ਸੋਨੂੰ ਨਿਗਮ ਨੂੰ ਭਿਖਾਰੀ ਸਮਝਕੇ ਮੁੰਡਾ ਦੇ ਗਿਆ 10 ਰੁਪਏ!



ਸਟੇਜ ਤੇ ਗਾਉਣ ਅਤੇ ਸੜਕ ਕਿਨਾਰੇ ਬੈਠ ਕੇ ਗਾਉਣ ਵਿੱਚ ਬੜਾ ਅੰਤਰ ਹੈ। ਆਮ ਜਨਤਾ ਵਿੱਚ ਵਿਚਰ ਕੇ ਹੀ ਕੋਈ ਗਾਇਕ ਜਾਣ ਸਕਦਾ ਹੈ ਕਿ ਸਰੋਤੇ ਉਨ੍ਹਾਂ ਦੀ ਗਾਇਕੀ ਨੂੰ ਕਿਸ ਹੱਦ ਤੱਕ ਪਿਆਰ ਕਰਦੇ ਹਨ। ਇਸ ਦਾ ਅਹਿਸਾਸ ਬਾਲੀਵੁੱਡ ਗਾਇਕ ਸੋਨੂੰ ਨਿਗਮ ਨੂੰ ਉਸ ਸਮੇਂ ਹੋਇਆ, ਜਦੋਂ ਉਹ ਭੇਸ ਬਦਲ ਕੇ ਹਰਮੋਨੀਅਮ ਲੈ ਕੇ ਸੜਕ ਕਿਨਾਰੇ ਬੈਠ ਕੇ ਗਾਣਾ ‘ਡੋਰ ਸੇ ਟੂਟੀ ਪਤੰਗ ਜੈਸੀ’ ਗਾਉਣ ਲੱਗੇ। ਉਨ੍ਹਾਂ ਨੂੰ ਗਾਉਂਦੇ ਦੇਖ ਕਈ ਰਾਹਗੀਰ ਰੁਕ ਗਏ। ਹਰ ਕੋਈ ਉਨ੍ਹਾਂ ਦ‍ਾ ਗਾਣਾ ਸੁਣ ਕੇ ਪ੍ਰਭਾਵਿਤ ਹੋਇਆ। ਇਹ ਕੋਈ ਨਹੀਂ ਸੀ ਜਾਣਦਾ ਕਿ ਗਾ ਰਿਹਾ ਵਿਅਕਤੀ ਹਕੀਕਤ ਵਿੱਚ ਸੋਨੂੰ ਨਿਗਮ ਹੀ ਹੈ। ਇੱਕ ਨੌਜਵਾਨ ਉਨ੍ਹਾ ਨੂੰ ਪੁੱਛਣ ਲੱਗਾ, ਅੰਕਲ ਕੀ ਤੁਸੀਂ ਨਾਸ਼ਤਾ ਕੀਤਾ ਹੈ।



ਇਸ ਨੌਜਵਾਨ ਨੇ 12 ਰੁਪਏ ਇਸ ਗਾ ਰਹੇ ਵਿਅਕਤੀ ਦੇ ਹੱਥ ਵਿੱਚ ਫੜਾ ਦਿੱਤੇ। ਸੋਨੂੰ ਨਿਗਮ ਇਸ ਘਟਨਾ ਤੋਂ ਬਹੁਤ ਭਾਵੁਕ ਹੋਏ। ਉਨ੍ਹਾਂ ਨੇ ਫੈਸਲਾ ਕਰ ਲਿਆ ਕਿ ਉਹ ਇਨ੍ਹਾਂ 12 ਰੁਪਈਆਂ ਨੂੰ ਖਰਚ ਨਹੀਂ ਕਰਨਗੇ ਸਗੋਂ ਸੰਭਾਲ ਕੇ ਰੱਖਣਗੇ। ਅੱਜ ਸੋਨੂੰ ਨਿਗਮ ਭਾਰਤੀ ਸੰਗੀਤ ਵਿੱਚ ਮਹੱਤਵਪੂਰਣ ਸਥਾਨ ਰੱਖਦੇ ਹਨ। ਉਨ੍ਹਾਂ ਦਾ ਜਨਮ 30 ਜੁਲਾਈ 1973 ਨੂੰ ਹਰਿਆਣਾ ਦੇ ਫਰੀਦਾਬਾਦ ਵਿੱਚ ਹੋਇਆ। ਅਜੇ ਉਨ੍ਹਾਂ ਦੀ ਸਿਰਫ 4 ਸਾਲ ਦੀ ਉਮਰ ਸੀ, ਜਦੋਂ ਉਨ੍ਹਾਂ ਨੇ ਗਾਉਣਾ ਸ਼ੁਰੂ ਕਰ ਦਿੱਤਾ। ਜਦੋਂ ਪਹਿਲੀ ਵਾਰ ਉਨ੍ਹਾਂ ਨੇ ਆਪਣੇ ਪਿਤਾ ਨਾਲ ਸਟੇਜ ਤੇ ਮੁਹੰਮਦ ਰਫ਼ੀ ਦਾ ਗਾਣਾ ‘ਕਿਆ ਹੂਆ ਤੇਰਾ ਵਾਅਦਾ’ ਗਾਇਆ ਤਾਂ ਸਰੋਤਿਆਂ ਨੇ ਇਸ ਨੂੰ ਬਹੁਤ ਪਸੰਦ ਕੀਤਾ।



