਂ ਦੀ ਸੂਚੀ ਲੰਬੀ ਹੈ।
ਇਨ੍ਹਾਂ ਫਿਲਮਾਂ ਵਿੱਚ ਸਾਡੀ ਲਵ ਸਟੋਰੀ, ਜੱਟ ਅਤੇ ਜੂਲੀਅਟ-2, ਨੌਟੀ ਜੱਟਸ, ਅਸਾਂ ਨੂੰ ਮਾਣ ਵਤਨਾਂ ਦਾ, ਦਿਲ ਅਪਣਾ ਪੰਜਾਬੀ, ਮੁੰਡੇ ਯੂ ਕੇ ਦੇ, ਹੀਰ ਰਾਂਝਾ, ਮੇਲ ਕਰਾ ਦੇ ਰੱਬਾ, ਜਿਨ੍ਹੇ ਮੇਰਾ ਦਿਲ ਲੁੱਟਿਆ,
ਪਿੰਕੀ ਮੋਗੇ ਵਾਲੀ, ਸਰਦਾਰ ਜੀ, ਲੌੰਗ ਲਾਚੀ, ਆਟੇ ਦੀ ਚਿੜੀ ਅਤੇ ਛੜਾ ਦੇ ਨਾਮ ਪ੍ਰਮੁੱਖ ਤੌਰ ਤੇ ਲਏ ਜਾ ਸਕਦੇ ਹਨ। ਨੀਰੂ ਬਾਜਵਾ ਨੇ ਅੰਗਰੇਜ਼ੀ ਫਿਲਮ ‘ਬੌੰਡ’ ਵਿੱਚ ਵੀ ਕੰਮ ਕੀਤਾ।