ਚਾਵਾਂ ਨਾਲ ਵਿਆਹੀ ਧੀ ਦੀ ਖ਼ੂਨ ਨਾਲ ਭਿੱਜੀ ਲਾਸ਼ ਦੇਖ ਮਾਪਿਆਂ ਦਾ ਨਿਕਲਿਆ ਤ੍ਰਾਹ

Tags

ਝਗੜੇ ਨੂੰ ਲੈ ਕੇ ਸਹੁਰਿਆਂ ਵੱਲੋਂ ਸ਼ੱਕੀ ਹਾਲਾਤ 'ਚ ਨੂੰਹ ਦਾ ਗਲ਼ਾ ਘੁੱਟ ਕੇ ਕਤਲ ਕਰਨ ਦੀ ਘਟਨਾ ਸਾਹਮਣੇ ਆਈ ਹੈ। ਉਕਤ ਘਟਨਾ ਬਰੋਟਾ ਰੋਡ ਸ਼ਿਮਲਾਪੁਰੀ ਵਿਖੇ ਵਾਪਰੀ। ਮ੍ਰਿਤਕ ਆਸ਼ਾ ਦੀ ਖ਼ੂਨ ਨਾਲ ਲੱਥ-ਪੱਥ ਲਾਸ਼ ਬੈੱਡ 'ਤੇ ਮਿਲੀ। ਇਲਾਕਾ ਵਾਸੀਆਂ ਨੇ ਪੁਲਸ ਅਤੇ ਵਿਆਹੁਤਾ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਅਤੇ ਉਹ ਮੌਕੇ 'ਤੇ ਪਹੁੰਚੇ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਮ੍ਰਿਤਕ ਆਸ਼ਾ ਦੇ ਪਿਤਾ ਚੰਦੂ ਭਗਤ ਨੇ ਦੱਸਿਆ ਕਿ ਉਨ੍ਹਾਂ ਦੀ ਕੁੜੀ ਦਾ ਵਿਆਹ ਫਰਵਰੀ 2021 ਨੂੰ ਮਨੀਸ਼ ਪੁੱਤਰ ਬ੍ਰਿਜਪਾਲ ਵਾਸੀ ਬਰੋਟਾ ਰੋਡ ਸ਼ਿਮਲਾਪੁਰੀ ਵਿਖੇ ਹੋਇਆ ਸੀ। ਵਿਆਹ ਤੋਂ ਕੁਝ ਦਿਨ ਬਾਅਦ ਹੀ ਕੁੜੀ ਦੇ ਸਹੁਰਾ ਉਸ ਨੂੰ ਪਰੇਸ਼ਾਨ ਕਰਨ ਲੱਗ ਪਿਆ, ਜਿਸ ਕਾਰਨ ਮੇਰੀ ਕੁੜੀ ਡਿਪ੍ਰੈਸ਼ਨ 'ਚ ਰਹਿਣ ਲੱਗੀ ਅਤੇ ਅੱਜ ਉਸ ਦੀ ਮੌਤ ਦੀ ਖ਼ਬਰ ਸੁਣ ਕੇ ਸਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।

ਉਨ੍ਹਾਂ ਪੁਲਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕਰਦਿਆਂ ਕਿਹਾ ਕਿ ਉਪਰੋਕਤ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਥਾਣਾ ਸ਼ਿਮਲਾਪੁਰੀ ਦੇ ਇੰਸਪੈਕਟਰ ਪ੍ਰਮੋਦ ਕੁਮਾਰ ਨੇ ਦੱਸਿਆ ਕਿ ਕੁੜੀ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਮਾਮਲਾ ਦਰਜ ਕਰਕੇ ਦੋਵਾਂ ਮੁਲਜ਼ਮਾਂ ਮਨੀਸ਼ ਅਤੇ ਉਸ ਦੇ ਪਿਤਾ ਬ੍ਰਿਜਪਾਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਬਾਕੀ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ। ਰਿਸ਼ਤੇਦਾਰਾਂ ਨੇ ਸ਼ਿਮਲਾਪੁਰੀ ਥਾਣੇ ਦੇ ਬਾਹਰ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਦੀ ਕੁੜੀ ਦਾ ਦੇਰ ਰਾਤ ਤੋਂ ਕਤਲ ਕਰ ਦਿੱਤਾ ਗਿਆ ਸੀ, ਜਿਸ ਕਾਰਨ ਉਨ੍ਹਾਂ ਨੂੰ ਸਵੇਰੇ ਉਸ ਦੀ ਖ਼ਬਰ ਮਿਲੀ।