ਜਿਸ ਕਰਕੇ ਉਨ੍ਹਾਂ ਦੇ ਪਿਤਾ ਉਨ੍ਹਾਂ ਨੂੰ ਪ੍ਰੋਗਰਾਮਾਂ ਤੇ ਨਾਲ ਲਿਜਾਣ ਲੱਗ ਪਏ। ਜਦੋਂ ਸੋਨੂ ਨਿਗਮ 19 ਸਾਲ ਦੇ ਹੋਏ ਤਾਂ ਉਹ ਆਪਣੇ ਪਿਤਾ ਨਾਲ ਮੁੰਬਈ ਆ ਗਏ। ਉਨ੍ਹਾਂ ਨੇ ਸ਼ਾਸ਼ਤਰੀ ਗਾਇਕ ਉਸਤਾਦ ਗੁਲਾਮ ਮੁਸਤਫ਼ਾ ਤੋਂ ਸੰਗੀਤ ਦੀ ਸਿੱਖਿਆ ਹਾਸਲ ਕੀਤੀ। ਭਾਵੇਂ ਸੋਨੂ ਨਿਗਮ ਨੇ ਪਹਿਲਾ ਗਾਣਾ ‘ਜਨਮ’ ਫਿਲਮ ਲਈ ਗਾਇਆ ਸੀ ਪਰ ਇਹ ਗਾਣਾ ਰਿਲੀਜ਼ ਨਹੀਂ ਹੋ ਸਕਿਆ। ਫੇਰ ਉਨ੍ਹਾਂ ਨੇ ਟੀਵੀ ਸੀਰੀਅਲ ‘ਤਲਾਸ਼’ ਲਈ ਗਾਣਾ ਗਾਇਆ। ਉਨ੍ਹਾਂ ਦਾ ਪਹਿਲਾ ਫਿਲਮੀ ਗਾਣਾ ‘ਓ ਆਸਮਾਨ ਵਾਲੇ’ ਮੰਨਿਆ ਜਾਂਦਾ ਹੈ। ਜੋ 1993 ਵਿੱਚ ਬਾਲੀਵੁੱਡ ਫਿਲਮ ‘ਆ ਜਾ ਮੇਰੀ ਜਾਨ’ ਵਿੱਚ ਸੁਣਨ ਨੂੰ ਮਿਲਿਆ। ਸੰਨੀ ਦਿਓਲ ਦੀ ਫਿਲਮ ‘ਬਾਰਡਰ’ ਵਿੱਚ ਸੁਣਾਈ ਦੇਣ ਵਾਲਾ ਗਾਣਾ ‘ਸੰਦੇਸੇ ਆਤੇ ਹੈੰ’ ਵੀ ਸੋਨੂ ਨਿਗਮ ਦੁਆਰਾ ਗਾਇਆ ਹੋਇਆ ਹੈ। 1999 ਵਿੱਚ ਆਈ ਉਨ੍ਹਾਂ ਦੀ ਐਲਬਮ ‘ਦੀਵਾਨਾ’ ਬਹੁਤ ਪਸੰਦ ਕੀਤੀ ਗਈ।